Barnala News : ਪਿੰਡ ਉਗੋਕੇ ਦੇ ਨੌਜਵਾਨ ਦੀ ਛੱਪੜ 'ਚ ਡੁੱਬਣ ਨਾਲ ਹੋਈ ਮੌਤ, ਪਿੰਡ 'ਚ ਸੋਗ ਦੀ ਲਹਿਰ
ਨੌਜਵਾਨ ਆਪਣੇ ਘਰ ਆ ਰਿਹਾ ਸੀ ਤਾਂ ਪੈਰ ਤਿਲਕਣ ਕਾਰਨ ਉਹ ਛੱਪੜ ਵਿੱਚ ਡਿੱਗ ਗਿਆ
Barnala News : ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਵਿੱਚ ਥਾਣਾ ਸ਼ਹਿਣਾ ਅਧੀਨ ਪੈਂਦੇ ਪਿੰਡ ਉਗੋਕੇ ਦੇ ਇਕ ਨੌਜਵਾਨ ਦੀ ਛੱਪੜ ਵਿਚ ਡੁੱਬਣ ਨਾਲ ਮੌਤ ਹੋ ਗਈ ਹੈ। ਨੌਜਵਾਨ ਬੇਹੱਦ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਇਸ ਮੌਕੇ ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੁਖਪ੍ਰੀਤ ਸਿੰਘ ਬੀਤੀ ਰਾਤ ਨੂੰ ਆਪਣੇ ਘਰ ਆ ਰਿਹਾ ਸੀ ਤਾਂ ਅਚਾਨਕ ਪੈਰ ਤਿਲਕਣ ਕਾਰਨ ਉਹ ਛੱਪੜ ਵਿੱਚ ਡਿੱਗ ਗਿਆ। ਛੱਪੜ ਵਿੱਚ ਗੰਦਗੀ ਅਤੇ ਦਲਦਲ ਜ਼ਿਆਦਾ ਹੋਣ ਕਾਰਨ ਉਹ ਬਾਹਰ ਨਹੀਂ ਨਿਕਲ ਸਕਿਆ। ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਛੱਪੜ ਵਿੱਚ ਪਹਿਲਾਂ ਵੀ ਤਿੰਨ ਮੌਤਾਂ ਹੋ ਚੁੱਕੀਆਂ ਹਨ। ਛੱਪੜ ਦੇ ਆਲੇ ਦੁਆਲੇ ਕੋਈ ਦੀਵਾਰ ਨਾ ਹੋਣ ਕਾਰਨ ਲਗਾਤਾਰ ਅਜਿਹੇ ਹਾਦਸੇ ਵਾਪਰ ਰਹੇ ਹਨ ਪਰ ਅਧਿਕਾਰੀਆਂ ਵੱਲੋਂ ਕੋਈ ਵੀ ਇਸ ਦਾ ਢੁਕਵਾਂ ਹੱਲ ਨਹੀਂ ਕੀਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਵੀ ਛੋਟੇ ਬੱਚੇ ਸਮੇਤ ਤਿੰਨ ਮੌਤਾਂ ਹੋ ਚੁੱਕੀਆਂ ਹਨ। ਜੋ ਅੱਜ ਚੌਥੀ ਮੌਤ ਉਹਨਾਂ ਦੇ ਨੌਜਵਾਨ ਸੁਖਪ੍ਰੀਤ ਦੀ ਹੋਈ ਹੈ।
ਪੀੜਤ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬੜੀ ਗਰੀਬੀ ਹੋਣ ਦੇ ਬਾਵਜੂਦ ਬੜੀ ਮੁਸ਼ੱਕਤ ਨਾਲ ਉਹਨਾਂ ਨੇ ਆਪਣੇ ਪੁੱਤ ਨੂੰ ਬੀਏ ਦੀ ਪੜ੍ਹਾਈ ਕਰਵਾਈ ਸੀ ਤਾਂ ਜੋ ਅੱਗੇ ਜਾ ਕੇ ਉਹ ਉਹਨਾਂ ਦਾ ਸਹਾਰਾ ਬਣ ਸਕੇ। ਸੁਖਪ੍ਰੀਤ ਸਿੰਘ ਜਿੱਥੇ ਪੜ੍ਹਾਈ ਕਰ ਰਿਹਾ ਸੀ ,ਉੱਥੇ ਹੀ ਫੌਜ ਵਿੱਚ ਭਰਤੀ ਹੋਣ ਲਈ ਟ੍ਰੇਨਿੰਗ ਕਰ ਰਿਹਾ ਸੀ। ਇਸ ਤੋਂ ਇਲਾਵਾ ਉਹ ਆਪਣੇ ਮਾਪਿਆਂ ਤੇ ਘਰ ਦੇ ਗੁਜ਼ਾਰੇ ਲਈ ਵਿਹਲੇ ਸਮੇਂ ਦਿਹਾੜੀ ਮਜਦੂਰੀ ਵੀ ਕਰਦਾ ਸੀ।
ਇਸ ਮਾਮਲੇ ਸੰਬੰਧੀ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਰੀਬ 25 ਸਾਲ ਤੋਂ ਬਣੇ ਇਸ ਛੱਪੜ ਕਾਰਨ ਜਿੱਥੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ,ਉੱਥੇ ਹੀ ਪਿਛਲੇ ਸਮੇਂ ਦੌਰਾਨ ਕਈ ਛੋਟੇ ਬੱਚੇ ਅਤੇ ਹੋਰ ਵਿਅਕਤੀ ਵੀ ਇਸ ਛੱਪੜ ਵਿੱਚ ਡੁੱਬਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ।
ਉਨਾਂ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕਰਦੇ ਕਿਹਾ ਕਿ ਪਹਿਲਾਂ ਵੀ ਇਸ ਛੱਪੜ ਦੇ ਢੁਕਮਾਂ ਹੱਲ ਨਾ ਹੋਣ ਕਾਰਨ ਕਈ ਮੌਤਾਂ ਹੋ ਚੁੱਕੀਆਂ ਹਨ। ਉਹਨਾਂ ਮੰਗ ਕਰਦੇ ਕਿਹਾ ਕਿ ਇਸ ਛੱਪੜ ਦੇ ਆਲੇ ਦੁਆਲੇ ਚਾਰ ਦੀਵਾਰੀ ਕੀਤੀ ਜਾਵੇ ਤਾਂ ਜੋ ਕੋਈ ਅਜਿਹੀ ਘਟਨਾ ਨਾ ਹੋ ਸਕੇ। ਪਿੰਡ ਵਾਸੀਆਂ ਵੱਲੋਂ ਪੀੜਿਤ ਪਰਿਵਾਰਿਕ ਮੈਂਬਰਾਂ ਨੂੰ ਆਰਥਿਕ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ ਹੈ ਤਾਂ ਜੋ ਬਾਕੀ ਰਹਿੰਦੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ। ਸੋ ਲਗਾਤਾਰ ਲਾਪਰਵਾਹੀ ਕਾਰਨ ਹੋ ਰਹੀਆਂ ਮੌਤਾਂ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹਨ।