ਅਦਾਕਾਰ ਸੁਸ਼ਾਂਤ ਰਾਜਪੂਤ ਦੀ ਮੌਤ ਤੋਂ ਦੁਖੀ ਵਿਦਿਆਰਥਣ ਨੇ ਜਾਨ ਦਿਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਵਿਚ 13 ਸਾਲਾ ਵਿਦਿਆਰਥਣ ਨੇ ਫ਼ਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਦੁਖੀ ਹੋ ਕੇ ਜਾਨ ਦੇ

Sushant Singh Rajput

ਦੁਰਗ, 23 ਜੁਲਾਈ : ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਵਿਚ 13 ਸਾਲਾ ਵਿਦਿਆਰਥਣ ਨੇ ਫ਼ਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਦੁਖੀ ਹੋ ਕੇ ਜਾਨ ਦੇ ਦਿਤੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਜ਼ਿਲ੍ਹੇ ਦੇ ਭਿਲਾਈ ਇਲਾਕੇ ਵਿਚ ਪੈਂਦੇ ਅਪਣੇ ਘਰ ਵਿਚ ਸਤਵੀਂ ਜਮਾਤ ਦੀ ਵਿਦਿਆਰਥਣ ਨੇ ਫਾਂਸੀ ਲਾ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੂੰ ਵਿਦਿਆਰਥਣ ਦੀ ਲਾਸ਼ ਕਮਰੇ ਵਿਚ ਮਿਲੀ ਜਿਥੇ ਚਿੱਠੀ ਵੀ ਪਈ ਸੀ।

ਚਿੱਠੀ ਵਿਚ ਉਸ ਨੇ ਲਿਖਿਆ ਕਿ ਉਹ ਸੁਸ਼ਾਂਤ ਰਾਜਪੂਤ ਦੀ ਮੌਤ ਤੋਂ ਦੁਖੀ ਹੈ ਅਤੇ ਇਸ ਲਈ ਇਹ ਕਦਮ ਚੁੱਕ ਰਹੀ ਹੈ। ਵਿਦਿਆਰਥਣ ਦੇ ਪਿਤਾ ਨੇ ਦਸਿਆ ਕਿ ਉਸ ਦੀ ਬੇਟੀ ਰਾਜਪੂਤ ਦੀ ਪ੍ਰਸ਼ੰਸਕ ਸੀ ਅਤ ਉਹ ਉਸ ਦੀ ਹਰ ਫ਼ਿਲਮ ਵੇਖਦੀ ਸੀ। ਬੁਧਵਾਰ ਸ਼ਾਮ ਨੂੰ ਜਦ ਉਹ ਸਾਰੇ ਬਾਹਰ ਜਾ ਰਹੇ ਸਨ ਤਾਂ ਉਹ ਸੁਸ਼ਾਂਤ ਰਾਜਪੂਤ ਦੀ ਫ਼ਿਲਮ 'ਛਿਛੋਰੇ' ਵੇਖ ਰਹੀ ਸੀ ਜਿਸ ਕਾਰਨ ਉਸ ਨੇ ਪਰਵਾਰ ਨਾਲ ਬਾਹਰ ਜਾਣ ਤੋਂ ਇਨਕਾਰ ਕਰ ਦਿਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।  (ਏਜੰਸੀ)

ਬਾਬਰੀ ਮਾਮਲਾ : ਭਾਜਪਾ ਆਗੂ ਜੋਸ਼ੀ ਨੇ ਬਿਆਨ ਦਰਜ ਕਰਵਾਇਆ
ਨਵੀਂ ਦਿੱਲੀ, 23 ਜੁਲਾਈ : ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 1992 ਵਿਚ ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ ਵਿਚ ਭਾਜਪਾ ਆਗੂ ਮੁਰਲੀ ਮਨੋਹਰ ਜੋਸ਼ੀ ਦਾ ਬਿਆਨ ਦਰਜ ਕੀਤਾ। ਵਿਸ਼ੇਸ਼ ਜੱਜ ਐਸ ਕੇ ਯਾਦਵ ਨੇ ਵੀਡੀਉ ਕਾਨਫ਼ਰੰਸ ਜ਼ਰੀਏ ਭਾਜਪਾ ਦੇ 86 ਸਾਲਾ ਆਗੂ ਜੋਸ਼ੀ ਦਾ ਬਿਆਨ ਦਰਜ ਕੀਤਾ। ਸਾਬਕਾ ਉਪ ਪ੍ਰਧਾਨ ਮੰਤਰੀ 92 ਸਾਲਾ ਲਾਲ ਕ੍ਰਿਸ਼ਨ ਅਡਵਾਨੀ ਵਲੋਂ ਵੀ ਸ਼ੁਕਰਵਾਰ ਨੂੰ ਇਸ ਮਾਮਲੇ ਵਿਚ ਬਿਆਨ ਦਰਜ ਕਰਾਉਣ ਦੀ ਸੰਭਾਵਨਾ ਹੈ।

ਇਸ ਮਾਮਲੇ ਵਿਚ ਮੁਲਜ਼ਮਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਸਾਰੇ 32 ਮੁਲਜ਼ਮਾਂ ਦੇ ਬਿਆਨ ਸੀਆਰਪੀਸੀ ਦੀ ਧਾਰਾ 313 ਤਹਿਤ ਦਰਜ ਹੋ ਰਹੇ ਹਨ। ਅਯੋਧਿਆ ਵਿਚ ਛੇ ਦਸੰਬਰ 1992 ਨੂੰ 'ਕਾਰਸੇਵਕਾਂ' ਨੇ ਮਸਜਿਦ ਢਾਹ ਦਿਤੀ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਮਸਜਿਦ ਦੀ ਥਾਂ ਰਾਮ ਦਾ ਪ੍ਰਾਚੀਨ ਮੰਦਰ ਹੋਇਆ ਕਰਦਾ ਸੀ। ਰਾਮ ਮੰਦਰ ਅੰਦੋਲਨ ਦੀ ਅਗਵਾਈ ਕਰਨ ਵਾਲੇ ਲੋਕਾਂ ਵਿਚ ਅਡਵਾਨੀ ਤੇ ਜੋਸ਼ੀ ਵੀ ਸ਼ਾਮਲ ਸਨ। ਸੁਪਰੀਮ ਕੋਰਟ ਦੇ ਹੁਕਮਾਂ 'ਤੇ 31 ਅਗੱਸਤ ਤਕ ਮਾਮਲੇ ਦੀ ਸੁਣਵਾਈ ਪੂਰੀ ਕੀਤੀ ਜਾਣੀ ਹੈ।  (ਏਜੰਸੀ)

12ਵੀਂ 'ਚੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਨਾਲ ਕੇਜਰੀਵਾਲ ਨੇ ਕੀਤੀ ਮੁਲਾਕਾਤ
ਨਵੀਂ ਦਿੱਲੀ, 23 ਜੁਲਾਈ : ਉਤਰ-ਪੂਰਬੀ ਦਿੱਲੀ 'ਚ ਹਾਲ ਹੀ 'ਚ ਹੋਏ ਦੰਗਿਆਂ ਤੋਂ ਪ੍ਰਭਾਵਿਤ ਸਰਵਰ ਖ਼ਾਨ, ਅਪਣੇ ਪਰਵਾਰ 'ਚ 12ਵੀਂ ਕਰਨ ਵਾਲੀ ਪਹਿਲੀ ਕੁੜੀ ਮਜ੍ਹਬੀ ਅਤੇ ਸ਼ਹਿਰ 'ਚ ਅਪਣੇ ਰਹਿਣ ਦਾ ਖ਼ਰਚ ਕੱਢਣ ਲਈ ਟਿਊਸ਼ਨ ਪੜ੍ਹਾਉਣ ਵਾਲੇ ਰਾਘਵ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਉਨ੍ਹਾਂ 19 ਵਿਦਿਆਰਥੀਆਂ 'ਚੋਂ ਹਨ, ਜਿਨ੍ਹਾਂ ਨੇ ਸੀ.ਬੀ.ਐਸ.ਈ. ਦੀ 12ਵੀਂ ਦੀ ਪ੍ਰੀਖਿਆ 'ਚ ਸੱਭ ਤੋਂ ਵੱਧ ਅੰਕ ਹਾਸਲ ਕੀਤੇ ਹਨ। ਪ੍ਰੀਖਿਆ 'ਚ ਸੱਭ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਇਨ੍ਹਾਂ ਵਿਦਿਆਰਥੀਆਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਘਰ ਮੁਲਾਕਾਤ ਕੀਤੀ। ਉਹ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਵੀ ਮਿਲੇ।  (ਏਜੰਸੀ)

ਦਿੱਲੀ ਨਾਲ ਲਗਦੇ ਇਲਾਕਿਆਂ 'ਚ ਸਵੇਰੇ ਛਾਈ ਰਹੀ ਧੁੰਦ
੍ਵਨਵੀਂ ਦਿੱਲੀ, 23 ਜੁਲਾਈ : ਦਿੱਲੀ ਨਾਲ ਜੁੜੇ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ 'ਚ ਅੱਜ ਸਵੇਰੇ ਸੌਂ ਕੇ ਉੱਠੇ ਲੋਕਾਂ ਨੂੰ ਅਜਬ ਨਜ਼ਾਰਾ ਦੇਖਣ ਨੂੰ ਮਿਲਿਆ। ਲੋਕਾਂ ਨੇ ਸਵੇਰੇ 6 ਵਜੇ ਤੋਂ ਬਾਅਦ ਸੜਕਾਂ ਤੇ ਗਲੀਆਂ ਇਥੋਂ ਤਕ ਕਿ ਹਾਈਵੇ 'ਤੇ ਵੀ ਦਸੰਬਰ-ਜਨਵਰੀ ਵਰਗੀ ਧੁੰਦ ਪਈ ਦੇਖੀ। ਲੋਕ ਇਹ ਦੇਖ ਕੇ ਹੈਰਾਨ ਰਹਿ ਗਏ ਤੇ ਨਾਲ ਆਲੇ-ਦੁਆਲੇ ਦੇ ਲੋਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਸੋਨੀਪਤ ਦੇ ਵੱਖ-ਵੱਖ ਇਲਾਕਿਆਂ 'ਚ ਵੀਰਵਾਰ ਸਵੇਰੇ ਤੋਂ ਧੁੰਦ ਪਈ ਰਹੀ। ਜ਼ਿਕਰਯੋਗ ਹੈ ਕਿ ਲੋਕਾਂ ਨੇ ਸੜਕ ਦੁਰਘਟਨਾ ਤੋਂ ਬਚਣ ਲਈ ਅਪਣੇ ਸਾਧਨਾਂ ਦੀ ਫ਼ਾਗ ਲਾਈਟ/ਹੈੱਡਲਾਈਟ ਨੂੰ ਜਗਾਉਣਾ ਹੀ ਉਚਿਤ ਸਮਝਿਆ। ਮੌਸਮ ਵਿਭਾਗ ਮੁਤਾਬਕ ਇਸ ਪੂਰੇ ਹਫ਼ਤੇ 'ਚ ਹਲਕੀ ਦੇ ਮੱਧਮ ਬਾਰਸ਼ ਦੀ ਸੰਭਾਵਨੀ ਬਣੀ ਹੋਈ ਹੈ। ਇਸ ਤੋਂ ਇਲਾਵਾ ਉਤਰ ਪ੍ਰਦੇਸ਼, ਬਿਹਾਰ, ਪਛਮੀ ਬੰਗਾਲ, ਸਿੱਕਮ, ਅਸਾਮ, ਮੇਘਾਲਿਆ 'ਚ ਹਲਕੀ ਬਾਰਿਸ਼ ਮੀਂਹ ਨਾਲ ਕੁੱਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਮੈਦਾਨੀ ਹਿੱਸਿਆਂ 'ਚ ਜ਼ਿਆਦਾ ਬਾਰਸ਼ ਰਿਕਾਰਡ ਕੀਤੀ ਗਈ ਹੈ। ਜ਼ਿਆਦਾਤਰ ਸੂਬਿਆਂ ਨੂੰ ਅੱਜ ਵੀ ਕਈ ਥਾਵਾਂ 'ਤੇ ਭਾਰੀ ਬਾਰਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ 'ਚ ਮੱਧਮ ਬਾਰਸ਼ ਹੋਣ ਦਾ ਅਨੁਮਾਨ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਮੈਦਾਨੀ ਹਿੱਸਿਆਂ 'ਚ ਜ਼ਿਆਦਾ ਬਾਰਸ਼ ਰਿਕਾਰਡ ਕੀਤੀ ਗਈ ਹੈ। (ਏਜੰਸੀ)