ਕਰੋਨਾ ਸਬੰਧੀ ਪੰਜਾਬ 'ਚ ਸਖ਼ਤੀ, ਹੁਣ ਅਣਗਹਿਲੀ ਵਰਤਣ ਵਾਲਿਆਂ ਦੀ ਜੇਬ ਹੋਵੇਗੀ ਹੋਰ ਜ਼ਿਆਦਾ ਢਿੱਲੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਨੇ ਸਖ਼ਤੀ ਦੇ ਨਾਲ-ਨਾਲ ਜੁਰਮਾਨਿਆਂ ਦੀ ਰਕਮ ਵਧਾਈ

Capt Amrinder Singh

ਚੰਡੀਗੜ੍ਹ : ਕਰੋਨਾ ਮਹਾਮਾਰੀ ਦੇ ਸ਼ੁਰੂਆਤੀ ਦੌਰ ਤੋਂ ਹੀ ਪੰਜਾਬ ਸਰਕਾਰ ਸਖ਼ਤੀ ਵਰਤਦੀ ਆ ਰਹੀ ਹੈ। ਇਸ ਦੇ ਬਾਵਜੂਦ ਪੰਜਾਬ ਅੰਦਰ ਕਰੋਨਾ ਮਰੀਜ਼ਾਂ ਦਾ ਵਧਣਾ ਬਾਦਸਤੂਰ ਜਾਰੀ ਹੈ। ਪੰਜਾਬ ਸਰਕਾਰ ਵਲੋਂ ਸਖ਼ਤੀ ਦੀਆਂ ਹਦਾਇਤਾਂ ਦੇ ਬਾਵਜੂਦ ਲੋਕਾਂ ਅੰਦਰ ਨਾ ਹੀ ਕਾਨੂੰਨ ਦਾ ਡਰ ਪੈਦਾ ਹੋ ਰਿਹਾ ਹੈ ਅਤੇ ਨਾ ਹੀ ਬਿਮਾਰੀ ਫ਼ੈਲਣ ਦਾ ਕੋਈ ਖੌਫ ਹੀ ਨਜ਼ਰ ਆ ਰਿਹਾ ਹੈ।

ਸਰਕਾਰ ਨੇ ਵੀ ਹੁਣ ਲੋਕਾਂ ਅੰਦਰ ਕਾਨੂੰਨ ਅਤੇ ਬਿਮਾਰੀ ਦਾ ਡਰ ਪੈਦਾ ਕਰਨ ਦੇ ਮਕਸਦ ਨਾਲ ਅਣਗਹਿਲੀ ਵਰਤਣ ਵਾਲਿਆਂ ਦੀਆਂ ਜੇਬਾਂ ਵਧੇਰੇ ਢਿੱਲੀਆਂ ਕਰਨ ਦਾ ਮੰਨ ਬਣਾ ਲਿਆ ਹੈ। ਬੀਤੇ ਦਿਨ ਜਾਰੀ ਕੀਤੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਹੁਣ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਅਣਗੌਲਿਆਂ ਕਰਨ ਦੀ ਸੂਰਤ ਵਿਚ ਭਾਰੀ ਜੁਰਮਾਨੇ ਭਰਨੇ ਪੈ ਸਕਦੇ ਹਨ। ਨਵੇਂ ਜਾਰੀ ਕੀਤੇ ਹੁਕਮਾਂ ਮੁਤਾਬਕ ਹੁਣ ਇਕਾਂਤਵਾਸ ਦੇ ਨਿਯਮਾਂ ਦੀ ਉਲੰਘਣਾ ਕਰਨ ਦੀ ਸੂਰਤ 'ਚ 5000 ਰੁਪਏ ਤਕ ਦਾ ਜੁਰਮਾਨਾ ਭਰਨਾ ਪਵੇਗਾ।

ਇਸੇ ਤਰ੍ਹਾਂ ਰੈਸਟੋਰੈਂਟਾਂ ਅਤੇ ਖਾਣ-ਪੀਣ ਵਾਲੀਆਂ ਥਾਵਾਂ 'ਤੇ ਵੀ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਅਣਗੌਲਿਆਂ ਕਰਨ ਵਾਲਿਆਂ ਨੂੰ 5000 ਤਕ ਦਾ ਜੁਰਮਾਨਾ ਭਰਨਾ ਪਵੇਗਾ। ਇਸ ਤੋਂ ਇਲਾਵਾ ਇਕੱਠਾ ਦੌਰਾਨ ਸਮਾਜਿਕ ਦੂਰੀ ਦੇ ਤੈਅ ਮਾਪਦੰਡਾਂ ਨੂੰ ਅਣਗੌਲਾ ਕਰਨ ਅਤੇ ਤੈਅ ਗਿਣਤੀ ਤੋਂ ਵਧੇਰੇ ਇਕੱਠ ਕਰਨ ਦੀ ਸੂਰਤ 'ਚ 10,000 ਰੁਪਏ ਦਾ ਜੁਰਮਾਨਾ ਅਦਾ ਕਰਨਾ ਪੈ ਸਕਦਾ ਹੈ।

ਇਸੇ ਤਰ੍ਹਾਂ ਦੁਕਾਨਾਂ ਅਤੇ ਵਪਾਰਕ ਥਾਵਾਂ 'ਤੇ ਸਮਾਜਿਕ ਦੂਰੀ ਨੂੰ ਅਣਗੌਲਿਆ ਕਰਨ ਦੀ ਸੂਰਤ ਵਿਚ 2000 ਰੁਪਏ ਅਦਾ ਕਰਨੇ ਪੈਣਗੇ। ਬੱਸਾਂ ਅਤੇ ਕਾਰਾਂ 'ਚ ਅਜਿਹੀ ਉਲੰਘਣਾ ਕਰਨ ਵਾਲਿਆਂ ਨੂੰ 3000 ਅਤੇ 2000 ਰੁਪਏ ਜੁਰਮਾਨਾ ਹੋਵੇਗਾ। ਇਸੇ ਤਰ੍ਹਾਂ ਆਟੋ ਰਿਕਸ਼ਾਂ ਜਾਂ ਦੋਪਹੀਆਂ ਵਾਹਨਾਂ 'ਤੇ ਅਜਿਹੀ ਹੀ ਉਲੰਘਣਾ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਹੁਣ 500 ਰੁਪਏ ਜੁਰਮਾਨਾ ਭਰਨਾ ਪਵੇਗਾ।

ਇਸ ਤੋਂ ਇਲਾਵਾ ਸਰਕਾਰ ਨੇ ਹੋਰ ਵੀ ਕਈ ਕਦਮ ਚੁੱਕੇ ਹਨ ਜਿਨ੍ਹਾਂ 'ਚ ਸਰਕਾਰ ਨੇ ਸੂਬੇ ਅੰਦਰ 240 ਕੋਵਿਡ ਦਸਤੇ ਬਣਾਉਣ ਦਾ ਐਲਾਨ ਕੀਤਾ ਹੈ। ਇਸ ਮਕਸਦ ਦੀ ਪੂਰਤੀ ਲਈ ਹੁਣ ਗ਼ੈਰ ਜ਼ਰੂਰੀ ਥਾਵਾਂ 'ਤੇ ਤੈਨਾਤ 6355 ਪੁਲਿਸ ਮੁਲਾਜ਼ਮਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ, ਜਿਨ੍ਹਾਂ ਨੂੰ ਇਨ੍ਹਾਂ ਦਸਤਿਆਂ 'ਚ ਸ਼ਾਮਲ ਕੀਤਾ ਜਾਵੇਗਾ। ਸਰਕਾਰ ਨੇ ਬੱਸ ਅੱਡਿਆਂ ਸਮੇਤ ਹੋਰ ਸਾਂਝੀਆਂ ਥਾਂਵਾਂ 'ਤੇ ਮਾਸਕ ਮੁਹੱਈਆ ਕਰਵਾਉਣ ਲਈ ਮਸ਼ੀਨਾ ਲਾਉਣ ਦਾ ਫ਼ੈਸਲਾ ਕੀਤਾ ਹੈ।

ਸਰਕਾਰ ਨੇ ਅਨਲੌਕ 2:0 ਦੌਰਾਨ ਫ਼ਿਲਮਾਂ ਅਤੇ ਗੀਤਾਂ ਦੀਆਂ ਵੀਡੀਓਜ਼ ਦੇ ਫ਼ਿਲਮਾਕਣ ਦੀ ਮਨਜ਼ੂਰੀ ਪਹਿਲਾਂ ਹੀ ਦੇ ਚੁੱਕੀ ਹੈ। ਨਵੇਂ ਦਿਸ਼ਾ ਨਿਰਦੇਸ਼ ਤਹਿਤ ਸ਼ੂਟਿੰਗ ਥਾਵਾਂ 'ਤੇ 50 ਤੋਂ ਵਧੇਰੇ ਵਿਅਕਤੀਆਂ ਦਾ ਇਕੱਠ ਨਹੀਂ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਸ਼ੂਟਿੰਗ ਦੌਰਾਨ ਕਰੋਨਾ ਸਬੰਧੀ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਇਨਬਿਨ ਪਾਲਣਾ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਦਿਤੀਆਂ ਗਈਆਂ ਹਨ। ਨਵੇਂ ਹੁਕਮਾਂ ਤਹਿਤ ਹੁਣ ਸ਼ੂਟਿੰਗ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਕੋਲ ਆਗਿਆ ਲੈਣ ਲਈ ਬਿਨੈ ਪੱਤਰ ਦੇਣਾ ਪਵੇਗਾ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਵਲੋਂ ਪੁਲਿਸ ਅਧਿਕਾਰੀਆਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਮਨਜ਼ੂਰੀ ਦਿਤੀ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।