ਕਾਲੀ ਵੇਈਂ ’ਚ ਰੁੜ੍ਹਿਆ 15 ਸਾਲਾ ਮੁੰਡਾ, ਪ੍ਰਵਾਰਕ ਮੈਂਬਰਾਂ ਤੇ ਪੁਲਿਸ ਵਲੋਂ ਭਾਲ ਜਾਰੀ
ਅਜੇ ਤਕ ਨਹੀਂ ਲੱਗਾ ਕੋਈ ਸੁਰਾਗ਼
ਟਾਂਡਾ ਉੜਮੁੜ : ਟਾਂਡਾ ਦੇ ਦਸੂਹਾ 'ਚ ਪੁਲ ਪੁਖਤਾ ਪਿੰਡ ਦੇ ਪੁਲ ਨੇੜੇ ਕਾਲੀ ਵੇਈਂ 'ਚ 15 ਸਾਲਾ ਦੇ ਮੁੰਡੇ ਦੀ ਡੁੱਬਣ ਨਾਲ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਾਂਡਾ ਪੁਲਿਸ ਅਤੇ ਪ੍ਰਵਾਰਕ ਮੈਂਬਰਾਂ ਵਲੋਂ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਜਾਂਚ ਕੀਤੀ ਗਈ ਪਰ ਹਾਦਸੇ ਦੇ ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਅਜੇ ਤਕ ਬੱਚੇ ਦਾ ਕੋਈ ਸੁਰਾਗ਼ ਨਹੀਂ ਲੱਗਾ।
ਇਹ ਵੀ ਪੜ੍ਹੋ: 16 ਸਾਲ ਪਹਿਲਾਂ ਹੋਈ ਅਧਿਆਪਕ ਭਰਤੀ 'ਚ ਘਪਲੇ ਦਾ ਮਾਮਲਾ, ਜਾਅਲੀ ਦਸਤਾਵੇਜ਼ਾਂ ਦੇ ਅਧਾਰ 'ਤੇ ਮਿਲੀਆਂ ਨੌਕਰੀਆਂ
ਹਾਦਸੇ ਦਾ ਸ਼ਿਕਾਰ ਹੋਏ ਬੱਚੇ ਦੀ ਪਛਾਣ ਰੋਹਿਤ ਕੁਮਾਰ ਪੁੱਤਰ ਸੁਨੀਲ ਕੁਮਾਰ ਵਾਸੀ ਝਾਰਖੰਡ ਹਾਲ, ਮਸੀਤਪਾਲ ਕੋਟ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰੋਹਿਤ ਕੁਮਾਰ ਅਪਣੇ ਸਾਥੀ ਮੋਨੂੰ ਕੁਮਾਰ ਤੇ ਹੋਰਾਂ ਦੇ ਨਾਲ ਗੁਰਦੁਆਰਾ ਪੁਲ ਪੁਖਤਾ ਵਿਖੇ ਮੱਥਾ ਟੇਕਣ ਗਿਆ ਹੋਇਆ ਸੀ ਅਤੇ ਵਾਪਸੀ ਸਮੇਂ ਜੋ ਅਪਣੇ ਸਾਥੀਆਂ ਨਾਲ ਊਫਾਨ ’ਤੇ ਆਈ ਕਾਲੀ ਵੇਈਂ ਦਾ ਪਾਣੀ ਵੇਖਣ ਚਲਾ ਗਿਆ।
ਇਸ ਦੌਰਾਨ ਉਹ ਵੇਈਂ ਦੇ ਕਿਨਾਰੇ ਖੇਤਾਂ ’ਚ ਇਕੱਠੇ ਹੋਏ ਪਾਣੀ ਵਿਚ ਨਹਾਉਣ ਲੱਗ ਪਿਆ। ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ। ਸੂਚਨਾ ਮਿਲਣ ’ਤੇ ਥਾਣਾ ਟਾਂਡਾ ਦੇ ਐਸ.ਆਈ. ਪਰਵਿੰਦਰ ਸਿੰਘ ਮੌਕੇ ’ਤੇ ਪੁੱਜੇ ਅਤੇ ਡੁੱਬੇ ਲੜਕੇ ਦੀ ਭਾਲ ਸ਼ੁਰੂ ਕਰ ਦਿਤੀ ਹੈ।