ਹੁਸ਼ਿਆਰਪੁਰ ਦੇ ਨੌਜਵਾਨ ਜਸਪਿੰਦਰ ਸਹੋਤਾ ਨੇ ਅਮਰੀਕਾ ‘ਚ ਗੱਡੇ ਝੰਡੇ, ਬਣਿਆ ਪੁਲਿਸ ਅਫ਼ਸਰ 

ਏਜੰਸੀ

ਖ਼ਬਰਾਂ, ਪੰਜਾਬ

ਜਸਪਿੰਦਰ ਸਿੰਘ ਕ੍ਰਿਕਟ ਅਤੇ ਫੁੱਟਬਾਲ ਦਾ ਖਿਡਾਰੀ ਵੀ ਰਿਹਾ ਹੈ। 

Jaspinder Sahota

ਗੜ੍ਹਦੀਵਾਲਾ - ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਡੱਫਰ ਦਾ ਜੰਮਪਲ 33 ਵਰ੍ਹਿਆਂ ਦਾ ਨੌਜਵਾਨ ਜਸਪਿੰਦਰ ਸਹੋਤਾ ਨੇ ਅਮਰੀਕਾ ਵਿਚ ਸਖ਼ਤ ਮਿਹਨਤ ਸਦਕਾ ਅਲੈਗਜੈਂਡਰੀਆ ਵਰਜੀਨੀਆ ਸ਼ੈਰਿਫ ਡਿਪਾਰਟਮੈਂਟ ਵਿਚ ਡਿਪਟੀ ਸ਼ੈਰਿਫ ਵਜੋਂ ਅਹੁਦਾ ਸੰਭਾਲਿਆ ਹੈ। ਜਿਸ ਤੋਂ ਬਾਅਦ  ਪਰਵਾਰਿਕ ਮੈਂਬਰਾਂ ਅਤੇ ਇਲਾਕੇ ਵਿਚ ਖ਼ੁਸ਼ੀ ਛਾਈ ਹੋਈ ਹੈ। ਇਸ ਮੌਕੇ ਜਸਪਿੰਦਰ ਸਹੋਤਾ ਦੀ ਮਾਤਾ ਨਰਿੰਦਰ ਕੌਰ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਉਸ ਦੀ ਦ੍ਰਿੜ ਇਰਾਦੇ ਨਾਲ ਕੀਤੀ ਸਖ਼ਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਉਹਨਾਂ ਨੇ ਅਜਿਹਾ ਸੁਫ਼ਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦਾ ਪੁੱਤਰ ਡਿਪਟੀ  ਸ਼ੈਰਿਫ (ਅਮਰੀਕਾ ਦਾ ਪੁਲਸ ਅਫ਼ਸਰ) ਬਣ ਜਾਵੇਗਾ। 

ਜਸਪਿੰਦਰ ਸਹੋਤਾ ਜਿਸ ਨੂੰ ਪਿਆਰ ਦੇ ਨਾਲ ਬੱਬੂ ਕਿਹਾ ਜਾਂਦਾ ਹੈ, ਉਹ 4 ਸਾਲ ਪਹਿਲਾਂ ਅਮਰੀਕਾ ਗਿਆ ਸੀ। ਉੱਥੇ ਉਹ ਟਰੱਕ ਵੀ ਚਲਾਉਂਦਾ ਰਿਹਾ। ਉਸ ਨੇ ਦਸੰਬਰ 2022 'ਚ ਪੁਲਿਸ 'ਚ ਭਰਤੀ ਹੋਣ ਲਈ ਪਹਿਲਾ ਟੈਸਟ ਦਿੱਤਾ ਸੀ। ਬੱਬੂ ਦੀ ਮਾਤਾ ਨੇ ਦੱਸਿਆ ਕਿ ਜਦੋਂ ਚੌਥਾ ਫਾਈਨਲ ਟੈਸਟ ਦੇਣਾ ਸੀ ਤਾਂ ਉਸ ਵੇਲੇ ਉਨ੍ਹਾਂ ਨੂੰ ਪਤਾ ਲੱਗਿਆ। ਉਨ੍ਹਾਂ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਵਾਹਿਗੁਰੂ ਨੇ ਉਸ ਦੀ ਮਿਹਨਤ ਨੂੰ ਬੂਰ ਪਾਇਆ ਹੈ। ਜਸਪਿੰਦਰ ਸਿੰਘ ਨੇ ਪੰਜਾਬ ਵਿਖੇ ਉਚੇਰੀ ਸਿੱਖਿਆ (ਭੋਤਿਕ ਵਿਚ ਵਿੱਚ ਮਾਸਟਰ ਡਿਗਰੀ ਅਤੇ ਬੀ.ਐਡ) ਹਾਸਲ ਕੀਤੀl ਜਸਪਿੰਦਰ ਸਿੰਘ ਕ੍ਰਿਕਟ ਅਤੇ ਫੁੱਟਬਾਲ ਦਾ ਖਿਡਾਰੀ ਵੀ ਰਿਹਾ ਹੈ। 

ਬੱਬੂ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਸਫ਼ਲਤਾ ਪਿੱਛੇ ਅਮਰੀਕਾ 'ਚ ਰਹਿੰਦੀ ਉਸ ਦੀ ਪਤਨੀ ਅਤੇ ਸਹੁਰਾ ਪਰਿਵਾਰ ਦਾ ਵੱਡਾ ਯੋਗਦਾਨ ਹੈ। ਇਸ ਮੌਕੇ ਪਿੰਡ ਦੇ ਸਰਪੰਚ ਹਰਦੀਪ ਸਿੰਘ ਪਿੰਕੀ ਨੇ ਕਿਹਾ ਕਿ ਜਸਪਿੰਦਰ ਸਹੋਤਾ ਵੱਲੋਂ ਇਹ ਵਿਸ਼ੇਸ਼ ਉਪਲੱਬਧੀ ਹਾਸਲ ਕਰਨਾ ਪਿੰਡ ਲਈ ਬੜੇ ਮਾਣ ਵਾਲੀ ਗੱਲ ਹੈl ਇਸ ਮੌਕੇ ਜਸਪਿੰਦਰ ਸਹੋਤਾ ਦੇ ਦੋਸਤ ਸਾਇੰਸ ਅਧਿਆਪਕ ਅਤੇ ਲੇਖਕ ਗੁਰਪ੍ਰੀਤ ਸਹੋਤਾ ਨੇ ਕਿਹਾ ਕਿ ਬੱਬੂ ਪੜ੍ਹਾਈ ਦੇ ਨਾਲ ਨਾਲ ਬਹੁਤ ਵਧੀਆ ਇਨਸਾਨ ਹੈ ਅਤੇ ਪਿੰਡ ਡੱਫਰ ਦੀ ਕ੍ਰਿਕਟ ਟੀਮ ਦਾ ਹੋਣਹਾਰ ਖਿਡਾਰੀ ਵੀ ਰਿਹਾ ਹੈ।