ਨਸ਼ੀਲੇ ਪਦਾਰਥਾਂ ਦੀ ਖੇਪ ਸਮੇਤ 3 ਗ੍ਰਿਫਤਾਰ, ਐਂਬੂਲੈਂਸ 'ਚ ਕਰਦੇ ਸਨ ਨਸ਼ੇ ਦੀ ਤਸਕਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

SSP ਵਿਵੇਕ ਸ਼ੀਲ ਸੋਨੀ ਨੇ ਦਿੱਤੀ ਜਾਣਕਾਰੀ

PHOTO

 

ਮੁਹਾਲੀ: ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਗਿਰੋਹ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੇ ਨਾਲ ਹੀ ਪੁਲਿਸ ਨੇ 8 ਕਿਲੋ ਅਫੀਮ ਵੀ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਮੁਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਪ੍ਰੈਸ ਕਾਨਫਰੰਸ ਵਿੱਚ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਲੋਕ ਐਂਬੂਲੈਂਸਾਂ ਰਾਹੀਂ ਨਸ਼ਾ ਤਸਕਰੀ ਦਾ ਧੰਦਾ ਕਰਦੇ ਸਨ ਅਤੇ ਯੂਪੀ ਤੋਂ ਨਸ਼ੇ ਲਿਆ ਕੇ ਪੰਜਾਬ ਵਿੱਚ ਵੇਚਦੇ ਸਨ।

 

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ 'ਤੇ ਦੱਪਰ ਟੋਲ ਪਲਾਜ਼ਾ ਨੇੜੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਇੱਕ ਐਂਬੂਲੈਂਸ ਨੂੰ ਚੈਕਿੰਗ ਲਈ ਰੋਕਿਆ ਗਿਆ। ਐਂਬੂਲੈਂਸ ਵਿੱਚ ਆਕਸੀਜਨ ਸਿਲੰਡਰ ਅਤੇ ਮੈਡੀਕਲ ਕਿੱਟ ਨਾ ਹੋਣ ਦੇ ਸ਼ੱਕ ’ਤੇ ਉਸ ਦੀ ਤਲਾਸ਼ੀ ਲਈ ਗਈ। ਐਂਬੂਲੈਂਸ ਵਿੱਚ ਤਿੰਨ ਲੋਕ ਸਵਾਰ ਸਨ। ਇਕ ਡਰਾਈਵਰ, ਦੂਜਾ ਮਰੀਜ਼ ਅਤੇ ਤੀਜਾ ਉਸ ਦੀ ਦੇਖਭਾਲ ਲਈ ਬੈਠੇ ਸਨ।

 

 

ਜਦੋਂ ਤਲਾਸ਼ੀ ਲਈ ਗਈ ਤਾਂ ਉਸ ਵਿਅਕਤੀ ਦੇ ਸਿਰਹਾਣੇ 'ਚੋਂ 8 ਕਿਲੋ ਅਫੀਮ ਬਰਾਮਦ ਹੋਈ, ਜਿਸ ਨੂੰ ਮਰੀਜ਼ ਦੱਸਿਆ ਗਿਆ ਸੀ। ਜਿਸ ਤੋਂ ਬਾਅਦ ਤਿੰਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰਵੀ ਸ੍ਰੀਵਾਸਤਵ (28 ਸਾਲਾ), ਹਰਿੰਦਰ ਸ਼ਰਮਾ (47 ਸਾਲਾ) ਅਤੇ ਅੰਕੁਸ਼ (27 ਸਾਲਾ) ਵਜੋਂ ਹੋਈ ਹੈ।

 

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਮੀਦ ਹੈ ਕਿ ਉਨ੍ਹਾਂ ਤੋਂ ਹੋਰ ਵੀ ਕਈ ਅਹਿਮ ਖੁਲਾਸੇ ਹੋਣਗੇ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।