ਡਰੇਨ ’ਚ ਡੁੱਬਣ ਨਾਲ 10 ਸਾਲਾ ਮਾਸੂਮ ਦੀ ਮੌਤ
ਭਾਰੀ ਮੁਸ਼ੱਕਤ ਮਗਰੋਂ ਡੇਢ ਕਿਲੋਮੀਟਰ ਦੂਰੀ ਤੋਂ ਮਿਲੀ ਲਾਸ਼
ਮੱਤੇਵਾਲ : ਹਲਕਾ ਮਜੀਠਾ ਦੇ ਥਾਣਾ ਮੱਤੇਵਾਲ ਅਧੀਨ ਪੈਂਦੇ ਪਿੰਡ ਪੁਰਾਣਾ ਤਨੇਲ ਦੀ ਡਰੇਨ ਵਿਚ ਡਿੱਗਣ ਕਾਰਨ 10 ਸਾਲਾ ਬੱਚੇ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਬੱਚੇ ਦੀ ਪਛਾਣ ਗੁਰਸੇਵਕ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਬੱਚੇ ਦੇ ਪਿਤਾ ਹਰਪਾਲ ਸਿੰਘ ਨੇ ਦਸਿਆ ਕਿ ਬੀਤੇ ਦਿਨ ਭਾਰੀ ਬਰਸਾਤ ਪੈਣ ਨਾਲ ਪਿੰਡ ਦੇ ਨਾਲ ਲੱਗਦੀ ਡਰੇਨ ਉਪਰ ਤਕ ਪਾਣੀ ਨਾਲ ਭਰ ਕੇ ਵਹਿ ਰਹੀ ਸੀ, ਮੇਰਾ ਬੱਚਾ ਗੁਰਸੇਵਕ ਸਿੰਘ ਕੁਝ ਸਾਥੀ ਬੱਚਿਆਂ ਦੇ ਨਾਲ ਉਥੇ ਗਿਆ ਅਤੇ ਇਸ ਡਰੇਨ ’ਚ ਡਿੱਗ ਪਿਆ।
ਪ੍ਰਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਇਹ ਘਟਨਾ ਬੀਤੇ ਦਿਨ ਸ਼ਾਮ 5 ਵਜੇ ਦੀ ਹੈ। ਉਨ੍ਹਾਂ ਕਿਹਾ ਕਿ ਸੂਚਨਾ ਮਿਲਣ ’ਤੇ ਅਸੀਂ ਪ੍ਰਸ਼ਾਸਨ ਨੂੰ ਸੂਚਿਤ ਕਰ ਦਿਤਾ ਸੀ। ਪਿੰਡ ਵਾਸੀਆਂ ਵਲੋਂ ਅਪਣੇ ਤੌਰ ’ਤੇ ਰੱਸਿਆਂ ਦੀ ਮਦਦ ਨਾਲ ਦੇਰ ਰਾਤ ਤਕ ਭਾਲ ਕੀਤੀ ਗਈ ਪਰ ਹਨੇਰਾ ਤੇ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਸਫ਼ਲਤਾ ਨਹੀਂ ਮਿਲੀ।
ਸੂਚਨਾ ਮਿਲਣ ਮਗਰੋਂ ਪੁਲਿਸ ਪ੍ਰਸ਼ਾਸਨ ਅਤੇ ਗੋਤਾਖੋਰਾਂ ਦੀ ਟੀਮ ਤੁਰਤ ਮੌਕੇ ’ਤੇ ਪੁੱਜੀ ਅਤੇ ਬੱਚੇ ਦੇ ਮ੍ਰਿਤਕ ਸਰੀਰ ਦੀ ਭਾਲ ਸ਼ੁਰੂ ਕਰ ਦਿਤੀ। ਤਕਰੀਬਨ ਤਿੰਨ-ਚਾਰ ਘੰਟਿਆਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਤਕਰੀਬਨ ਡੇਢ ਕਿਲੋਮੀਟਰ ਦੀ ਦੂਰੀ ’ਤੇ ਪਿੰਡ ਤਾਹਰਪੁਰ ਦੇ ਡਰੇਨ ਪੁਲ ਨੇੜਿਉਂ ਬੱਚੇ ਦੀ ਲਾਸ਼ ਬਰਾਮਦ ਹੋਈ। ਇਥੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬੱਚੇ ਦਾ ਮ੍ਰਿਤਕ ਸਰੀਰ ਪ੍ਰਵਾਰ ਦੀ ਸਹਿਮਤੀ ਨਾਲ ਪੋਸਟਮਾਰਟਮ ਲਈ ਅੰਮ੍ਰਿਤਸਰ ਭੇਜ ਦਿਤਾ।