ਪੰਜਾਬ ਭਾਜਪਾ ਕੋਰ ਕਮੇਟੀ ਵਿਚ ਅੱਜ ਉਠੇਗਾ ਇਕੱਲਿਆਂ ਚੋਣ ਲੜਨ ਦਾ ਮੁੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਰਟੀ ਦੇ ਕੌਮੀ ਪ੍ਰਧਾਨ ਨੱਡਾ ਲੈਣਗੇ ਮੀਟਿੰਗ

JP Nadda

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਭਾਜਪਾ ਨੇ ਵੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰਨ ਲਈ ਹੁਣੇ ਤੋਂ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿਤੀ ਹੈ। ਇਸੇ ਤਹਿਤ ਪੰਜਾਬ ਭਾਜਪਾ ਦੀ ਕੋਰ ਕਮੇਟੀ ਦੀ ਇਕ ਅਹਿਮ ਮੀਟਿੰਗ 24 ਜੁਲਾਈ ਨੂੰ ਸੱਦੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਵੀਡੀਉ ਕਾਨਫ਼ਰੰਸਿੰਗ ਰਾਹੀਂ ਹੋਣ ਵਾਲੀ ਇਹ ਮੀਟਿੰਗ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਲੈਣਗੇ।

ਭਾਜਪਾ ਦੇ ਸੂਤਰਾਂ ਮੁਤਾਬਕ ਇਸ ਮੀਟਿੰਗ ਵਿਚ ਇਸ ਵਾਰ ਇਕੱਲਿਆਂ ਅਪਣੇ ਬਲਬੂਤੇ ਚੋਣ ਲੜਨ ਦਾ ਮੁੱਦਾ ਕੁੱਝ ਸੀਨੀਅਰ ਨੇਤਾ ਉਠਾਉਣਗੇ। ਭਾਜਪਾ ਦੇ ਸੀਨੀਅਰ ਨੇਤਾ ਮਦਨ ਮੋਹਨ ਮਿੱਤਲ ਦੇ ਸੁਝਾਅ ਮੁਤਾਬਕ ਇਸ ਵਾਰ ਬਦਲੀਆਂ ਸਥਿਤੀਆਂ ਦੇ ਮੱਦੇਨਜ਼ਰ ਅਕਾਲੀ-ਭਾਜਪਾ ਗਠਜੋੜ ਕਾਇਮ ਰਹਿਣ ਦੀ ਹਾਲਤ ਵਿਚ 59 ਸੀਟਾਂ ਅਕਾਲੀ ਦਲ ਤੋਂ ਲੈਣ ਦੀ ਗੱਲ ਵੀ ਕੌਮੀ ਪ੍ਰਧਾਨ ਅੱਗੇ ਰੱਖੀ ਜਾਵੇਗੀ।

ਕੁੱਝ ਭਾਜਪਾ ਨੇਤਾ ਅਕਾਲੀ ਦਲ (ਬਾਦਲ) ਦੇ ਕਮਜ਼ੋਰ ਹੋਏ ਆਧਾਰ 'ਤੇ ਸੁਖਦੇਵ ਸਿੰਘ ਢੀਂਡਸਾ ਵਲੋਂ ਵਖਰਾ ਦਲ ਬਣਾ ਲੈਣ ਦਾ ਤਰਕ ਦੇ ਕੇ ਬਾਦਲ ਦਲ ਤੋਂ ਵੱਖ ਹੋ ਕੇ ਵਿਧਾਨ ਸਭਾ ਚੋਣ ਵਿਚ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਮੁਤਾਬਕ ਲੜਨ ਦਾ ਸੁਝਾਅ ਦੇਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਦਿਨੀਂ ਭਾਜਪਾ ਦੇ ਸੂਬਾਈ ਅਹੁਦੇਦਾਰਾਂ ਤੋਂ ਵਿਧਾਨ ਸਭਾ ਚੋਣਾਂ ਬਾਰੇ ਸੁਝਾਅ ਲੈਣ ਲਈ ਸੂਬਾ ਇੰਚਾਰਜ ਤੇ ਕੇਂਦਰੀ ਆਗੂ ਪ੍ਰਭਾਤ ਝਾਅ ਵੀ ਮੀਟਿੰਗ ਕਰ ਚੁੱਕੇ ਹਨ।

ਇਸ ਮੀਟਿੰਗ ਦੌਰਾਨ ਵੀ ਇਕੱਲਿਆਂ ਵਿਧਾਨ ਸਭਾ ਚੋਣ ਲੜਨ ਦਾ ਮਾਮਲਾ ਉਠਿਆ ਸੀ। ਇਸ ਕਰ ਕੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੀ ਪ੍ਰਦੇਸ਼ ਲੀਡਰਸ਼ਿਪ ਦੀ ਕੋਰ ਕਮੇਟੀ ਦੀ ਕੌਮੀ ਪ੍ਰਧਾਨ ਨੱਢਾ ਵਲੋਂ ਕੀਤੀ ਜਾਣ ਵਾਲੀ ਮੀਟਿੰਗ ਨੂੰ ਅਹਿਮ ਮੰਨਿਆ ਜਾ ਰਿਹਾ ਹੈ