ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਪ੍ਰਿਯੰਕਾ ਹੋਵੇਗੀ ਕਾਂਗਰਸ ਦੀ ਕਪਤਾਨ

ਏਜੰਸੀ

ਖ਼ਬਰਾਂ, ਪੰਜਾਬ

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਪ੍ਰਿਯੰਕਾ ਹੋਵੇਗੀ ਕਾਂਗਰਸ ਦੀ ਕਪਤਾਨ

image

ਨਵੀਂ ਦਿੱਲੀ, 23 ਜੂਨ : ਕਾਂਗਰਸ ਦੇ ਸੀਨੀਅਰ ਆਗੂ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਇਹ ਤੈਅ ਕਰੇਗੀ ਕਿ ਉੱਤਰ ਪ੍ਰਦੇਸ਼ ਵਿਧਾਨਸਭਾ ਚੋਣਾਂ ਵਿਚ ਉਹ ਵੋਟਰਾਂ ਵਿਚਾਲੇ ਖ਼ੁਦ ਨੂੰ ਕਿਵੇਂ ਪੇਸ਼ ਕਰੇਗੀ, ਪਰ ਇਹ ਜ਼ਰੂਰ ਹੈ ਕਿ ਉਹ ਇਕ ‘ਬਿਹਤਰੀਨ ਚਿਹਰਾ’ ਹੈ ਅਤੇ ਸੂਬੇ ਵਿਚ ਪਾਰਟੀ ਦੀ ਕਪਤਾਨ ਹੈ। ਉਨ੍ਹਾਂ ਨੇ ਇਹ ਉਮੀਦ ਵੀ ਪ੍ਰਗਟਾਈ ਕਿ ਅਗਲੇ ਸਾਲ ਹੋਣ ਵਾਲੀਆਂ ਉੱਤਰ ਪ੍ਰਦੇਸ਼ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਹੀ ਭਾਜਪਾ ਵਿਰੁਧ ਮੁੱਖ ਵਿਰੋਧੀ ਦੀ ਭੂਮਿਕਾ ਵਿਚ ਹੋਵੇਗੀ।
  ਖੁਰਸ਼ੀਦ ਨੇ ਕਿਹਾ,‘‘ਕਾਂਗਰਸ ਗਠਜੋੜਾਂ ਲਈ ਇੰਤਜ਼ਾਰ ਨਹੀਂ ਕਰੇਗੀ, ਬਲਕਿ ਪੂਰੀ ਤਾਕਤ ਨਾਲ ਉਹ ਚੋਣ ਲੜੇਗੀ। ਮੁੱਖ ਮੰਤਰੀ ਦੇ ਰੂਪ ਵਿਚ ਪ੍ਰਿਯੰਕਾ ਗਾਂਧੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ,‘‘ਜਦੋਂ ਤਕ ਉਹ ਸਾਨੂੂੰ ਕੋਈ ਸੰਕੇਤ ਨਹੀਂ ਦਿੰਦੀ, ਉਦੋਂ ਤਕ ਮੈਂ ਇਸ ਦਾ ਜਵਾਬ ਨਹੀਂ ਦੇਵਾਂਗਾ, ਪਰ ਉਹ ਇਕ ਅਦਭੁਤ, ਬਿਹਤਰੀਨ ਚਿਹਰਾ ਹੈ।’’ ਉਨ੍ਹਾਂ ਕਿਹਾ ਕਿ ਤੁਸੀਂ ਇਕ ਪਾਸੇ ਯੋਗੀ ਆਦਿਤਿਆਨਾਥ ਦੀ ਤਸਵੀਰ ਰੱਖੋ ਤੇ ਦੂਜੇ ਪਾਸੇ ਪ੍ਰਿਯੰਕਾ ਗਾਂਧੀ ਦੀ, ਤੁਹਾਨੂੰ ਫਿਰ ਕੋਈ ਸੁਵਾਲ ਪੁੱਛਣ ਦੀ ਲੋੜ ਨਹੀਂ ਪਵੇਗੀ। 
ਸਿਆਸੀ ਗਠਜੋੜ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਕਿਸੇ ਦਲ ਨਾਲ ਗੱਲਬਾਤ ਨਹੀਂ ਚਲ ਰਹੀ ਹੈ। ਜੇਕਰ ਪਾਰਟੀ ਲੀਡਰਸ਼ਿਪ ਕੋਈ ਫ਼ੈਸਲਾ ਕਰਦੀ ਹੈ ਤਾਂ ਗੱਲ ਵਖਰੀ ਹੈ।  ਯਾਦ ਰਹੇ ਕਿ ਪਿਛਲੀਆਂ ਵਿਧਾਨਸਭਾ ਚੋਣਾਂ ਵਿਚ ਕਾਂਗਰਸ ਨੇ ਸਮਾਜਵਾਦੀ ਪਾਰਟੀ ਨਾਲ ਗਠਜੋੜ ਕੀਤਾ ਸੀ। ਉਨ੍ਹਾਂ ਚੋਣਾਂ ਵਿਚ ਕਾਂਗਰਸ ਸਿਰਫ਼ ਸੱਤ ਸੀਟਾਂ ਹੀ ਜਿੱਤ ਸਕੀ ਸੀ ਤੇ 47 ਸੀਟਾਂ ’ਤੇ ਸਮਾਜਵਾਦੀ ਪਾਰਟੀ ਜਿੱਤੀ ਸੀ। ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਹਾਲ ਹੀ ਵਿਚ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਚੋਣਾਂ ਵਿਚ ਕਾਂਗਰਸ ਜਾਂ ਬਸਪਾ ਵਰਗੇ ਵੱਡੇ ਦਲਾਂ ਨਾਲ ਗਠਜੋੜ ਨਹੀਂ ਕਰੇਗੀ।     (ਏਜੰਸੀ)