ਰੋਜ਼ੀ ਰੋਟੀ ਲਈ ਕੈਲੀਫੋਰਨੀਆ ਗਏ ਪੰਜਾਬੀ ਨੌਜਵਾਨ ਦੀ ਕੋਰੋਨਾ ਨਾਲ ਹੋਈ ਮੌਤ
ਮ੍ਰਿਤਕ ਅੱਠ ਸਾਲ ਪਹਿਲਾਂ ਗਿਆ ਸੀ ਅਮਰੀਕਾ
ਭੁੱਲਥ (ਅੰਮ੍ਰਿਤਪਾਲ ਬਾਜਵਾ) ਪੰਜਾਬ (Punjab) ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ( Punjabi youth) ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ।
ਅਜਿਹਾ ਹੀ ਮਾਮਲਾ ਕੈਲੀਫੋਰਨੀਆ ਤੋਂ ਸਾਹਮਣੇ ਆਇਆ ਹੈ ਜਿਥੇ ਪੰਜਾਬੀ ਨੌਜਵਾਨ ਦੀ ਕੋਰੋਨਾ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਸਰਬਜੀਤ ਸਿੰਘ 25 ਸਾਲ ਪੁੱਤਰ ਸ਼ਮਸ਼ੇਰ ਸਿੰਘ ਭਦਾਸ ਦਾ ਰਹਿਣ ਵਾਲਾ ਸੀ ਜੋ ਕਿ ਰੋਜ਼ੀ ਰੋਟੀ ਕਮਾਉਣ ਲਈ ਕਰੀਬ 8 ਸਾਲ ਪਹਿਲਾ ਅਮਰੀਕਾ ਗਿਆ ਸੀ। ਪੁੱਤਰ ਦੀ ਮੌਤ ਦੀ ਖ਼ਬਰ ਮਿਲਣ ’ਤੇ ਪਰਿਵਾਰ ਦੇ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।
ਮ੍ਰਿਤਕ ਦੇ ਪਿਤਾ ਸ਼ਮਸੇਰ ਸਿੰਘ ਦੀ 2 ਮਹੀਨੇ ਪਹਿਲੇ ਹੀ ਅਚਾਨਕ ਮੌਤ ਹੋ ਗਈ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਸਰਬਜੀਤ ਸਿੰਘ ਅਮਰੀਕਾ 'ਚ ਹਸਪਤਾਲ ਵਿਚ ਦਾਖਲ ਸੀ ਜਿਸ ਨਾਲ ਕੁਝ ਦਿਨਾਂ ਤੋਂ ਗੱਲਬਾਤ ਨਹੀਂ ਹੋਈ ਸੀ। ਫਿਰ ਦੋ ਦਿਨ ਬਾਅਦ ਪਤਾ ਲੱਗਿਆ ਕਿ ਉਸ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ।
ਜਿਸ ਦੇ ਮਗਰੋ ਪਰਿਵਾਰ ਅਤੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਉਹਨਾਂ ਦੇ ਪੁੱਤ ਦੀ ਲਾਸ਼ ਨੂੰ ਪੰਜਾਬ ਲਿਆਉਣ ਵਿੱਚ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਕਿ ਨੌਜਵਾਨ ਸਰਬਜੀਤ ਸਿੰਘ ਦੀ ਲਾਸ਼ ਪਰਿਵਾਰ ਨੂੰ ਮਿਲ ਸਕੇ।