ਹੰਗਾਮੇ ਭਰਪੂਰ ਰਹੀ ਨਗਰ ਕੌਂਸਲ ਖਰੜ ਦੀ ਮੀਟਿੰਗ
ਨਗਰ ਕੌਸਲ ਖਰੜ ਦੇ ਦਫਤਰ ਵਿਚ ਅੱਜ ਹੋਈ ਮੀਟਿੰਗ ਦੀ ਪ੍ਰਧਾਨਗੀ ਨਗਰ ਕੌਂਸਲ ਖਰੜ ਦੀ ਪ੍ਰਧਾਨ ਬੀਬੀ ਅੰਜੂ ਚੰਦਰ ਨੇ ਕੀਤੀ। ਮੀਟਿੰਗ ਵਿਚ ਖਰੜ ਦੇ ...
ਖਰੜ, ਨਗਰ ਕੌਸਲ ਖਰੜ ਦੇ ਦਫਤਰ ਵਿਚ ਅੱਜ ਹੋਈ ਮੀਟਿੰਗ ਦੀ ਪ੍ਰਧਾਨਗੀ ਨਗਰ ਕੌਂਸਲ ਖਰੜ ਦੀ ਪ੍ਰਧਾਨ ਬੀਬੀ ਅੰਜੂ ਚੰਦਰ ਨੇ ਕੀਤੀ। ਮੀਟਿੰਗ ਵਿਚ ਖਰੜ ਦੇ ਵਿਧਾਇਕ ਕੰਵਰ ਸੰਧੂ ਵੀ ਹਾਜ਼ਰ ਸਨ। ਮੀਟਿੰਗ ਸ਼ੁਰੂ ਹੁੰਦੇ ਸਾਰ ਹੀ ਪਿਛਲੀ ਮੀਟਿੰਗ ਦੀ ਪੁਸ਼ਟੀ ਅਤੇ ਵਿਕਾਸ ਕੰਮਾਂ ਸਬੰਧੀ ਕਾਫੀ ਬਹਿਸਬਾਜੀ ਤੋਂ ਬਾਅਦ ਸਾਰੇ ਮਤੇ ਪਾਸ ਕਰ ਦਿੱਤੇ ਗਏ। ਕੌਂਸਲਰ ਮਾਨ ਸਿੰਘ, ਦਵਿੰਦਰ ਸਿੰਘ ਬੱਲਾ, ਮਲਾਗਰ ਸਿੰਘ, ਕੁਲਦੀਪ ਸਿੰਘ ਨੇ ਪਿੱਛਲੀ ਮੀਟਿੰਗ ਦੀ ਪੁਸ਼ਟੀ ਤੇ ਇਤਰਾਜ ਜਤਾਉਦਿਆਂ ਕੁੱਝ ਕੌਂਸਲਰਾਂ ਦੇ ਵਿਕਾਸ ਕੰਮਾਂ ਦੇ ਮਤੇ ਪਾਸ ਨਾ ਕਰਨ ਦੀ ਗੱਲ ਕਹੀ।
ਇਸ ਤੇ ਕਾਫੀ ਦੇਰ ਹੰਗਾਮਾਂ ਹੋਇਆ ਪਰ ਆਖਰ ਵਿੱਚ ਮੀਟਿੰਗ ਦੀ ਪੁਸ਼ਟੀ ਤੇ ਸਹਿਮਤੀ ਬਣ ਗਈ। ਇਸ ਮੀਟਿੰਗ ਵਿਚ ਸਫਾਈ ਸੇਵਿਕਾ ਸੁਰਿੰਦਰ ਕੌਰ, ਕ੍ਰਮਚਾਰੀ ਗੁਰਨੇਕ ਸਿੰਘ, ਖੁੱਲੀ ਬਾਡੀ ਵਾਲੀ ਸਕਾਰਪੀਉ ਜੀਪ ਖ੍ਰੀਦਣ ਦੇ ਮਤੇ ਪਾਸ ਕੀਤੇ ਗਏ। ਕਈ ਕੌਂਸਲਰਾਂ ਨੇ ਨਵੇਂ ਕੰਮਾਂ ਦੀ ਥਾਂ ਪੁਰਾਣੇ ਪਾਸ ਹੋਏ ਕੰਮਾਂ ਨੂੰ ਸ਼ੁਰੂ ਕਰਵਾਉਣ 'ਤੇ ਜ਼ੋਰ ਦਿਤਾ। ਕੌਂਸਲਰ ਮਲਾਗਰ ਸਿੰਘ ਨੇ ਕਿਹਾ ਕਿ ਜੋ 5-6 ਕਰੋੜ ਦੇ ਟੈਂਡਰ ਹੋ ਰੱਖੇ ਹਨ, ਉਨ੍ਹਾਂ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਕੌਂਸਲਰਾਂ ਨੂੰ ਵਾਰਡ ਵਾਸੀਆਂ ਕੋਲ ਨਮੋਸ਼ੀ ਨਾ ਝੱਲਣੀ ਪਵੇ।
ਕੌਂਸਲ ਪ੍ਰਧਾਨ ਨੇ ਸਾਰੇ ਕੌਂਸਲਰਾਂ ਨੂੰ ਆਪਣੇ ਕੰਮ ਦਾ ਵੇਰਵਾ ਅਧਿਕਾਰੀਆਂ ਨੂੰ ਨੋਟ ਕਰਵਾਉਣ ਦੀ ਗੱਲ ਕਹੀ ਤਾਂ ਜੋ ਅਗਲੀ ਮੀਟਿੰਗ ਵਿੱਚ ਬਿਨਾਂ ਭੇਦ ਭਾਵ ਤੋਂ ਉਨਾਂ ਨੂੰ ਪਾਸ ਕੀਤਾ ਜਾ ਸਕੇ। ਇਸ ਦੌਰਾਨ ਗੈਰ ਕਾਨੂੰਨੀ ਕਲੋਨੀਆਂ ਅੰਦਰ ਕੰਮ ਕਰਵਾਉਣ ਦੀ ਚਰਚਾ ਵੀ ਛਿੜੀ ਜਿਸ ਤੇ ਪ੍ਰਧਾਨ ਨੇ ਕਿਹਾ ਕਿ ਅਜਿਹੀ ਕਾਲੋਨੀ ਸਬੰਧੀ ਅਧਿਕਾਰੀਆਂ ਦੀ ਰਿਪੋਰਟ ਤੋਂ ਬਾਅਦ ਹੀ ਕੰਮ ਹੋਣਗੇ।
ਹਲਕਾ ਵਿਧਾਇਕ ਕੰਵਰ ਸੰਧੂ ਨੇ ਕੌਂਸਲਰਾਂ ਨੂੰ ਨੈਤਿਕਤਾ ਦਾ ਪਾਠ ਪੜਾਉਦਿਆਂ ਕਲੇਸ਼ ਬਾਜੀ ਤੋਂ ਉਪਰ ਉੱਠ ਕੇ ਸ਼ਹਿਰ ਦੇ ਕੰਮਾਂ ਵੱਲ ਧਿਆਨ ਦੇਣ ਦੀ ਸਲਾਹ ਦਿਤੀ। ਉਨ੍ਹਾਂ ਨਗਰ ਕੌਂਸਲ ਦਾ ਇਕ ਸ਼ਿਕਾਇਤ ਕੰਟਰੋਲ ਰੂਮ ਬਣਾਉਣ ਦਾ ਸੁਝਾਅ ਦਿਤਾ ਤਾਂ ਜੋ ਲੋਕਾਂ ਨੂੰ ਸ਼ਿਕਾਇਤਾਂ ਜਾਂ ਕੰਮਾਂ ਲਈ ਖੱਜਲ ਖੁਆਰ ਨਾ ਹੋਣਾ ਪਵੇ। ਈ.À ਵਰਿੰਦਰ ਜੈਨ ਨੇ ਅਗਲੀ ਮੀਟਿੰਗ ਵਿਚ ਇਸ ਸਬੰਧੀ ਪ੍ਰਪੋਜਲ ਪੇਸ਼ ਕਰਨ ਦਾ ਭਰੋਸਾ ਦਿਤਾ।