ਸਾਲ 2019 'ਚ ਹੀ ਚਾਵਲਾ ਨੇ ਪੰਜਾਬ ਸਰਕਾਰ ਤੋਂ ਖ਼ੁਦਕੁਸ਼ੀ ਦੀ ਆਗਿਆ ਮੰਗੀ ਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟਰੌਲੀਅਮ ਡੀਲਰ ਐਸੋਸੀਏਸ਼ਨ ਨੇ ਕੀਤਾ ਪ੍ਰਗਟਾਵਾ

Dealer GS Chawla

ਚੰਡਗੀੜ੍ਹ, 23 ਜੁਲਾਈ (ਗੁਰਉਪਦੇਸ਼ ਭੁੱਲਰ) : ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਪੰਜਾਬ ਵਲੋਂ ਮੋਹਾਲੀ ਦੇ ਪ੍ਰਸਿੱਧ ਪਟਰੌਲ ਪੰਪ ਡੀਲਰ ਜੀ.ਐਸ. ਚਾਵਲਾ ਦੀ ਖ਼ੁਦਕੁਸ਼ੀ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਪਟਰੌਲ 'ਤੇ ਲਾਏ ਵਧੇਰੇ ਵੈਟ ਨੂੰ ਚੰਡੀਗੜ੍ਹ ਅਤੇ ਪੰਚਕੂਲਾ ਨਾਲ ਇਕਸਾਰ ਕਰਨ ਦੀ ਲੜਾਈ ਲੜਦਿਆਂ ਅਪਣੀ ਜਾਨ ਕੁਰਬਾਨ ਕਰ ਦਿਤੀ ਹੈ।

ਐਸੋਸੀਏਸ਼ਨ ਵਲੋਂ ਅਸ਼ਵਿੰਦਰ ਸਿੰਘ ਮੋਂਗੀਆ ਨੇ ਕਿਹਾ ਕਿ ਜਦੋਂ ਚਾਵਲਾ ਅਪਣੇ ਸਾਰੇ ਯਤਨਾਂ ਤੇ ਸੰਘਰਸ਼ਾਂ ਦੇ ਬਾਵਜੂਦ ਸਰਕਾਰ ਤੋਂ ਵੈਟ ਇਕਸਾਰ ਕਰਨ ਦੀ ਮੰਗ ਪੂਰੀ ਨਾ ਕਰਵਾ ਸਕੇ ਤਾਂ ਉਨ੍ਹਾਂ ਜੁਲਾਈ 2019 'ਚ ਹੀ ਸਰਕਾਰ ਤੋਂ ਖ਼ੁਦਕੁਸ਼ੀ ਦੀ ਆਗਿਆ ਮੰਗੀ ਸੀ। ਉਨ੍ਹਾਂ ਪੰਜਾਬ ਸਰਕਾਰ ਨੂੰ ਹਾਲੇ ਵੀ ਵੈਟ ਇਕਸਾਰ ਕਰਨ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਅਜਿਹਾ ਨਾ ਹੋਇਆ ਤਾਂ ਚੰਡੀਗੜ੍ਹ ਨਾਲ ਲਗਦੇ ਪੰਜਾਬ ਦੇ ਮੋਹਾਲੀ, ਫਤਿਹਗੜ੍ਹ ਸਾਹਿਬ ਤੇ ਰੋਪੜ ਜ਼ਿਲ੍ਹੇ ਦੇ ਹੋਰ ਕਈ ਪਟਰੌਲ ਪੰਪ ਡੀਲਰ ਆਰਥਕ ਮੰਦੀ ਤੋਂ ਨਿਰਾਸ਼ ਹੋ ਕੇ ਚਾਵਲਾ ਵਾਲਾ ਕਦਮ ਚੁੱਕਣ ਲਈ ਤਿਆਰ ਬੈਠੇ ਹਨ।

ਹਾਲੇ ਵੀ ਸਮਾਂ ਹੈ ਕਿ ਇਸ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਵੈਟ ਜ਼ਿਆਦਾ ਹੋਣ ਕਾਰਨ ਮੋਹਾਲੀ, ਫ਼ਤਿਹਗੜ੍ਹ ਸਾਹਿਬ ਅਤੇ ਰੋਪੜ ਦੇ ਪਟਰੌਲ ਪੰਪ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੇ ਹਨ ਤੇ ਇਨ੍ਹਾਂ ਖੇਤਰਾਂ ਦਾ 70 ਫ਼ੀ ਸਦੀ ਤੋਂ ਵਧ ਪਟਰੌਲ ਕਾਰੋਬਾਰ ਸਸਤਾ ਹੋਣ ਕਾਰਨ ਚੰਡੀਗੜ੍ਹੋਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਵਲਾ 15 ਸਾਲ ਤੋਂ ਇਨ੍ਹਾਂ ਖੇਤਰਾਂ ਦੇ ਕਾਰੋਬਾਰ ਨੂੰ ਬਚਾਉਣ ਲਈ ਲੜਾਈ ਲੜ ਰਹੇ ਸਨ ਤੇ ਆਖ਼ਰ ਨਿਰਾਸ਼ ਹੋ ਕੇ ਇਸ ਕੋਰੋਨਾ ਮੰਦੀ ਦੇ ਮੌਸਮ ਵਿਚ ਮੌਤ ਨੂੰ ਗਲੇ ਲਾ ਲਿਆ।