ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ ਦਾ ਵਫ਼ਦ ਗ੍ਰਹਿ ਮੰਤਰੀ ਨੂੰ ਮਿਲ ਕੇ ਕਰੇਗਾ ਸ਼੍ਰੋਮਣੀ ਕਮੇਟੀ
ਸ. ਸੁਖਦੇਵ ਸਿੰਘ ਢੀਂਡਸਾ ਦੀ ਪ੍ਰਧਾਨਗੀ ਵਾਲੇ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਅਤੇ ਸਾਬਕਾ
ਗੁਰਦਾਸਪੁਰ, 23 ਜੁਲਾਈ (ਹਰਜੀਤ ਸਿੰਘ ਆਲਮ) : ਸ. ਸੁਖਦੇਵ ਸਿੰਘ ਢੀਂਡਸਾ ਦੀ ਪ੍ਰਧਾਨਗੀ ਵਾਲੇ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸ. ਸੇਵਾ ਸਿੰਘ ਸੇਖਵਾਂ ਨੇ ਅੱਜ ਸਪੋਕਸਮੈਨ ਨਾਲ ਫ਼ੋਨ 'ਤੇ ਕੀਤੀ ਗੱਲਬਾਤ ਦੌਰਾਨ ਦਸਿਆ ਹੈ ਕਿ ਦਲ ਦਾ ਇਕ 7 ਮੈਂਬਰੀ ਵਫ਼ਦ ਜਲਦੀ ਹੀ ਦਿੱਲੀ ਵਿਖੇ ਪੁੱਜ ਕੇ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਮਿਲਣ ਜਾ ਰਿਹਾ ਹੈ ਜਿਸ ਰਾਹੀਂ ਹੋਰ ਮੁੱਦਿਆਂ ਤੋਂ ਇਲਾਵਾ ਕੇਂਦਰ ਤੋਂ ਇਹ ਵੀ ਮੰਗ ਕੀਤੀ ਜਾਵੇਗੀ ਕਿ ਪਹਿਲਾਂ ਹੀ ਬਹੁਤ ਪੱਛੜ ਚੁੱਕੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ।
ਸ. ਸੇਖਵਾਂ ਨੇ ਇਹ ਵੀ ਦਸਿਆ ਕਿ ਗ੍ਰਹਿ ਮੰਤਰੀ ਨਾਲ ਮੁਲਕਾਤ ਕਰਨ ਲਈ ਸਮਾਂ ਲੈਣ ਵਾਸਤੇ ਅੱਜ ਹੀ ਇਕ ਪੱਤਰ ਗ੍ਰਹਿ ਮੰਤਰੀ ਨੂੰ ਲਿਖਿਆ ਗਿਆ ਹੈ। ਉਨ੍ਹਾਂ ਹੋਰ ਕਿਹਾ ਕਿ ਭਾਵੇਂ ਬਾਦਲ ਦਲ ਇਨ੍ਹਾਂ ਚੋਣਾਂ ਨੂੰ ਜਿੰਨਾ ਮਰਜ਼ੀ ਅਗਾਂਹ ਪਵਾ ਲਵੇ ਪਰ ਇਕ ਗੱਲ ਪੱਕੀ ਹੈ ਕਿ ਅਵੇਰ-ਸਵੇਰ ਜਦੋਂ ਵੀ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਬਾਅਦ ਸਿੱਖ ਵੋਟਰ ਬਾਦਲ ਦਲ ਦਾ ਸ਼ੋਮਣੀ ਕਮੇਟੀ, ਅਕਾਲੀ ਦਲ ਅਤੇ ਸ੍ਰੀ ਅਕਾਲ ਤਖ਼ਤ ਤੋਂ ਕਬਜ਼ਾ ਖ਼ਤਮ ਕਰਵਾ ਦੇਣਗੇ। ਪੰਜਾਬ ਦੇ ਵੋਟਰ ਸਮੇਂ ਦੀ ਭਾਲ ਵਿਚ ਹਨ ਤੇ ਜਦੋਂ ਵੀ ਮੌਕਾ ਮਿਲਿਆ ਲੋਕ ਬਾਦਲ ਦਲ ਦਾ ਬੋਰੀਆ ਬਿਸਤਰਾ ਗੋਲ ਕਰਵਾ ਦੇਣਗੇ।
ਇਕ ਸਵਾਲ ਦੇ ਜਵਾਬ ਵਿਚ ਸ. ਸੇਖਵਾਂ ਨੇ ਕਿਹਾ ਕਿ 7 ਜੁਲਾਈ ਦੇ ਡੈਲੀਗੇਟ ਅਜਲਾਸ ਦੌਰਾਨ ਜਦੋਂ ਦੇ ਡੈਲੀਗੇਟ ਸੁਖਬੀਰ ਸਿੰਘ ਬਾਦਲ ਨੂੰ ਹਟਾ ਕੇ ਸ. ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਾ ਪ੍ਰਧਾਨ ਬਣਾ ਚੁੱਕੇ ਹਨ ਉਦੋਂ ਤੋਂ ਵੱਡੀ ਗਿਣਤੀ ਵਿਚ ਅਕਾਲੀ ਵਿਧਾਇਕ, ਸਾਬਕਾ ਵਿਧਾਇਕ ਅਤੇ ਹੋਰ ਸੀਨੀਅਰ ਅਤੇ ਜੂਨੀਅਰ ਅਕਾਲੀ ਆਗੂ ਧੜਾਧੜ ਢੀਂਡਸਾ ਵਾਲੇ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਦਸਿਆ ਕਿ ਅੱਜ ਵੀ ਚੰਡੀਗੜ੍ਹ ਵਿਚ ਸਵਰਗੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਸਪੁੱਤਰ ਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਅਤੇ ਸਾਬਕਾ ਵਿਧਾਇਕ ਬਲਦੇਵ ਸਿੰਘ ਮਲੋਟ ਸਾਥੀਆਂ ਸਮੇਤ ਢੀਂਡਸਾ ਵਾਲੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ।
ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਹੋਰ ਕਿਹਾ ਕਿ ਇਹ ਗੱਲ ਤਾਂ ਹੁਣ ਜੱਗ ਜ਼ਾਹਰ ਹੋ ਚੁੱਕੀ ਹੈ ਕਿ ਦੋਵੇਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਬਾਦਲ ਆਪਸ ਵਿਚ ਰਲੇ ਹੋਏ ਹਨ ਅਤੇ ਦੋਵੇਂ ਪਾਰਟੀਆਂ ਦੇ ਆਗੂਆਂ ਦਾ ਇਕੋ-ਇਕ ਏਜੰਡਾ ਹੈ ਕਿ ਵਾਰੀ-ਵਾਰੀ ਪੰਜਾਬ 'ਤੇ ਰਾਜ ਕੀਤਾ ਜਾ ਸਕੇ। ਪਹਿਲਾਂ ਦੋ ਸਾਲ ਬੇਅਦਬੀ ਕਾਂਡ ਦਾ ਅਕਾਲੀ ਸਰਕਾਰ ਨੇ ਕੁੱਝ ਨਹੀਂ ਕੀਤਾ ਤੇ ਹੁਣ ਕਾਂਗਰਸ ਦੇ ਰਾਜ ਨੂੰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤਕ ਬੇਅਦਬੀ ਕਾਂਡ ਦੇ ਹੱਲ ਅਜੇ ਤੱਕ ਕੱਖ ਨਹੀਂ ਕੀਤਾ।