ਕਾਂਗਰਸ, ਅਕਾਲੀ ਦਲ ਅਤੇ ਲਿਪ ਛੱਡ ਕੇ ਸੈਂਕੜੇ ਸਾਥੀਆਂ ਸਮੇਤ 'ਆਪ' 'ਚ ਸ਼ਾਮਲ ਹੋਏ ਦਰਜਨਾਂ ਆਗੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਪਾਲ ਸਿੰਘ ਚੀਮਾ, ਹਰਚੰਦ ਸਿੰਘ ਬਰਸਟ ਅਤੇ ਲਾਲ ਚੰਦ ਕਟਾਰੂਚੱਕ ਨੇ ਆਗੂਆਂ ਦਾ ਕੀਤਾ ਸਵਾਗਤ

ozens of leaders leaving Congress, Akali Dal and LIP join AAP

ਚੰਡੀਗੜ੍ਹ: ਪੰਜਾਬ  ਦੇ ਪਟਿਆਲਾ, ਮੋਹਾਲੀ, ਗੁਰਦਾਸਪੁਰ ਅਤੇ ਜਲੰਧਰ ਜ਼ਿਲ੍ਹਿਆਂ ਤੋਂ ਕਾਂਗਰਸ ਪਾਰਟੀ, ਅਕਾਲੀ ਦਲ ਅਤੇ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਸਮੇਤ ਬਹੁਤ ਸਾਰੇ ਸਮਾਜਸੇਵੀ ਆਪਣੇ ਸੈਂਕੜੇ ਸਾਥੀਆਂ ਸਮੇਤ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਸ਼ਾਮਲ ਹੋ ਗਏ। ਜਿੰਨਾ ਦਾ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਐਸ.ਸੀ ਵਿੰਗ ਪੰਜਾਬ ਦੇ ਪ੍ਰਧਾਨ ਲਾਲ ਚੰਦ ਕਟਾਰੂਚੱਕ ਨੇ ਇੱਥੇ ਪਾਰਟੀ ਦੇ ਦਫ਼ਤਰ ਵਿੱਚ ਰਸਮੀ ਤੌਰ 'ਤੇ ਸਵਾਗਤ ਕੀਤਾ।

ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਪੰਜਾਬ ਦਾ ਬੱਚਾ ਬੱਚਾ ਸੂਬੇ ਵਿੱਚ ਰਾਜਨੀਤਿਕ ਕ੍ਰਾਂਤੀ ਲਿਆਉਣ ਲਈ ਤਤਪਰ ਹੈ, ਕਿਉਂਕਿ ਜਿੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਲੋਕ ਪੱਖੀ ਨੀਤੀਆਂ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਨੇ ਦੇਸ਼ ਦੇ ਲੋਕਾਂ ਨੂੰ ਨਵੀਂ ਦਿਸ਼ਾ ਦਿਖਾਈ ਹੈ, ਉੱਥੇ ਵਾਰੀ ਬੰਨ੍ਹ ਕੇ ਪੰਜਾਬ ਨੂੰ ਲੁੱਟਣ ਵਾਲੇ ਕਾਂਗਰਸੀਆਂ ਅਤੇ ਬਾਦਲਾਂ ਤੋਂ ਹਰ ਵਰਗ ਅੱਕ ਅਤੇ ਥੱਕ ਚੁੱਕਿਆ ਹੈ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਤੋਂ ਲੋਕ ਇਨਸਾਫ਼ ਪਾਰਟੀ ਦੇ ਆਗੂ ਅਤੇ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ, ਜ਼ਿਲ੍ਹਾ ਗੁਰਦਾਸਪੁਰ ਵਿੱਚੋਂ ਲੋਕ ਇਨਸਾਫ਼ ਪਾਰਟੀ ਦੇ ਵੱਡੀ ਗਿਣਤੀ ਮੌਜੂਦਾ ਅਤੇ ਸਾਬਕਾ ਅਹੁਦੇਦਾਰਾਂ ਵੱਲੋਂ ਆਮ ਆਦਮੀ ਪਾਰਟੀ ਨਾਲ ਜੁੜਨ ਨਾਲ ਇੱਥੇ ਲੋਕ ਇਨਸਾਫ਼ ਪਾਰਟੀ ਦਾ ਸੂਫ਼ੜਾ ਹੀ ਸਾਫ਼ ਹੋ ਗਿਆ ਹੈ।

 

ਜਿਨ੍ਹਾਂ ਵਿੱਚ ਸਾਬਕਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਹਰਜੋਤ ਸਿੰਘ, ਠੇਕੇਦਾਰ ਗੁਰਿੰਦਰ ਸਿੰਘ ਪੇਂਡੂ ਜ਼ਿਲ੍ਹਾ ਪ੍ਰਧਾਨ, ਐਡਵੋਕੇਟ ਗੁਰਜੋਤ ਸਿੰਘ ਇੰਚਾਰਜ ਲੀਗਲ ਸੈਲ, ਸਲਵਿੰਦਰ ਬਿੱਟੂ ਪ੍ਰਧਾਨ ਲੇਬਰ ਸੈਲ, ਬਾਬਾ ਜਰਨੈਲ ਸਿੰਘ, ਅਸ਼ੋਕ ਕੁਮਾਰ ਪ੍ਰਧਾਨ ਐਸ.ਸੀ ਵਿੰਗ, ਦਲਜਿੰਦਰ ਕੌਰ ਪ੍ਰਧਾਨ ਮਹਿਲਾ ਵਿੰਗ ਅਤੇ ਗੁਲਜ਼ਾਰ ਮਸੀਹ ਸ਼ਾਮਲ ਹਨ। ਇਸੇ ਤਰਾਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪਠਾਨਕੋਟ ਤੋਂ ਸਾਬਕਾ ਉਪ ਜ਼ਿਲ੍ਹਾ ਪ੍ਰਧਾਨ ਵਿਜੈ ਕੁਮਾਰ ਆਪਣੇ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਹੋਏ ਹਨ।

 

ਇਹਨਾਂ ਤੋਂ ਇਲਾਵਾ ਜ਼ਿਲ੍ਹਾ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਆਗੂ ਸਰਬਜੀਤ ਸਿੰਘ ਸਿੱਧੂ, ਮਹਿਮਾ ਸਿੰਘ, ਗੁਰਮੀਤ ਸਿੰਘ ਬੰਗੜ, ਸਮਾਜਸੇਵੀ ਡਾ. ਜੋਗ ਸਿੰਘ ਭਾਟੀਆ, ਸਾਬਕਾ ਅਧਿਕਾਰੀ ਜਸਵਿੰਦਰ ਸਿੰਘ ਅਤੇ ਜ਼ਿਲ੍ਹਾ ਮੋਹਾਲੀ ਤੋਂ ਸਮਾਜਸੇਵੀ  ਡਾ. ਪ੍ਰਵੇਸ਼ ਜੈਨ, ਵਿਜੈ ਕੁਮਾਰ ਵਰਮਾ, ਕਰਨਲ ਕਮਲ ਕਿਸ਼ੋਰ ਅਤੇ ਐਸ.ਸੀ ਫੈਡਰੇਸ਼ਨ ਦੇ ਪ੍ਰੈੱਸ ਸਕੱਤਰ ਹਰਮੀਤ ਸਿੰਘ ਛਿੱਬਰ ਸਮੇਤ ਜ਼ਿਲ੍ਹਾ ਜਲੰਧਰ ਤੋਂ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਦੇ ਆਗੂ ਪ੍ਰਵੇਸ਼ ਕੁਮਾਰ ਵੀ ਆਮ ਆਦਮੀ ਪਾਰਟੀ ਨੇ ਜੁੜੇ ਹਨ।

ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਨੇ ਕਿਹਾ ਕਿ ਪੰਜਾਬ ਰਾਜਨੀਤਿਕ ਪਰਿਵਾਰ ਦੀ ਉਮੀਦ ਕਰ ਰਿਹਾ ਹੈ ਅਤੇ ਇਸੇ ਉਮੀਦ ਲਈ ਆਮ ਆਦਮੀ ਪਾਰਟੀ ਇੱਕੋ ਇੱਕ ਵਿਕਲਪ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਿਹੜੇ ਕੰਮ ਦਿੱਲੀ ਵਿੱਚ ਲੋਕਾਂ ਲਈ ਕੀਤੇ ਹਨ, ਅਜਿਹੇ ਕੰਮ ਦੂਜੀਆਂ ਪਾਰਟੀਆਂ ਦੀ ਸਰਕਾਰਾਂ ਨਹੀਂ ਕਰ ਸਕੀਆਂ।