ਜਥੇਦਾਰ ਤਲਵੰਡੀ ਸਾਥੀਆਂ ਸਮੇਤ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ ਵਿਚ ਹੋਏ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਸਪੁੱਤਰ ਅਤੇ ਸਾਬਕਾ ਅਕਾਲੀ ਵਿਧਾਇਕ ਜਥੇਦਾਰ

File Photo

ਐਸ.ਏ.ਐਸ ਨਗਰ, 23 ਜੁਲਾਈ (ਸੁਖਦੀਪ ਸਿੰਘ ਸੋਈ) : ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਸਪੁੱਤਰ ਅਤੇ ਸਾਬਕਾ ਅਕਾਲੀ ਵਿਧਾਇਕ ਜਥੇਦਾਰ ਰਣਜੀਤ ਸਿੰਘ ਤਲਵੰਡੀ ਵਲੋਂ ਅਪਣੇ ਸਾਥੀਆਂ ਸਮੇਤ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ।

ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਲਈ ਸਥਾਨਕ ਫੇਜ਼-11 ਦੇ ਗੁਰਦੁਆਰਾ ਸਾਹਿਬ ਸ਼੍ਰੋਮਣੀ ਭਗਤ ਸ੍ਰੀ ਨਾਮਦੇਵ ਜੀ ਵਿਚ ਪਹੁੰਚ ਜਥੇਦਾਰ ਤਲਵੰਡੀ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਕਾਰਪੋਰੇਟ ਘਰਾਣਿਆਂ ਦੀ ਪਾਰਟੀ ਬਣਾ ਕੇ ਰੱਖ ਦਿਤਾ ਹੈ ਜਦਕਿ ਕੁਰਬਾਨੀਆਂ ਵਾਲੇ ਟਕਸਾਲੀ ਪਰਵਾਰਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਇਸ ਸਬੰਧੀ ਹੋਰਨਾਂ ਸੀਨੀਅਰ ਆਗੂਆਂ ਸਮੇਤ ਸਮੇਂ-ਸਮੇਂ ਸਿਰ ਵੱਡੇ ਬਾਦਲ ਨੂੰ ਹਾਲਾਤ ਤੋਂ ਜਾਣੂ ਕਰਵਾਇਆ ਜਾਂਦਾ ਰਿਹਾ ਹੈ ਪ੍ਰੰਤੂ ਪੁੱਤਰ ਮੋਹ ਕਾਰਨ ਉਨ੍ਹਾਂ ਨੇ ਵੀ ਅਪਣੇ ਪੁਰਾਣੇ ਸਾਥੀਆਂ ਅਤੇ ਟਕਸਾਲੀ ਪਰਵਾਰਾਂ ਦੀਆਂ ਉਸਾਰੂ ਦਲੀਲਾਂ ਨੂੰ ਅਣਡਿੱਠ ਕਰ ਦਿਤਾ ਜਿਸ ਕਾਰਨ ਉਹ ਪਿਛਲੇ ਇਕ ਸਾਲ ਤੋਂ ਅਪਣੀਆਂ ਸਿਆਸੀ ਸਰਗਰਮੀਆਂ ਤੋਂ ਕਿਨਾਰਾ ਕਰ ਕੇ ਘਰ ਬੈਠ ਗਏ ਸਨ ਅਤੇ ਅਕਾਲੀ ਦਲ ਦੀ ਕਿਸੇ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਉਨ੍ਹਾਂ ਕਿਹਾ ਕਿ ਹੁਣ ਢੀਂਡਸਾ ਨੇ ਅਸਲ ਅਕਾਲੀ ਦਲ ਦੀ ਹੋਂਦ ਬਚਾਉਣ ਲਈ ਪਹਿਲਕਦਮੀ ਕੀਤੀ ਹੈ।

ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਣਦੇਖੀ ਦਾ ਸ਼ਿਕਾਰ ਹੋਏ ਸਾਰੇ ਪੁਰਾਣੇ ਸਾਥੀਆਂ ਅਤੇ ਵਫ਼ਾਦਾਰ ਵਰਕਰਾਂ ਨੂੰ ਪੰਥ ਦੀ ਸੇਵਾ ਕਰਨ ਲਈ ਮਨਾਉਣ ਲਈ ਉਹ ਘਰ ਘਰ ਜਾਣਗੇ। ਇਸ ਤੋਂ ਪਹਿਲਾਂ ਬੀਬੀ ਮਹਿੰਦਰ ਕੌਰ ਤਲਵੰਡੀ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਲੋਈ ਅਤੇ ਸਿਰੋਪਾਉ ਦੇ ਕੇ ਸਨਮਾਨਤ ਕੀਤਾ।
ਇਸ ਮੌਕੇ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ,

ਬੀਬੀ ਪਰਮਜੀਤ ਕੌਰ ਗੁਲਸ਼ਨ, ਨਿਧੜਕ ਸਿੰਘ ਬਰਾੜ, ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ, ਗਗਨਪ੍ਰੀਤ ਸਿੰਘ ਬੈਂਸ, ਜਥੇਦਾਰ ਰਣਜੀਤ ਸਿੰਘ ਤਲਵੰਡੀ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਮੋਕੇ ਵਿਸ਼ੇਸ਼ ਤੋਰ ਤੇ ਪੁਜੇ ਮਨਜੀਤ ਸਿੰਘ ਭੋਮਾਂ, ਸਰਬਜੀਤ ਸਿੰਘ ਜੰਮੂ, ਸ਼ਵਿੰਦਰ ਸਿੰਘ ਬਰਾੜ ਐਡਵੋਕੇਟ ਬਠਿੰਡਾ, ਹਰਸ਼ਰਨ ਸਿੰਘ ਭਾਤਪੁਰ ਜੱਟਾਂ, ਸੁਖਜੀਤ ਸਿੰਘ ਨੀਨਾਚੇਹਲ ਮਾਨਸਰ ਗੁਰਸੇਵ ਸਿੰਘ ਹਰਪਾਲਪੁਰ, ਅਮਨਦੀਪ ਸਿੰਘ ਅਬਿਆਨਾ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।