ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਰਵਾਰਕ ਪਾਰਟੀ ਬਣਾ ਦਿਤੈ : ਮਨਜੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਕਸਾਲੀ ਅਕਾਲੀ ਜਥੇਦਾਰ ਮਨਜੀਤ ਸਿੰਘ ਤਰਨਤਾਰਨੀ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਘਰਾਂ ਵਿਚ ਬੈਠੇ ਟਕਸਾਲੀ ਅਕਾਲੀਆਂ ਨੂੰ ਅੱਗੇ...

Manjit Singh

ਤਰਨਤਾਰਨ,  ਟਕਸਾਲੀ ਅਕਾਲੀ ਜਥੇਦਾਰ ਮਨਜੀਤ ਸਿੰਘ ਤਰਨਤਾਰਨੀ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਘਰਾਂ ਵਿਚ ਬੈਠੇ ਟਕਸਾਲੀ ਅਕਾਲੀਆਂ ਨੂੰ ਅੱਗੇ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਪਰਵਾਰਕ ਪਾਰਟੀ ਬਣਾ ਕੇ ਰੱਖ ਦਿਤਾ ਹੈ ਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੇ ਅਪਣੇ ਪਿਤਾ ਤੋਂ ਦੋ ਕਦਮ ਅੱਗੇ ਚਲਦਿਆਂ ਇਸ ਜਥੇਬੰਦੀ ਨੂੰ ਇਕ ਨਿਜੀ ਫ਼ਰਮ ਵਿਚ ਤਬਦੀਲ ਕਰ ਦਿਤਾ ਹੈ ਜਿਸ ਦੇ ਉਹ ਸੀਈਓ ਬਣ ਕੇ ਪਾਰਟੀ ਨੂੰ ਚਲਾ ਰਹੇ ਹਨ। ਇਸ ਪਾਰਟੀ ਨੇ ਬਾਦਲ ਕਾਲ ਵਿਚ ਸ਼ਹਿਰੀ ਸਿੱਖਾਂ ਦੀ ਪੂਰੀ ਤਰ੍ਹਾਂ ਨਾਲ ਅਣਦੇਖੀ ਕੀਤੀ ਹੋਈ ਹੈ। 

ਅਕਾਲੀ ਦਲ ਦੇ ਮੌਜੂਦਾ ਹਾਲਾਤ ਤੋਂ ਚਿੰਤਤ ਨਜ਼ਰ ਆ ਰਹੇ ਜਥੇਦਾਰ ਤਰਨਤਾਰਨੀ ਨੇ ਕਿਹਾ ਕਿ ਜਿਸ ਪਾਰਟੀ ਨੇ ਸੂਬੇ ਤੇ ਦਸ ਸਾਲ ਰਾਜ ਕੀਤਾ ਹੋਵੇ, ਉਹ ਅੱਜ ਵਿਧਾਨ ਸਭਾ ਵਿਚ ਤੀਜੇ ਥਾਂ ਤੇ ਹੋਵੇ ਤਾਂ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਦੀ ਕਾਰਗੁਜ਼ਾਰੀ ਤੇ ਪ੍ਰਸ਼ਨ ਚਿੰਨ੍ਹ ਲਗਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਨੂੰ ਸੋਚਣਾ ਚਾਹੀਦਾ ਹੈ ਕਿ ਲੋਕਾਂ ਨੇ ਪਾਰਟੀ ਨੂੰ ਨਕਾਰਿਆ ਕਿਉਂ। ਉਨ੍ਹਾਂ ਕਿਹਾ ਕਿ ਪਾਰਟੀ ਨੇ ਅਪਣਾ ਪਾਲਸੀ ਪ੍ਰੋਗਰਾਮ ਆਨੰਦਪੁਰ ਸਾਹਿਬ ਦਾ ਮਤਾ ਅਤੇ ਖ਼ਾਲਸਾ ਜੀ ਕੇ ਬੋਲ ਬਾਲੇ ਵਾਲੀ ਵਿਚਾਰਧਾਰਾ ਨੂੰ ਤਿਲਾਂਜਲੀ ਦੇ ਕੇ ਸਿੱਖ ਕੌਮ ਨਾਲ ਧੋਖਾ ਕੀਤਾ ਹੈ। 

ਉਨ੍ਹਾਂ ਯਾਦ ਕਰਵਾਇਆ ਕਿ ਕਦੀ ਆਨੰਦਪੁਰ ਸਾਹਿਬ ਮਤੇ ਕਰ ਕੇ ਅਕਾਲੀ ਦਲ ਸੁਪਰੀਮੋ ਪਰਕਾਸ਼ ਸਿੰਘ ਬਾਦਲ ਮੋਰਚਾ ਲਗਾ ਕੇ ਸਿੱਖਾਂ ਨੂੰ ਜੇਲਾਂ ਵਿਚ ਭੇਜਦੇ ਸਨ, ਅੱਜ ਉਹੀ ਬਾਦਲ ਆਨੰਦਪੁਰ ਸਾਹਿਬ ਮਤੇ ਦਾ ਨਾਂ ਲੈਣ ਤੇ ਸੁਣਨ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਇੰਝ ਲਗਦੇ ਜਿਵੇਂ ਸਿੱਖਾਂ ਨੇ 20 ਵੀਂ ਸਦੀ ਦਾ ਸੰਤਾਪ ਪਰਕਾਸ਼ ਸਿੰਘ ਬਾਦਲ ਕਰ ਕੇ ਹੀ ਭੋਗਿਆ ਹੋਵੇ। ਜਥੇਦਾਰ ਤਰਨਤਾਰਨੀ ਨੇ ਕਿਹਾ ਕਿ ਹੁਣ ਤੇ ਸਾਰੀਆਂ ਸਿੱਖ ਸੰਸਥਾਵਾਂ ਬਾਦਲ ਦੇ ਕਬਜੇ ਹੇਠ ਹਨ।