ਮੁਸਲਿਮ ਔਰਤਾਂ ਨੂੰ ਬੁਰਕੀਨੀ ਪਾਉਣ ਦੀ ਆਜ਼ਾਦੀ ਨਹੀਂ ਮਿਲੇਗੀ, ਅਦਾਲਤ ਨੇ ਫ਼ੈਸਲਾ ਪਲਟਿਆ

ਏਜੰਸੀ

ਖ਼ਬਰਾਂ, ਪੰਜਾਬ

ਮੁਸਲਿਮ ਔਰਤਾਂ ਨੂੰ ਬੁਰਕੀਨੀ ਪਾਉਣ ਦੀ ਆਜ਼ਾਦੀ ਨਹੀਂ ਮਿਲੇਗੀ, ਅਦਾਲਤ ਨੇ ਫ਼ੈਸਲਾ ਪਲਟਿਆ

image

ਪੈਰਿਸ, 23 ਜੂਨ : ਫ਼ਰਾਂਸ ਵਿਚ ਮੁਸਲਿਮ ਔਰਤਾਂ ਵਲੋਂ ਸਵੀਮਿੰਗ ਪੂਲ ਵਿਚ ਪਹਿਨੀ ਜਾਣ ਵਾਲੀ ਬੁਰਕੀਨੀ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਫ਼ਰਾਂਸ ਦੀ ਅਦਾਲਤ ਨੇ ਮੁਸਲਿਮ ਔਰਤਾਂ ਨੂੰ ਬੁਰਕੀਨੀ ਪਹਿਨਣ ਦੀ ਇਜਾਜ਼ਤ ਦੇਣ ਵਾਲੇ ਨਿਯਮ ਨੂੰ ਉਲਟਾ ਦਿਤਾ ਹੈ। ਇਸ ਤੋਂ ਬਾਅਦ ਹੁਣ ਮੁਸਲਿਮ ਔਰਤਾਂ ਜਨਤਕ ਪੂਲ ’ਚ ਬੁਰਕੀਨੀ ਨਹੀਂ ਪਹਿਨ ਸਕਣਗੀਆਂ। ਇਸ ਤੋਂ ਪਹਿਲਾਂ ਫ਼ਰਾਂਸ ਦੇ ਗ੍ਰੇਨੋਬਲ ਸ਼ਹਿਰ ਦੇ ਮੇਅਰ ਨੇ ਕੱੁਝ ਦਿਨ ਪਹਿਲਾਂ ਮੁਸਲਿਮ ਔਰਤਾਂ ਨੂੰ ਬੁਰਕੀਨੀ ਪਹਿਨਣ ਦੀ ਮਨਜ਼ੂਰੀ ਦਿਤੀ ਸੀ। ਮੁਸਲਿਮ ਔਰਤਾਂ ਪੂਲ ਵਿਚ ਬੁਰਕੀਨੀ ਪਹਿਨਦੀਆਂ ਹਨ, ਜੋ ਕਿ ਇਕ ਤਰ੍ਹਾਂ ਦਾ ਸਵਿਮਸੂਟ ਹੈ।
ਕੱੁਝ ਮੁਸਲਿਮ ਔਰਤਾਂ ਵਲੋਂ ਤੈਰਾਕੀ ਕਰਦੇ ਸਮੇਂ ਅਪਣੇ ਸਰੀਰ ਅਤੇ ਵਾਲਾਂ ਨੂੰ ਢੱਕਣ ਲਈ ਵਰਤਿਆ ਜਾਣ ਵਾਲਾ ਆਲ-ਇਨ-ਵਨ ਸਵਿਮ ਸੂਟ ਫ਼ਰਾਂਸ ਵਿਚ ਇਕ ਵਿਵਾਦਪੂਰਨ ਮੁੱਦਾ ਹੈ, ਜਿਥੇ ਆਲੋਚਕ ਇਸ ਨੂੰ ਇਸਲਾਮੀਕਰਨ ਦੇ ਪ੍ਰਤੀਕ ਵਜੋਂ ਦੇਖਦੇ ਹਨ।
ਫ਼ਰਾਂਸ ’ਚ ਪਿਛਲੇ ਕਈ ਸਾਲਾਂ ਤੋਂ ਬੁਰਕੇ ਨੂੰ ਲੈ ਕੇ ਬਹਿਸ ਚੱਲ ਰਹੀ ਹੈ। ਸਾਲ 2011 ’ਚ ਵੀ ਜਨਤਕ ਥਾਵਾਂ ’ਤੇ ਔਰਤਾਂ ਵਲੋਂ ਪੂਰਾ ਚਿਹਰਾ ਢੱਕਣ ’ਤੇ ਪਾਬੰਦੀ ਲਗਾ ਦਿਤੀ ਗਈ ਸੀ। ਫ਼ਰਾਂਸ ਬੁਰਕੇ ’ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਯੂਰਪੀ ਦੇਸ਼ ਬਣ ਗਿਆ ਹੈ। ਇਹ ਪਾਬੰਦੀ ਤਤਕਾਲੀ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੇ ਲਾਗੂ ਕੀਤੀ ਸੀ। ਤਤਕਾਲੀ ਰਾਸ਼ਟਰਪਤੀ ਕਹਿੰਦੇ ਸਨ ਕਿ ਹਿਜਾਬ ਜਾਂ ਬੁਰਕਾ ਔਰਤਾਂ ’ਤੇ ਅਤਿਆਚਾਰ ਹੈ।
ਇਸ ਤੋਂ ਬਾਅਦ 16 ਮਈ 2022 ਨੂੰ ਗ੍ਰੇਨੋਬਲ ਸ਼ਹਿਰ ਦੇ ਮੇਅਰ ਨੇ ਹੁਕਮ ਦਿਤਾ ਕਿ ਮੁਸਲਿਮ ਔਰਤਾਂ ਪੂਲ ’ਚ ਬੁਰਕੀਨੀ ਪਹਿਨ ਸਕਦੀਆਂ ਹਨ। ਉਸ ਸਮੇਂ, ਮੇਅਰ ਪਿਓਲ ਨੇ ਫ਼੍ਰੈਂਚ ਰੇਡੀਉ ਆਰਐਮਸੀ ’ਤੇ ਕਿਹਾ, ‘ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ ਔਰਤਾਂ ਅਤੇ ਮਰਦ ਅਪਣੀ ਪਸੰਦ ਦੇ ਕੱਪੜੇ ਪਹਿਨ ਸਕਣ।’ ਬੁਰਕੀਨੀ ਮੁਸਲਿਮ ਔਰਤਾਂ ਲਈ ਤਿਆਰ ਕੀਤਾ ਗਿਆ ਇਕ ਸਵਿਮ ਸੂਟ ਹੈ ਜਿਸ ਵਿਚ ਸਿਰਫ਼ ਚਿਹਰਾ, ਬਾਹਾਂ ਅਤੇ ਲੱਤਾਂ ਹੀ ਦਿਖਾਈ ਦਿੰਦੀਆਂ ਹਨ ਅਤੇ ਬਾਕੀ ਨੂੰ ਢਕਿਆ ਜਾਂਦਾ ਹੈ। ਹੁਣ ਇਸ ਫ਼ੈਸਲੇ ਨੂੰ ਫ਼ਰਾਂਸ ਦੀ ਸਿਖਰਲੀ ਅਦਾਲਤ ਨੇ ਪਲਟ ਦਿਤਾ ਹੈ। (ਏਜੰਸੀ)