ਅਕਾਲੀ ਦਲ ਨੇ ਉਪ ਰਾਸ਼ਟਰਪਤੀ ਕੋਲ ਪ੍ਰਸ਼ਾਸਕੀ ਸੁਧਾਰਾਂ ਦੇ ਨਾਂ ’ਤੇ ਪੀ ਯੂ ਦੇ ਸਰੂਪ ਨਾਲ ਛੇੜਛਾੜ ਦਾ

ਏਜੰਸੀ

ਖ਼ਬਰਾਂ, ਪੰਜਾਬ

ਅਕਾਲੀ ਦਲ ਨੇ ਉਪ ਰਾਸ਼ਟਰਪਤੀ ਕੋਲ ਪ੍ਰਸ਼ਾਸਕੀ ਸੁਧਾਰਾਂ ਦੇ ਨਾਂ ’ਤੇ ਪੀ ਯੂ ਦੇ ਸਰੂਪ ਨਾਲ ਛੇੜਛਾੜ ਦਾ ਮਾਮਲਾ ਚੁਕਿਆ

image

ਪ੍ਰਮੋਦ ਕੌਸ਼ਲ
ਲੁਧਿਆਣਾ, 23 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦੇ ਸੰਸਦ ਮੈਂਬਰਾਂ ਦੇ ਇਕ ਵਫ਼ਦ ਨੇ ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਚਾਂਸਲਰ ਐਮ ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਪੰਜਾਬ ਤੇ ਪੰਜਾਬੀਅਤ ਦੇ ਮਾਣ ਦਾ ਪ੍ਰਤੀਕ ਪੰਜਾਬ ਯੂਨੀਵਰਸਿਟੀ ਦੇ ਵਿਲੱਖਣ ਸਰੂਪ ਨਾਲ ਛੇੜਛਾੜ ਨਾ ਕੀਤੇ ਜਾਣਾ ਯਕੀਨੀ  ਬਣਾਇਆ ਜਾਵੇ ਅਤੇ ਪ੍ਰਸ਼ਾਸਕੀ ਸੁਧਾਰਾਂ ਬਾਰੇ ਚਾਂਸਲਰ ਦੀ ਉਚ ਤਾਕਤੀ ਕਮੇਟੀ ਦੀ ਰਿਪੋਰਟ ਵਾਪਸ ਲਈ ਜਾਵੇ।
ਵਫ਼ਦ ਜਿਸ ਵਿਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਲਵਿੰਦਰ ਸਿੰਘ ਭੂੰਦੜ ਅਤੇ ਨਰੇਸ਼ ਗੁਜਰਾਲ ਵੀ ਸ਼ਾਮਲ ਸਨ, ਨੇ ਉਚ ਤਾਕਤੀ ਕਮੇਟੀ ਵਲੋਂ ਕੀਤੀਆਂ ਸਿਫ਼ਾਰਸ਼ਾਂ ਵਾਪਸ ਲੈਣ ਦੀ ਅਪੀਲ ਵੀ ਕੀਤੀ। ਇਨ੍ਹਾਂ ਸਿਫ਼ਾਰਸ਼ਾਂ ਵਿਚ ਇਸ ਨਾਲ ਜੁੜੇ ਪੰਜਾਬ ਦੇ ਕਾਲਜਾਂ ਦੀ ਮਾਨਤਾ ਖ਼ਤਮ ਕਰ ਕੇ ਇਸ ਦੇ ਖੇਤਰੀ ਅਧਿਕਾਰ ਖੇਤਰ ਵਿਚ ਕਟੌਤੀ ਕਰਨਾ ਵੀ ਸ਼ਾਮਲ ਹੈ। ਵਫ਼ਦ ਨੇ ਚਾਂਸਲਰ ਨੂੰ ਦਸਿਆ ਕਿ ਉਚ ਤਾਕਤੀ ਕਮੇਟੀ ਨੂੰ ਪੰਜਾਬ ਵਿਰੋਧੀ ਤਾਕਤਾਂ ਨੇ ਹਾਈਜੈਕ ਕਰ ਲਿਆ ਹੈ ਤੇ ਇਹ ਤਾਕਤਾਂ ਪ੍ਰਸ਼ਾਸਕੀ ਸੁਧਾਰਾਂ ਦੇ ਨਾਂ ’ਤੇ ਯੂਨੀਵਰਸਿਟੀ ਦਾ ਸਰੂਪ ਹੀ ਬਦਲਣਾ ਚਾਹੁੰਦੀਆਂ ਹਨ। ਇਹ ਵੀ ਦਸਿਆ ਗਿਆ ਕਿ ਅਲੂਮਨੀ ਦੇ ਚੁਣੇ ਹੋਏ ਪ੍ਰਤੀਨਿਧਾਂ ਦੀਆਂ ਸਾਰੀਆਂ ਤਾਕਤਾਂ ਖੋਹ ਕੇ ਵਾਈਸ ਚਾਂਸਲਰ ਦੇ ਦਫ਼ਤਰ ਨੂੰ ਸਾਰੀਆਂ ਤਾਕਤਾਂ ਦੇ ਕੇ ਇਸ ਨੂੰ ਤਾਨਾਸ਼ਾਹੀ ਅਦਾਰਾ ਬਣਾਉਣ ਦੇ ਯਤਨ ਵੀ ਕੀਤੇ ਜਾ ਰਹੇ ਹਨ। ਵਫ਼ਦ ਨੇ ਇਹ ਵੀ ਦਸਿਆ ਕਿ ਕਮੇਟੀ ਨੇ ਇਸ ਦੀ ਸਿੰਡੀਕੇਟ ਵਿਚ ਚੁਣੇ ਹੋਏ ਪ੍ਰਤੀਨਿਧਾਂ ਦੀ ਥਾਂ ਸਿਰਫ਼ ਐਕਸ ਆਫੀਸ਼ੀਓ ਮੈਂਬਰ ਤੇ ਨਾਮਜ਼ਦ ਮੈਂਬਰ ਰੱਖ ਕੇ ਇਸ ਨੂੰ ਖ਼ਤਮ ਕਰਨ ਦੀ ਸਾਜ਼ਸ਼ ਵੀ ਰਚੀ ਜਾ ਰਹੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਦਸਿਆ ਕਿ ਇਹ ਸਿਫ਼ਾਰਸ਼ਾਂ ਪੰਜਾਬ ਦੇ ਚੁਣੇ ਹੋਏ ਮੈਂਬਰਾਂ ਰਾਹੀਂ ਪੰਜਾਬੀਆਂ ਦੀ ਤਕਲੀਫ਼ਦੇਹ ਬੇਵਿਸਾਖੀ ਦਾ ਸਬੱਬ ਬਣ ਰਹੀਆਂ ਹਨ। ਇਨ੍ਹਾਂ ਦਾ ਮਕਸਦ ਪੰਜਾਬੀਆਂ ਦੀ ਆਵਾਜ਼ ਦਬਾਅ ਕੇ ਤੇ ਇਨ੍ਹਾਂ ਨੂੰ ਕੌਮੀ ਮੁੱਖ ਧਾਰਾ ਵਿਚੋਂ ਬਾਹਰ ਕਢਣਾ ਹੈ। ਪੰਜਾਬੀ ਅਪਣੇ ਸਭਿਆਚਾਰ ਨੂੰ ਇਸ ਤਰੀਕੇ ਹੇਠਾਂ ਲਾਉਣ ਦੀ ਇਸ ਸਾਜ਼ਸ਼ ਤੋਂ ਬਹੁਤ ਔਖੇ ਹਨ ਕਿਉਂਕਿ ਇਸ ਸਭਿਆਚਾਰ ਦੀ ਥਾਂ ਇਸ ਖਿੱਤੇ ਲਈ ਅਣਜਾਣ ਵਿਚਾਰ ਲਿਆਂਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿਚ ਇਹ ਸਭਿਆਚਾਰਕ ਤੇ ਪ੍ਰਸ਼ਾਸਕੀ ਬਦਲਾਅ ਪੰਜਾਬੀਆਂ ਤੋਂ ਇਨ੍ਹਾਂ ਦੀ ਰਾਜਧਾਨੀ ਖੋਹਣ, ਦਰਿਆਈ ਪਾਣੀ ਖੋਹਣ ਤੇ ਪੰਜਾਬੀ ਬੋਲਦੇ ਇਲਾਕੇ ਖੋਹਣ ਵਰਗੇ ਲੜੀਵਾਰ ਅਨਿਆਂ ਕੀਤੇ ਜਾਣ ਤੋਂ ਬਾਅਦ ਕੀਤਾ ਜਾ ਰਿਹਾ ਹੈ।
ਉਧਰ, ਇਸ ਸਾਰੇ ਮਸਲੇ ’ਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਅਕਾਲੀ ਦਲ ਦੇ ਵਫ਼ਦ ਨੂੰ ਭਰੋਸਾ ਦੁਆਇਆ ਕਿ ਪੰਜਾਬ ਯੂਨੀਵਰਸਿਟੀ ਅਜਿਹਾ ਕੋਈ ਫ਼ੈਸਲਾ ਨਹੀਂ ਲਵੇਗੀ ਜਿਸ ਨਾਲ ਪੰਜਾਬੀਆਂ ਦੇ ਹਿਤਾਂ ਨੂੰ ਸੱਟ ਵਜੇ ਅਤੇ ਉਹ ਪਹਿਲਾਂ ਹੀ ਮਾਮਲੇ ਨੂੰ ਆਪ ਵੇਖ ਰਹੇ ਹਨ ਅਤੇ ਸਾਰੇ ਵਿਵਾਦਗ੍ਰਸਤ ਮਾਮਲੇ ਹੱਲ ਕੀਤੇ ਜਾਣਗੇ। ਵਫ਼ਦ ਨੇ ਇਸ ’ਤੇ ਤੁਰਤ ਦਖ਼ਲ ਦੇ ਕੇ ਯੂਨੀਵਰਸਿਟੀ ਦਾ ਵਿਲੱਖਣ ਸਰੂਪ ਬਚਾਈ ਰੱਖਣ ਦਾ ਭਰੋਸਾ ਦੇਣ ਲਈ ਚਾਂਸਲਰ ਦਾ ਧਨਵਾਦ ਕੀਤਾ।

Ldh_Parmod_23_9: ਉਪ ਰਾਸ਼ਟਰਪਤੀ ਐਮ.ਵੈਂਕਈਆ ਨਾਇਡੂ ਨਾਲ ਮੁਲਾਕਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਤੇ ਹੋਰ।