ਧਰਮਸੋਤ ਦਾ ਸੁਖਬੀਰ ਨੂੰ ਮੋੜਵਾਂ ਜਵਾਬ , ਅਕਾਲੀ ਦਲ ਨੇ ਪੰਜਾਬ ਦਾ ਵਿਕਾਸ ਨਹੀ, ਵਿਨਾਸ਼ ਕੀਤਾ
ਸੁਖਬੀਰ ਨੂੰ ਗਿਆਨ ਦੀ ਘਾਟ, ਪੇਅ-ਕਮਿਸ਼ਨ ਕਾਂਗਰਸ ਨੇ ਦਿਤੇ, ਨਾਕਿ ਅਕਾਲੀ ਦਲ ਨੇ
ਖੰਨਾ, 23 ਜੁਲਾਈ (ਅਦਰਸ਼ਜੀਤ ਸਿੰਘ ਖੰਨਾ) : ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪ੍ਰੈੱਸ ਕਾਨਫ਼ਰੰਸ ਕਰ ਕੇ ਕੀਤੀ ਬਿਆਨਬਾਜ਼ੀ ਨੂੰ ਝੂਠ ਦਾ ਪੁਲੰਦਾ ਦਸਦਿਆਂ ਕਿ ਅਕਾਲੀ ਦਲ ਕੇਂਦਰ ਦੇ ਖੇਤੀਬਾੜੀ ਬਾਰੇ ਆਰਡੀਨੈਂਸ ਨੂੰ ਲੈ ਕੇ ਪਤਾ ਨਹੀਂ ਕਿਉਂ ਮੁੜ ਮੁੜ ਝੂਠ ਬੋਲ ਰਿਹਾ ਹੈ? ਜਦਕਿ ਸੂਬੇ ਦੇ ਕਿਸਾਨ ਮੋਦੀ ਸਰਕਾਰ ਵਿਰੁਧ ਸੜਕਾਂ 'ਤੇ ਉਤਰ ਕਿ ਰੋਜ਼ ਦਿਹਾੜੇ ਪ੍ਰਦਰਸ਼ਨ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਅਪਣੇ ਮੈਨੀਫ਼ੈਸਟੋ 'ਚ ਕੀਤੇ ਵਾਆਦਿਆਂ 'ਚੋਂ 75 ਫ਼ੀ ਸਦੀ ਵਾਅਦੇ ਪੂਰੇ ਕੀਤੇ ਜਾ ਚੁੱਕੇ ਹਨ ਤੇ ਬਾਕੀ ਰਹਿੰਦੇ 25 ਫ਼ੀ ਸਦੀ ਵਾਅਦੇ ਆਉਣ ਵਾਲੇ ਸਮੇਂ 'ਚ ਪੂਰੇ ਕਰ ਦਿਤੇ ਜਾਣਗੇ। ਸਰਦਾਰ ਧਰਮਸੋਤ ਨੇ ਕਿਹਾ ਕਿ ਅਕਾਲੀ ਦਲ ਨੇ ਅਪਣੇ 10 ਸਾਲਾਂ ਦੇ ਕਾਰਜਕਾਲ 'ਚ ਪੰਜਾਬ ਦਾ ਵਿਕਾਸ ਨਹੀਂ, ਸਗੋਂ ਵਿਨਾਸ਼ ਕਰ ਕੇ ਰੱਖ ਦਿਤਾ ਸੀ, ਇਸੇ ਕਰ ਕੇ ਹੀ ਸੂਬੇ ਦੇ ਲੋਕਾਂ ਨੇ ਅਕਾਲੀ ਦਲ ਨੂੰ 2017 ਦੀਆਂ ਚੋਣਾਂ 'ਚ ਮੂਧੇ ਮੂੰਹ ਸੁਟਿਆ ਸੀ ਅਤੇ ਇਥੋਂ
ਤਕ ਕਿ ਵਿਧਾਨ ਸਭਾ 'ਚ ਵਿਰੋਧੀ ਧਿਰ ਤੋਂ ਵੀ ਪਿਛਾਂਹ ਹਟਾ ਦਿਤਾ। ਉਨ੍ਹਾਂ ਕਿਹਾ ਕਿ ਸੁਖਬੀਰ ਝੂਠ ਬੋਲਣ ਦਾ ਆਦੀ ਹੈ।
ਉਸ ਨੂੰ ਸ਼ਾਇਦ ਇਹ ਗਿਆਨ ਨਹੀਂ ਕਿ ਜ਼ਿਆਦਾਤਰ ਪੇ ਕਮਿਸ਼ਨ ਕਾਂਗਰਸ ਵਲੋਂ ਲਾਗੂ ਕੀਤੇ ਗਏ ਹਨ ਅਤੇ ਹੁਣ ਵੀ ਛੇਵਾਂ ਪੇ ਕਮਿਸ਼ਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੀ ਲਾਗੂ ਕਰੇਗੀ। ਤਲਵੰਡੀ ਪਰਵਾਰ ਵਲੋਂ ਅਕਾਲੀ ਦਲ ਨੂੰ ਅਲਵਿਦਾ ਕਹਿੰਦਿਆਂ ਢੀਂਡਸਾ ਨਾਲ ਜੁੜਨ 'ਤੇ ਤੰਜ ਕਸਦਿਆਂ ਸਰਦਾਰ ਧਰਮਸੋਤ ਨੇ ਕਿਹਾ ਕਿ ਅਕਾਲੀ ਦਲ ਹੁਣ ਖਾਲੀ ਦਲ ਬਣ ਗਿਆ ਹੈ। ਜਿਸ ਵਿਚ ਸਿਰਫ਼ ਬਾਦਲ ਦੇ ਪਰਵਾਰਕ ਮੈਂਬਰ ਹੀ ਬਚੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਕੁਰਬਾਨੀਆਂ ਵਾਲਾ ਅਕਾਲੀ ਦਲ ਤਾਂ ਹੁਣ ਇਤਿਹਾਸ ਦੇ ਪੰਨਿਆਂ 'ਚ ਹੀ ਮਿਲਦਾ ਹੈ। ਸੂਬੇ ਜੰਗਲਾਤ ਮੰਤਰੀ ਸਰਦਾਰ ਧਰਮਸੋਤ ਨੇ ਇਹ ਦਾਆਵਾ ਵੀ ਕੀਤਾ ਕਿ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਮੁੜ ਕਾਂਗਰਸ ਦੀ ਸਰਕਾਰ ਹੀ ਬਣੇਗੀ।