ਪੰਜਾਬ 'ਚ ਕੋਰੋਨਾ ਨਾਲ ਇਕੋ ਦਿਨ 8 ਹੋਰ ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

24 ਘੰਟਿਆਂ ਦੌਰਾਨ 250 ਨਵੇਂ ਪਾਜ਼ੇਟਿਵ ਮਾਮਲੇ ਆਏ

1

ਚੰਡੀਗੜ੍ਹ, 24 ਜੂਨ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਾਹਰਾਂ ਦੇ ਅਨੁਮਾਨਾਂ ਮੁਤਾਬਕ ਕਈ ਵਾਰ ਕਹੇ ਸ਼ਬਦਾਂ ਅਨੁਸਾਰ ਜੁਲਾਈ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਸੂਬੇ ਵਿਚ ਕੋਰੋਨਾ ਦਾ ਕਹਿਰ ਇਕ ਦਮ ਵਧ ਗਿਆ ਹੈ।


ਮਾਹਰਾਂ ਅਨੁਸਾਰ ਜੁਲਾਈ-ਅਗਸਤ ਮਹੀਨੇ ਕੋਰੋਨਾ ਕੇਸਾਂ ਦਾ ਸਿਖ਼ਰ ਹੋਵੇਗਾ। ਅੱਜ ਇਕ ਦਿਨ ਵਿਚ ਕੋਰੋਨਾ ਵਾਇਰਸ ਨਾਲ ਸ਼ਾਮ ਤਕ 8 ਮੌਤਾਂ ਹੋਈਆਂ ਹਨ ਜਿਸ ਨਾਲ ਮੌਤਾਂ ਦੀ ਕੁੱਲ ਗਿਣੀ 116 ਤਕ ਪਹੁੰਚ ਗਈ ਹੈ। 24 ਘੰਟਿਆਂ ਦੌਰਾਨ 250 ਨਵੇਂ ਪਾਜ਼ੇਟਿਵ ਮਾਮਲੇ ਵੀ ਸਾਹਮਣੇ ਆਏ ਹਨ।


ਮਾਝੇ ਅਤੇ ਦੁਆਬੇ ਤੋਂ ਬਾਅਦ ਹੁਣ ਮਾਲਵਾ ਖੇਤਰ ਵਿਚ ਵੀ ਕੋਰੋਨਾ ਕਹਿਰ ਵਰਤਾ ਰਿਹਾ ਹੈ।


ਅੱਜ ਜ਼ਿਲ੍ਹਾ ਸੰਗਰੂਰ ਅਤੇ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਬਲਾਸਟ ਹੋਏ ਹਨ। ਜਲੰਧਰ ਵਿਚ ਵੀ ਲਗਾਤਾਰ ਤੀਜੇ ਦਿਨ ਕੋਰੋਨਾ ਬਲਾਸਟ ਹੋਇਆ ਹੈ। ਅੱਜ ਜਲੰਧਰ ਵਿਚ 43, ਸ੍ਰੀ ਮੁਕਤਸਰ ਸਾਹਿਬ ਵਿਚ 33, ਸੰਗਰੂਰ ਵਿਚ 64 ਅਤੇ ਲੁਧਿਆਣਾ ਵਿਚ 27 ਨਵੇਂ ਪਾਜ਼ੇਟਿਵ ਕੇਸ ਆਏ ਹਨ। ਬਾਕੀ ਜ਼ਿਲ੍ਹਿਆਂ ਵਿਚ ਵੀ ਨਵੇਂ ਕੇਸ ਦਰਜ ਹੋ ਰਹੇ ਹਨ।


ਅੱਜ ਹੋਈਆਂ ਮੌਤਾਂ ਵਿਚ 4 ਮਾਮਲੇ ਜਲੰਧਰ, 2 ਅੰਮ੍ਰਿਤਸਰ, 1 ਕਪੂਰਥਲਾ ਅਤੇ 1 ਸੰਗਰੂਰ ਨਾਲ ਸਬੰਧਤ ਹੈ। ਇਲਾਜ ਅਧੀਨ 1415 ਮਰੀਜ਼ਾਂ ਵਿਚੋਂ 26 ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਨ੍ਹਾਂ 'ਚੋਂ 6 ਵੈਂਟੀਲੇਟਰ ਅਤੇ 18 ਆਕਸੀਜਨ 'ਤੇ ਹਨ।


ਸੂਬੇ ਵਿਚ ਕੁੱਲ 260857 ਸੈਂਪਲ ਲਏ ਗਏ ਹਨ ਜਿਨ੍ਹਾਂ ਵਿਚੋਂ ਸ਼ਾਮ ਤਕ ਕੁੱਲ 4647 ਪਾਜ਼ੇਟਿਵ ਮਾਮਲੇ ਨਿਕਲੇ ਹਨ। 3099 ਮਰੀਜ਼ ਹੁਣ ਤਕ ਠੀਕ ਵੀ ਹੋਏ ਹਨ।
ਇਸ ਸਮੇਂ ਪਾਜ਼ੇਟਿਵ ਮਰੀਜ਼ਾਂ ਦਾ ਸੱਭ ਤੋਂ ਵੱਧ ਅੰਕੜਾ ਅੰਮ੍ਰਿਤਸਰ ਜ਼ਿਲ੍ਹੇ ਦਾ ਹੈ, ਜਿਥੇ ਹੁਣ ਤਕ 800 ਤੋਂ ਵੱਧ ਪਾਜ਼ੇਟਿਵ ਮਾਮਲੇ ਆਏ ਹਨ। ਲੁਧਿਆਣਾ ਅਤੇ ਜਲੰਧਰ ਵਿਚ ਵੀ ਅੰਕੜਾ 650 ਤੋਂ ਟੱਪ ਚੁੱਕਾ ਹੈ। ਸੰਗਰੂਰ ਵਿਚ ਗਿਣਤੀ 300 ਤੋਂ ਪਾਰ ਹੋ ਗਈ ਹੈ।