‘ਗੂੜ੍ਹਾ ਰਿਸ਼ਤਾ ਜੇਲਾਂ ਨਾਲ, ਨਸ਼ਿਆਂ ’ਚ ਲੰਘੇ 14 ਸਾਲ, ਜ਼ਿੰਦਗੀ ਬਦਲ ਗਈ ਇਕ ਘੋੜੇ ਨਾਲ’
ਗੈਂਗਸਟਰ ਲਾਈਫ਼ ਲੋਕਾਂ ਨਾਲ ਦੁਸ਼ਮਣੀ, ਪਤਾ ਨਹੀਂ ਕਿਹੜੀ ਗੋਲੀ ’ਤੇ ਲਿਖਿਆ ਸੀ ਨਾਮ : ਮਨਪ੍ਰੀਤ
ਪਟਿਆਲਾ (ਅਵਤਾਰ ਸਿੰਘ ਗਿੱਲ) : ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਇਨਸਾਨ ਲੜਾਈ ਝਗੜੇ, ਮੁਕੱਦਮੇਬਾਜ਼ੀ ਅਤੇ ਨਸ਼ਿਆਂ ਦੇ ਦਲ ਦਲ ਵਿਚ ਫਸ ਜਾਂਦਾ ਹੈ ਤਾਂ ਉਸ ਦੇ ਘਰ ਵਾਪਸੀ ਦਾ ਕੋਈ ਰਾਹ ਨਹੀਂ ਰਹਿੰਦਾ ਨਾਲ ਹੀ ਸਮਾਜ ਵਿਚ ਉਹ ਇਨਸਾਨ ਅਪਣੀ ਇੱਜ਼ਤ ਗਵਾ ਬੈਠਦਾ ਹੈ। ਜੇਲਾਂ ਕੱਟ ਕੇ ਆਉਣ ਵਾਲੇ ਲੋਕਾਂ ’ਤੇ ਅਜਿਹੇ ਧੱਬੇ ਲੱਗ ਜਾਂਦੇ ਹਨ ਜੋ ਕਦੇ ਮਿਟਾਇਆਂ ਨਹੀਂ ਮਿਟਦੇ ਪਰ ਕੁੱਝ ਲੋਕਾਂ ਦੀ ਜ਼ਿੰਦਗੀ ਉਨ੍ਹਾਂ ਨੂੰ ਅਜਿਹੇ ਮੋੜ ’ਤੇ ਖੜਾ ਕਰ ਦਿੰਦੀ ਹੈ, ਜਿਥੇ ਉਨ੍ਹਾਂ ਨੂੰ ਇਕ ਆਸ ਦੀ ਕਿਰਨ ਨਜ਼ਰ ਆਉਣ ਲੱਗ ਜਾਂਦੀ ਹੈ ਕਿ ਉਹ ਵੀ ਇੱਜ਼ਤਦਾਰ ਇਨਸਾਨ ਵਾਂਗ ਘਰ ਵਾਪਸੀ ਕਰ ਸਕਦੇ ਹਨ ਪਰ ਇਸ ਲਈ ਬੜਾ ਵੱਡਾ ਜਿਗਰਾ, ਬੁਲੰਦ ਹੌਂਸਲਾ, ਸਿਦਕ ਅਤੇ ਸਿਰੜ ਹੋਣਾ ਬਹੁਤ ਜ਼ਰੂਰੀ ਹੈ।
ਆਉ ਤੁਹਾਨੂੰ ਦੱਸਦੇ ਹਾਂ ਅਜਿਹੇ ਹੀ ਇਕ ਨੌਜਵਾਨ ਨਾਲ ਜਿਸ ਨੇ ਇਹ ਕ੍ਰਿਸ਼ਮਾ ਕਰ ਕੇ ਵਿਖਾਇਆ ਨਾਲ ਹੀ ਅੱਜ ਸਮਾਜ ਵਿਚ ਉਸ ਨੂੰ ਇਕ ਇੱਜ਼ਤਦਾਰ ਸ਼ਖ਼ਸੀਅਤ ਵਜੋਂ ਜਾਣਿਆ ਜਾਣ ਲੱਗਾ ਹੈ। ਅਸੀਂ ਗੱਲ ਕਰ ਰਹੇ ਹਾਂ ਮਨਪ੍ਰੀਤ ਸਿੰਘ ਸੈਫਦੀਪੁਰ ਦੀ। ਜਦੋਂ ਅਸੀਂ ਮਨਪ੍ਰੀਤ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਅਪਣੀ ਜ਼ਿੰਦਗੀ ਨੂੰ ਸਾਡੇ ਸਾਹਮਣੇ ਇਕ ਖੁਲ੍ਹੀ ਕਿਤਾਬ ਵਾਂਗ ਰਖਦਿਆਂ ਦਸਿਆ ਕਿ ਜਦੋਂ ਉਹ ਸਕੂਲ ਤੋਂ ਬਾਅਦ ਕਾਲਜ ਪਹੁੰਚੇ ਤਾਂ ਉਸ ਸਮੇਂ ਸਮੈਕ ਦਾ ਨਵਾਂ-ਨਵਾਂ ਦੌਰ ਚਲਿਆ ਸੀ। ਪਿਤਾ ਸ਼ਰਾਬ ਕਾਰੋਬਾਰੀ ਸਨ ਪੈਸੇ ਦੀ ਕੋਈ ਕਮੀ ਨਹੀਂ ਸੀ ਅਤੇ ਗ਼ਲਤ ਸੰਗਤ ਨਾਲ ਉਠਣੀ-ਬੈਠਣੀ ਹੋ ਗਈ ਅਤੇ ਹੌਲੀ-ਹੌਲੀ ਸਮੈਕ ਵਰਗੇ ਨਸ਼ਿਆਂ ਵਿਚ ਧਸਦਾ ਹੀ ਚਲਾ ਗਿਆ।
ਮਨਪ੍ਰੀਤ ਦਸਦਾ ਹੈ ਕਿ ਉਹ 15 ਸਾਲ ਮੇਰੀ ਜ਼ਿੰਦਗੀ ਦੇ ਉਹ 15 ਸਾਲ ਬਣ ਗਏ ਜੋ ਮੈਂ ਅਪਣੀ ਜਿੰਦਗੀ ਵਿਚੋਂ ਗਵਾ ਬੈਠਾ, ਜਿਸ ਦਾ ਅੱਜ ਮੈਨੂੰ ਬੇਹੱਦ ਦੁੱਖ ਹੁੰਦਾ ਹੈ। ਉਸ ਕਾਲੇ ਦੌਰ ਨੂੰ ਯਾਦ ਕਰਦਿਆਂ ਅੱਜ ਵੀ ਮੇਰੀ ਰੂਹ ਕੰਬਦੀ ਹੈ ਪਰ ਮੈਂ ਖ਼ੁਸ਼ ਹਾਂ ਕਿ ਮੈਂ ਜਿਊਂਦੇ ਜਾਗਦੇ ਅਪਣੇ ਪਰਵਾਰ ਵਿਚ ਵਾਪਸ ਪਰਤ ਆਇਆਂ ਹਾਂ ਜੋ ਇਕ ਕ੍ਰਿਸ਼ਮੇ ਤੋਂ ਘੱਟ ਨਹੀਂ ਹੈ ਬੇਸ਼ੱਕ ਇਸ ਦੇ ਲਈ ਮੈਨੂੰ ਬੇਹੱਦ ਬੁਲੰਦ ਹੌਂਸਲੇ ਨਾਲ ਲੜਨਾ ਪਿਆ।
ਮਨਪ੍ਰੀਤ ਦਸਦਾ ਹੈ ਕਿ ਮੇਰੇ ਪਰਵਾਰ ਵਲੋਂ ਮੇਰੇ ਨਸ਼ੇ ਨੂੰ ਛਡਵਾਉਣ ਲਈ ਹਰ ਯਤਨ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਇਲਾਜ ਕਰਵਾਉਣ ਦੇ ਬਾਵਜੂਦ ਵੀ ਮੈਨੂੰ ਇਸ ਵਿਚੋਂ ਬਾਹਰ ਆਉਣਾ ਅਸੰਭਵ ਜਾਪ ਰਿਹਾ ਸੀ। ਮਨਪ੍ਰੀਤ ਨੇ ਦਸਿਆ ਕਿ ਇਕ ਵਾਰ ਉਹ ਸੁਲਤਾਨਪੁਰ ਲੋਧੀ ਵਿਚਲੇ ਡੇਰੇ ਵਿਚ ਹਰਖੋਵਾਲ ਵਾਲੇ ਸੰਤਾਂ ਦੇ ਦਰਸ਼ਨ ਕਰਨ ਗਿਆ ਤਾਂ ਉਸ ਨੂੰ ਉਥੇ ਬੜੀ ਸ਼ਾਂਤੀ ਜਿਹੀ ਮਿਲੀ ਅਤੇ ਪ੍ਰਮਾਤਮਾ ਵਲੋਂ ਸੰਤਾਂ ਨਾਲ ਮੇਰਾ ਲਗਾਵ ਲਗਾਤਾਰ ਵਧਦਾ ਗਿਆ।
ਇਕ ਮੁਲਾਕਾਤ ਦੌਰਾਨ ਸੰਤਾਂ ਨੇ ਮੈਨੂੰ ਘੋੜਾ ਰੱਖਣ ਦੀ ਸਲਾਹ ਦਿਤੀ ਪਰ ਮੈਂ ਉਸ ਨੂੰ ਨਹੀਂ ਗੌਲਿਆ। ਕੁਦਰਤ ਇਕ ਦਿਨ ਪਟਿਆਲਾ ਦੇ ਗੁਰਦੁਆਰਾ 9ਵੀਂ ਪਾਤਸ਼ਾਹੀ ਬਹਾਦਰਗੜ੍ਹ ਜਦੋਂ ਮੈਂ ਮੱਥਾ ਟੇਕਣ ਗਿਆ ਤਾਂ ਉਥੇ ਕਾਰ ਸੇਵਾ ਵਾਲੇ ਬਾਬਿਆਂ ਨੇ ਮੈਨੂੰ ਇਕ ਘੋੜੀ ਤੋਹਫ਼ੇ ਵਜੋਂ ਸੌਂਪ ਦਿਤੀ। ਇਸ ਘੋੜੀ ਦੇ ਮੇਰੇ ਘਰ ਵਿਚ ਪੈਰ ਪੈਂਦੇ ਹੀ ਮੇਰੀ ਜ਼ਿੰਦਗੀ ਦੀ ਨੁਹਾਰ ਬਦਲਣ ਲੱਗੀ, ਜ਼ਿਆਦਾ ਸਮਾਂ ਇਸ ਦੀ ਸੇਵਾ ਵਿਚ ਬੀਤਣ ਲੱਗਾ ਅਤੇ ਕੁਦਰਤੀ ਹੀ ਮੇਰੇ ਮਨ ਵਿਚ ਨਸ਼ੇ ਪ੍ਰਤੀ ਵਿਚਾਰ ਆਉਣੇ ਬੰਦ ਜਿਹੇ ਹੋ ਗਏ ਅਤੇ ਹੌਲੀ-ਹੌਲੀ ਕਰਦਿਆਂ ਮੈਂ ਨਸ਼ੇ ਤੋਂ ਦੂਰੀ ਬਣਾ ਲਈ।
ਬੇਸ਼ੱਕ ਅੱਜ ਮੈਂ ਇਕ ਇੱਸ਼ਤਦਾਰ ਸ਼ਹਿਰੀ ਦੇ ਤੌਰ ’ਤੇ ਜ਼ਿੰਦਗੀ ਜੀਅ ਰਿਹਾ ਹਾਂ ਪਰ ਮੈਂ ਇਸ ਦੌਰਾਨ ਬਹੁਤ ਕੁੱਝ ਖੋ ਲਿਆ। ਮੇਰੇ ਨਸ਼ੇ ਕਾਰਨ ਮੇਰੇ ਪਿਤਾ ਜੀ ਬਲਵਿੰਦਰ ਸਿੰਘ ਸੈਫਦੀਪੁਰ ਨੇ ਸ਼ਰਾਬ ਦੇ ਕਾਰੋਬਾਰ ਤੋਂ ਤੌਬਾ ਕਰ ਲਈ। ਨਸ਼ੇ ਵਿਚ ਫਸੇ ਹੋਣ ਕਾਰਨ ਅਕਸਰ ਹੀ ਸ਼ਰਾਬ ਦੇ ਕੰਮ ਕਰ ਕੇ ਲੜਾਈ-ਝਗੜੇ ਹੁੰਦੇ ਰਹਿੰਦੇ ਸੀ ਜਿਨ੍ਹਾਂ ਕਰ ਕੇ ਲੱਖਾਂ ਰੁਪਏ ਅਦਾਲਤਾਂ ਵਿਚ ਖ਼ਰਾਬ ਹੋਏ ਅਤੇ ਜੋ ਜੇਲਾਂ ਕੱਟੀਆਂ ਉਹ ਅਲੱਗ। ਜੋ ਸਮੈਕ ਵਿਚ ਕਰੋੜਾਂ ਰੁਪਏ ਫੂਕ ਦਿਤੇ ਉਹ ਅਲੱਗ। ਪਰ ਮੈਂ ਇਕ ਤੋਂ ਬਾਅਦ ਇਕ ਘੋੜਿਆਂ ਵਿਚ ਵਾਧਾ ਕਰਦਾ ਗਿਆ ਅਤੇ ਇਸ ਦੌਰਾਨ ਮੇਰੀ ਇਕ ਵੱਖਰੀ ਪਹਿਚਾਣ ਬਣਨ ਲੱਗੀ ਅਤੇ ਮੈਨੂੰ ਪੰਜਾਬ ਸਮੇਤ ਬਾਲੀਵੁੱਡ ਤਕ ਦੇ ਲੋਕ ਜਾਨਣ ਲੱਗੇ।
ਇਨ੍ਹਾਂ ਘੋੜਿਆ ਦੇ ਸਦਕੇ ਹੀ ਮੈਂ ਅਪਣੇ ’ਤੇ ਹਰ ਲੱਗੇ ਧੱਬੇ ਨੂੰ ਧੋ ਦਿਤਾ ਅਤੇ ਅੱਜ ਅਪਣੇ ਪਰਵਾਰ ਵਿਚ ਖ਼ੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹਾਂ ਅਤੇ ਹੁਣ ਮੇਰੇ ਕੋਲ ਹਰ ਤਰ੍ਹਾਂ ਦੇ ਪੰਛੀ, ਘੋੜੇ, ਕਬੂਤਰ ਅਤੇ ਬੱਤਖਾਂ ਸਮੇਤ ਬਹੁਤ ਸਾਰੇ ਜਾਨਵਰ ਰੱਖੇ ਹੋਏ ਹਨ ਜਿਹੜੇ ਮੇਰੀ ਜ਼ਿੰਦਗੀ ਦਾ ਅਤੁੱਟ ਹਿੱਸਾ ਬਣ ਚੁੱਕੇ ਹਨ ਅਤੇ ਇਨ੍ਹਾਂ ਨਾਲ ਮੇਰਾ ਇਕ ਅਲੱਗ ਹੀ ਨਾਤਾ ਬਣ ਗਿਆ ਹੈ, ਕਿਉਂਕਿ ਇਹ ਮੇਰੀ ਜ਼ਿੰਦਗੀ ਬਚਾਉਣ ਵਿਚ ਬੇਹੱਦ ਵੱਡਾ ਰੋਲ ਅਦਾ ਕਰ ਗਏ। ਉਥੇ ਹੀ ਮਨਪ੍ਰੀਤ ਨਸ਼ੇ ਵਿਚ ਗਲਤਾਨ ਹੋਏ ਨੌਜਵਾਨਾਂ ਲਈ ਇਹ ਅਪੀਲ ਕਰਦਾ ਹੈ ਕਿ ਜੇਕਰ ਤੁਸੀਂ ਨਸ਼ੇ ਦੇ ਵਿਰੁਧ ਹੌਂਸਲੇ ਦੀ ਜੰਗ ਛੇੜ ਦਿਉਗੇ ਤਾਂ ਤੁਹਾਨੂੰ ਦੁਬਾਰਾ ਇੱਜ਼ਤਦਾਰ ਜ਼ਿੰਦਗੀ ਜਿਊਣ ਤੋਂ ਕੋਈ ਰੋਕ ਨਹੀਂ ਸਕਦਾ।