ਮਹਾਰਾਸ਼ਟਰ ਤੋਂ ਹਰਿਆਣਾ ਤਕ ਲੋਕ ਇਕ ਹੀ ਸੁਨੇਹਾ ਦੇ ਰਹੇ ਹਨ ਕਿ ਉਹ ਕਿਸੇ ਵੀ ਪਾਰਟੀ ਤੋਂ ਸੰਤੁਸ਼ਟ ਨਹੀਂ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਖ਼ਬਰਾਂ, ਪੰਜਾਬ

ਸ਼ਿਵ ਸੈਨਾ ਕੋਈ ਆਮ ਪਾਰਟੀ ਨਹੀਂ ਬਲਕਿ ਬਾਬਾ ਸਾਹਿਬ ਠਾਕਰੇ ਵਲੋਂ ਲਿਆਂਦੀ ਗਈ ਇਕ ਕ੍ਰਾਂਤੀ ਸੀ।

Uddhav Thackeray

 

ਇਕ ਪਾਸੇ ਮਹਾਰਾਸ਼ਟਰਾ ਵਿਚ ਸਰਕਾਰ ਡਿਗਦੀ ਪਈ ਹੈ ਤੇ ਦੂਜੇ ਪਾਸੇ ਹਰਿਆਣਾ ਵਿਚ ਕਾਰਪੋਰੇਸ਼ਨ ਚੋਣਾਂ ਦੇ ਨਤੀਜੇ ਇਕ ਸਾਫ਼ ਤਸਵੀਰ ਨਹੀਂ ਦੇ ਕੇ ਗਏ। ਪੰਜਾਬ ਦੀਆਂ ਚੋਣਾਂ ਵਿਚ ਗਰਮਾ ਗਰਮ ਸਿਆਸਤ ਵੇਖਣ ਨੂੰ ਮਿਲੀ ਤੇ ਸਿਆਸੀ ਪਾਰਾ ਖ਼ੂਬ ਚੜਿ੍ਹਆ ਰਿਹਾ ਪਰ ਜਿਉਂ ਹੀ ਵੋਟਾਂ ਪਾਉਣ ਦਾ ਸਮਾਂ ਆਇਆ ਤਾਂ ਲੋਕਾਂ ਦੀ ਸਿਆਸਤਦਾਨਾਂ ਪ੍ਰਤੀ ਬੇਰੁਖ਼ੀ ਸਾਹਮਣੇ ਆ ਗਈ। ਪਰ ਤਿੰਨਾਂ ਹੀ ਥਾਵਾਂ ਤੋਂ ਇਕ ਸਾਂਝੀ ਗੱਲ ਜੋ ਵੇਖਣ ਨੂੰ ਮਿਲੀ, ਉਹ ਇਹ ਸੀ ਕਿ ਲੋਕ ਕਿਸੇ ਵੀ ਪਾਰਟੀ ਤੋਂ ਸੰਤੁਸ਼ਟ ਨਹੀਂ ਹਨ। ਮਹਾਰਾਸ਼ਟਰਾ ਵਿਚ ਊਧਵ ਠਾਕਰੇ ਤੋਂ ਉਨ੍ਹਾਂ ਦੇ ਅਪਣੇ ਕੱਟੜ ਸ਼ਿਵ ਸੈਨਿਕ ਵਿਧਾਇਕਾਂ ਦਾ ਹੀ ਦੂਰ ਜਾਣਾ ਉਸ ਹਿੰਦੂਵਾਦੀ ਪਾਰਟੀ ਲਈ ਇਕ ਬਹੁਤ ਵੱਡਾ ਧੱਕਾ ਹੈ ਕਿਉਂਕਿ ਸ਼ਿਵ ਸੈਨਾ ਕੋਈ ਆਮ ਪਾਰਟੀ ਨਹੀਂ ਬਲਕਿ ਬਾਬਾ ਸਾਹਿਬ ਠਾਕਰੇ ਵਲੋਂ ਲਿਆਂਦੀ ਗਈ ਇਕ ਕ੍ਰਾਂਤੀ ਸੀ।

 

ਪਰ ਪ੍ਰਵਾਰਵਾਦ ਸ਼ਾਇਦ ਇਕ ਹੋਰ ਲਹਿਰ ਨੂੰ ਖ਼ਤਮ ਕਰ ਗਿਆ ਹੈ ਜਾਂ ਇਕ ਕੱਟੜ ਸੋਚ ਨੂੰ ਸ਼ਾਸਨ ਚਲਾਉਣ ਵਾਲਿਆਂ ਦੀ ਨਰਮ ਨੀਤੀਆਂ ਅਪਨਾਉਣ ਵਾਲੀ ਮਜਬੂਰੀ ਸਮਝ ਨਹੀਂ ਆਈ। ਊਧਵ ਠਾਕਰੇ ਨੇ ਜਿਸ ਤਰ੍ਹਾਂ ਮਹਾਰਾਸ਼ਟਰ ਨੂੰ ਕੋਵਿਡ ਕਾਲ ਵਿਚ ਚਲਾਇਆ ਹੈ, ਉਹ ਲੋਕਾਂ ਦੇ ਨਜ਼ਦੀਕ ਤਾਂ ਹੋ ਗਏ ਪਰ ਕੱਟੜ ਹਿੰਦੂ ਸੋਚ ਵਾਲੇ ਅਪਣੇ ਸਾਥੀਆਂ ਤੋਂ ਕੁੱਝ ਦੂਰ ਵੀ ਹੋ ਗਏ। ਮਹਾਰਾਸ਼ਟਰਾ ਵਿਚ ਸਿਆਸੀ ਖੇਡਾਂ, ਸੂਬੇ ਵਿਚ ਇਕ ਤਰੱਥਲੀ ਜ਼ਰੂਰ ਮਚਾਉਣਗੀਆਂ। ਜਿਥੇ ਮਹਾਰਾਸ਼ਟਰਾ ਵਿਚ ਵਿਧਾਇਕ ਅਸੰਤੁਸ਼ਟ ਹਨ, ਹਰਿਆਣਾ ਵਿਚ ਲੋਕਾਂ ਨੇ ਵੀ ਅਪਣੀ ਅਸੰਤੁਸ਼ਟੀ ਚੰਗੀ ਤਰ੍ਹਾਂ ਦਿਖਾ ਦਿਤੀ ਹੈ। 

 

ਤਿੰਨ ਇੰਜਣ ਗੱਡੀ ਦਾ ਨਾਹਰਾ ਬਹੁਤ ਤਾਕਤਵਰ ਸੁਨੇਹਾ ਸੀ ਅਤੇ ਕਦੇ ਵੇਖਿਆ ਹੀ ਨਹੀਂ ਗਿਆ ਕਿ ਦੇਸ਼ ਤੇ ਸੂਬੇ ਵਿਚ ਬੈਠੀ ਪਾਰਟੀ ਕਾਰਪੋਰੇਸ਼ਨ ਚੋਣਾਂ ਵਿਚ ਮੁਸ਼ਕਲ ਨਾਲ 50 ਫ਼ੀ ਸਦੀ ਵੋਟ ਹੀ ਲੈ ਸਕੇ। ਸੁਰਖ਼ੀਆਂ ਆਖਣਗੀਆਂ ਕਿ ਭਾਜਪਾ ਦੀ ਜਿੱਤ ਹੋਈ ਹੈ। ਬੀਜੇਪੀ ਸੱਭ ਤੋਂ ਵੱਧ ਉਮੀਦਵਾਰਾਂ ਨੂੰ ਜਿਤਾਉਣ ਵਾਲੀ ਪਾਰਟੀ ਹੈ ਪਰ ਇਹ ਜਿੱਤ 46 ਚੋਂ 22 ਤੇ ਕਿਉਂ ਸਿਮਟ ਕੇ ਰਹਿ ਗਈ? ਬੀ.ਜੇ.ਪੀ ਨਾਲ ਮਤਭੇਦ ਰਹੇ, ਆਪਸ ਵਿਚ ਮਿਲ ਕੇ ਨਹੀਂ ਚਲੇ ਪਰ ਫ਼ਾਇਦਾ ਕਿਸੇ ਨੂੰ ਵੀ ਨਹੀਂ ਹੋਇਆ। ਬੀ.ਜੇ.ਪੀ. ਨੂੰ ਲੋਕਾਂ ਵਿਚ ਅਪਣੀ ਮਕਬੂਲੀਅਤ ਦਾ ਸ਼ੀਸ਼ਾ ਵੀ ਵੇਖਣ ਨੂੰ ਮਿਲ ਗਿਆ।

 

‘ਆਪ’ ਹਰਿਆਣਾ ਵਿਚ ਇਕ ਸੀਟ ਲੈ ਕੀ ਵੀ ਖ਼ੁਸ਼ ਹੈ ਕਿਉਂਕਿ ਉਨ੍ਹਾਂ ਨੇ ਹਰਿਆਣਾ ਅੰਦਰ ਪੈਰ ਅੜਾ ਲਿਆ ਹੈ। ਇਥੇ ‘ਆਪ’ ਨੂੰ ਵੇਖਣਾ ਚਾਹੀਦਾ ਹੈ ਕਿ ਹਰਿਆਣਾ ਦੇ ਕਿਸਾਨਾਂ ਨੇ ਵੀ ਦਿੱਲੀ ਵਿਚ ਉਨ੍ਹਾਂ ਦੀ ਸੇਵਾ ਲਈ ਸੀ ਤੇ ਪੰਜਾਬ ਨੇ ਵੀ। ਪੰਜਾਬ ਦੇ ਪਿੰਡਾਂ ਨੇ ‘ਆਪ’ ਨੂੰ ਦਿਲ ਖੋਲ੍ਹ ਕੇ ਉਸ ਸੇਵਾ ਦਾ ਮੇਵਾ ਦਿਤਾ ਪਰ ਹਰਿਆਣਾ ਤੋਂ ਉਹ ਸਾਥ ਨਹੀਂ ਮਿਲ ਸਕਿਆ। ਇਸ ਕਰ ਕੇ ਉਨ੍ਹਾਂ ਨੂੰ ਪੰਜਾਬ ਵਿਚ ਅਪਣੀ ਪੂਰੀ ਸੰਜੀਦਗੀ ਤੇ ਤਾਕਤ ਨਾਲ ਲੋਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਸੰਗਰੂਰ ਦੀ ਜ਼ਿਮਨੀ ਚੋਣ ਮਹਿਜ਼ ਤਿੰਨ ਮਹੀਨਿਆਂ ਬਾਅਦ ਸਰਕਾਰ ਦਾ ਇਮਤਿਹਾਨ ਹੈ ਤੇ ‘ਆਪ’ ਦਾ ਉਮੀਦਵਾਰ ਜਿੱਤ ਜਾਣ ਦੇ ਸੰਕੇਤ ਹਨ ਪਰ ਲੋਕ ਸੰਤੁਸ਼ਟ ਨਹੀਂ ਹਨ। ਏਨੀ ਸਖ਼ਤ ਲੜਾਈ ਵਾਲੀ ਸੀਟ ਤੇ ਕੇਵਲ 42 ਫ਼ੀ ਸਦੀ ਵੋਟਰਾਂ ਵਲੋਂ ਵੋਟ ਪਾਉਣਾ, ਅਪਣੇ ਆਪ ਵਿਚ ਇਕ ਸੰਕੇਤ ਹੈ ਕਿ ਵੋਟਰ ਸਾਰੀਆਂ ਹੀ ਪਾਰਟੀਆਂ ਤੋਂ ਅਸੰਤੁਸ਼ਟ ਹਨ (ਕਿਸੇ ਤੋਂ ਘੱਟ ਤੇ ਕਿਸੇ ਤੋਂ ਵੱਧ)।

ਅਖ਼ੀਰ ਵਿਚ ਆਉਂਦੀ ਹੈ ਕਾਂਗਰਸ ਦੀ ਗੱਲ। ਉਨ੍ਹਾਂ ਲੋਕਾਂ ਦੀ ਅਸੰਤੁਸ਼ਟੀ ਦੇ ਕਾਰਨਾਂ ਨੂੰ ਸਮਝ ਕੇ ਹਰਿਆਣਾ ਵਿਚ ਕਿਸੇ ਉਮੀਦਵਾਰ ਨੂੰ ਕਾਂਗਰਸ ਚੋਣ ਨਿਸ਼ਾਨ ਤੇ ਲੜਾਇਆ ਹੀ ਨਹੀਂ ਗਿਆ। 19 ਆਜ਼ਾਦ ਉਮੀਦਵਾਰਾਂ ਵਿਚ ਜ਼ਿਆਦਾ ਕਾਂਗਰਸੀ ਹਨ ਜਾਂ ਕਾਂਗਰਸ ਦੇ ਸਮਰਥਕ। ਪੰਜਾਬ ਵਿਚ ਜੋ ਆਸਾਰ ਨਜ਼ਰ ਆ ਰਹੇ ਹਨ, ਇਸ ਵਾਰ ਇਹ ਪਾਰਟੀ ਤੀਜੇ ਜਾਂ ਚੌਥੇ ਨੰਬਰ ਤੇ ਆ ਸਕਦੀ ਹੈ। ਲੋਕਾਂ ਦੀ ਅਸੰਤੁਸ਼ਟੀ ਦਾ ਕਾਰਨ ਕੀ ਹੈ? ਸਿਆਸਤਦਾਨ ਤੇ ਵੋਟਰ ਦੋਵੇਂ ਹੀ ਨਾਖ਼ੁੁਸ਼ ਹਨ ਤੇ ਦੇਸ਼ ਦੇ ਹਾਲਾਤ, ਵੋਟਰਾਂ ਦੀ ਸਾਰੀਆਂ ਹੀ ਪਾਰਟੀਆਂ ਪ੍ਰਤੀ ਅਸੰਤੁਸ਼ਟੀ ਵਿਚੋਂ ਝਲਕਦੇ ਹਨ। ਹੁਣ ਵੀ ਕਿਸੇ ਪਾਰਟੀ ਤੋਂ ਆਸ ਰੱਖੀ ਜਾਵੇਗੀ ਵੀ ਜਾਂ ਇਕ ਦੂਜੇ ਨੂੰ ਨੀਵਾਂ ਕਰਨ ਦੀ ਸੋਚ ਵਿਚ ਫੱਸ ਕੇ ਅਪਣੇ ਸਾਰੇ ਦੇਸ਼ ਵਾਸੀਆਂ ਨੂੰ ਹੀ ਨਿਰਾਸ਼ਾ ਦੀ ਖੱਡ ਵਿਚ ਡੋਬ ਦਿਤਾ ਜਾਏਗਾ?                   -ਨਿਮਰਤ ਕੌਰ