10ਵੀਂ ਤੇ 12ਵੀਂ ਟਰਮ-2 ਦੀ ਮੁੜ ਪ੍ਰੀਖਿਆ ਲਈ PSEB ਨੇ ਜਾਰੀ ਕੀਤੀ ਡੇਟਸ਼ੀਟ, ਦੇਖੋ ਵੇਰਵਾ 

ਏਜੰਸੀ

ਖ਼ਬਰਾਂ, ਪੰਜਾਬ

1 ਤੋਂ 13 ਜੁਲਾਈ ਤੱਕ ਮੁੜ ਲਈ ਜਾਵੇਗੀ ਪ੍ਰੀਖਿਆ 

PSEB Releases Datesheet for Re-Examination of 10th and 12th Term-2, See Details

ਮੁਹਾਲੀ : ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀ ਮਾਰਚ 2022 ਟਰਮ-2 ਦੀ ਪ੍ਰੀਖਿਆ ਵਿਚ ਵੱਖ-ਵੱਖ ਕਾਰਨਾਂ ਕਰਕੇ ਪ੍ਰੀਖਿਆ ਨਾ ਦੇ ਸਕਣ ਵਾਲੇ ਵਿਦਿਆਰਥੀਆਂ ਨੂੰ ਵਿਭਾਗ ਵਲੋਂ ਇੱਕ ਹੋਰ ਮੌਕਾ ਦਿਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਬੰਧੀ ਹੁਣ ਨਵੀਂ ਡੇਟਸ਼ੀਟ ਜਾਰੀ ਕੀਤੀ ਗਈ ਹੈ।

ਇਸ ਤਹਿਤ ਹੁਣ 1 ਜੁਲਾਈ ਤੋਂ 13 ਜੁਲਾਈ ਤੱਕ ਪ੍ਰੀਖਿਆ ਲਈ ਜਾਵੇਗੀ। ਇਨ੍ਹਾਂ ਪ੍ਰੀਖਿਆਵਾਂ ਦੇ ਸ਼ੁਰੂ ਹੋਣ ਦਾ ਸਮਾਂ ਸਵੇਰ 11:00 ਵਜੇ ਹੋਵੇਗਾ। ਇਹ ਸਾਰੀ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇ.ਆਰ. ਮਹਿਰੋਕ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਕੇ ਦਿਤੀ ਹੈ।  

ਦੱਸ ਦੇਈਏ ਕਿ ਇਸ ਲਈ ਤਿੰਨ ਵੱਖ-ਵੱਖ ਜ਼ਿਲ੍ਹਿਆਂ ਵਿਖੇ ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਇਸ ਪ੍ਰੀਖਿਆ ਲਈ ਸੂਬੇ ਦੇ ਤਿੰਨ ਜ਼ਿਲ੍ਹਿਆਂ, ਬਠਿੰਡਾ, ਜਲੰਧਰ ਅਤੇ ਐੱਸ.ਏ.ਐੱਸ. ਨਗਰ ਵਿਖੇ ਪ੍ਰੀਖਿਆ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ। ਬਠਿੰਡਾ ਵਿਖੇ ਸਥਾਪਤ ਪ੍ਰੀਖਿਆ ਕੇਂਦਰ ਵਿਚ ਬਠਿੰਡਾ, ਸੰਗਰੂਰ, ਬਰਨਾਲਾ, ਮਲੇਰਕੋਟਲਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ ਫ਼ਾਜ਼ਿਲਕਾ, ਫ਼ਿਰੋਜ਼ਪੁਰ ਜ਼ਿਲ੍ਹਿਆਂ ਨਾਲ ਸਬੰਧਤ ਪ੍ਰੀਖਿਆਰਥੀ ਪ੍ਰੀਖਿਆ ਦੇਣਗੇ।

ਇਸੇ ਤਰ੍ਹਾਂ ਜਲੰਧਰ ਵਿਖੇ ਸਥਾਪਤ ਪ੍ਰੀਖਿਆ ਕੇਂਦਰ ਵਿਚ ਜਲੰਧਰ ਜ਼ਿਲ੍ਹੇ ਦੇ ਪ੍ਰੀਖਿਆਰਥੀਆਂ ਤੋਂ ਇਲਾਵਾ ਕਪੂਰਥਲਾ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਮੋਗਾ, ਲੁਧਿਆਣਾ ਜ਼ਿਲ੍ਹਿਆਂ ਦੇ ਪ੍ਰੀਖਿਆਰਥੀ ਅਤੇ ਐੱਸ.ਏ.ਐੱਸ. ਨਗਰ ਵਿਖੇ ਸਥਾਪਤ ਪ੍ਰੀਖਿਆ ਕੇਂਦਰ ਵਿਚ ਐੱਸ.ਏ.ਐੱਸ. ਨਗਰ ਦੇ ਨਾਲ-ਨਾਲ ਰੋਪੜ, ਸ਼ਹੀਦ ਭਗਤ ਸਿੰਘ ਨਗਰ, ਫ਼ਤਹਿਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹਿਆਂ ਨਾਲ ਸਬੰਧਤ ਪ੍ਰੀਖਿਆਰਥੀ ਪ੍ਰੀਖਿਆ ਦੇ ਸਕਣਗੇ। ਡੇਟਸ਼ੀਟ ਅਤੇ ਪ੍ਰੀਖਿਆਵਾਂ ਸਬੰਧੀ ਮੁਕੰਮਲ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in 'ਤੇ ਉਪਲੱਬਧ ਹੈ।