ਠੇਕਾ ਮੁਲਾਜ਼ਮਾਂ ਨੇ ਕੀਤਾ ਮਨਪ੍ਰੀਤ ਬਾਦਲ ਦਾ ਵਿਰੋਧ, ਪੁਲਿਸ ਨਾਲ ਹੋਈ ਧੱਕਾ-ਮੁੱਕੀ
ਜਗਸੀਰ ਸਿੰਘ ਭੰਗੂ ਦੀ ਅਗਵਾਈ ਹੇਠ ਹਿਰਾਸਤ 'ਚ ਲਏ ਕੱਚੇ ਮੁਲਾਜ਼ਮਾਂ ਨੂੰ ਛੁਡਾਉਣ ਲਈ ਉਨ੍ਹਾਂ ਦੇ ਸਾਥੀਆਂ ਨੇ ਥਾਣਾ ਸਿਵਲ ਲਾਈਨ ਅੱਗੇ ਧਰਨਾ ਲਗਾ ਦਿੱਤਾ।
ਬਠਿੰਡਾ : ਬਠਿੰਡਾ ਵਿਖੇ ਅੱਜ ਕਾਂਗਰਸੀ ਆਗੂ ਰਾਜਨ ਗਰਗ ਦੀ ਯੋਜਨਾ ਬੋਰਡ ਵਿਚ ਚੇਅਰਮੈਨੀ ਦੀ ਤਾਜਪੋਸ਼ੀ ਦਾ ਪ੍ਰੋਗਰਾਮ ਹੋਣਾ ਸੀ ਜਿੱਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਸ਼ਿਰਕਤ ਕਰਨੀ ਸੀ। ਇਸ ਪ੍ਰਗਰਾਮ ਦੀ ਖ਼ਬਰ ਜਦੋਂ ਠੇਕਾ ਮੁਲਾਜ਼ਮ ਕੋਲ ਪਹੁੰਚੀ ਤਾਂ ਉਹ ਵੀ ਉੱਤੇ ਮਨਪ੍ਰੀਤ ਬਾਦਲ ਦਾ ਵਿਰੋਧ ਕਰਨ ਉੱਥੇ ਪਹੁੰਚ ਗਏ। ਇਸ ਪ੍ਰੋਗਰਾਮ ਲਈ ਵੱਡੀ ਗਿਣਤੀ ਵਿਚ ਪੁਲਿਸ ਵੀ ਤੈਨਾਤ ਸੀ ਤੇ ਇਹਨਾਂ ਮੁਲਾਜ਼ਮਾਂ ਦੀ ਪੁਲਿਸ ਨਾਲ ਕਾਫ਼ੀ ਧੱਕਾਮੁੱਕੀ ਹੋਈ ਅਤੇ ਕਰੀਬ 50 ਠੇਕਾ ਮੁਲਾਜ਼ਮਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ।
ਸ਼ਹਿਰ ਦੇ ਹਨੂਮਾਨ ਚੌਕ 'ਚ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ (Punjab Government) ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਵਿੱਤ ਮੰਤਰੀ ਦੇ ਪ੍ਰੋਗਰਾਮ ਵੱਲ ਕੂਚ ਕਰ ਦਿੱਤਾ। ਇਸ ਦੌਰਾਨ ਤਾਇਨਾਤ ਕੀਤੀ ਗਈ ਵੱਡੀ ਗਿਣਤੀ ਪੁਲਿਸ ਫੋਰਸ (Bathinda Police) ਨੇ ਇਨ੍ਹਾਂ ਮੁਲਾਜ਼ਮਾਂ ਨੂੰ ਰੋਕ ਲਿਆ ਜਿਸ ਤੋਂ ਬਾਅਦ ਪੁਲਿਸ ਤੇ ਮੁਲਾਜ਼ਮਾਂ 'ਚ ਕਾਫ਼ੀ ਖਿੱਚ-ਧੂਹ ਵੀ ਹੋਈ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਜਗਸੀਰ ਸਿੰਘ ਭੰਗੂ ਦੀ ਅਗਵਾਈ ਹੇਠ ਹਿਰਾਸਤ 'ਚ ਲਏ ਕੱਚੇ ਮੁਲਾਜ਼ਮਾਂ ਨੂੰ ਛੁਡਾਉਣ ਲਈ ਉਨ੍ਹਾਂ ਦੇ ਸਾਥੀਆਂ ਨੇ ਥਾਣਾ ਸਿਵਲ ਲਾਈਨ ਅੱਗੇ ਧਰਨਾ ਲਗਾ ਦਿੱਤਾ।
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਹਿਰਾਸਤ 'ਚ ਲਏ ਆਗੂਆਂ ਜਗਰੂਪ ਸਿੰਘ ਲਹਿਰਾਮੁਹੱਬਤ ਬੀਰੇਂਦਰ ਸਿੰਘ ਮਨਰੇਗਾ ਗੁਰਵਿੰਦਰ ਸਿੰਘ ਪੰਨੂ ਦੀ ਅਗਵਾਈ ਹੇਠ ਕੱਚੇ ਮੁਲਾਜ਼ਮਾਂ ਨੇ ਥਾਣੇ ਅੰਦਰ ਧਰਨਾ ਲਗਾ ਦਿੱਤਾ ਜਦੋਂਕਿ ਉਨ੍ਹਾਂ ਦੇ ਬਾਕੀ ਸਾਥੀ ਥਾਣੇ ਦੇ ਬਾਹਰ ਧਰਨੇ ਉੱਪਰ ਬੈਠੇ ਹੋਏ ਹਨ। ਮੋਰਚੇ ਦੇ ਆਗੂ ਜਗਸੀਰ ਸਿੰਘ ਭੰਗੂ ਨੇ ਦੱਸਿਆ ਕਿ ਠੇਕਾ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਪੱਕਾ ਕਰਨ ਦੀ ਮੰਗ ਲਈ ਸੰਘਰਸ਼ ਕਰਦੇ ਆ ਰਹੇ ਹਨ ਪਰ ਪੰਜਾਬ ਸਰਕਾਰ ਲਾਰੇ ਲਗਾ ਕੇ ਸਾਰ ਦਿੰਦੀ ਹੈ।
ਉਨ੍ਹਾਂ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਨੇ ਸਾਲ ਦੋ ਹਜਾਰ ਸੋਲ਼ਾਂ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਇਹ ਐਕਟ ਬਣਾਇਆ ਸੀ ਪਰ ਪੰਜਾਬ ਸਰਕਾਰ ਨੇ ਇਸ ਤੋਂ ਬਾਅਦ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਵਿਧਾਨ ਸਭਾ ਦੀ ਸਬ ਕਮੇਟੀ ਦਾ ਗਠਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸਬ ਕਮੇਟੀ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਸ਼ਾਮਲ ਹਨ।