ਭਾਸ਼ਾ ਵਿਭਾਗ, ਮੋਹਾਲੀ ਵੱਲੋਂ ਪ੍ਰਸ਼ਨੋਤਰੀ ਮੁਕਾਬਲੇ 23 ਅਗਸਤ 2023 ਨੂੰ : ਡਾ. ਬੋਹਾ

ਏਜੰਸੀ

ਖ਼ਬਰਾਂ, ਪੰਜਾਬ

 ਐਂਟਰੀਆਂ ਭੇਜਣ ਦੀ ਅੰਤਿਮ ਮਿਤੀ 25 ਜੁਲਾਈ 2023

photo

 

 ਮੁਕਾਬਲਿਆਂ ਲਈ ਕੋਈ ਐਂਟਰੀ ਫੀਸ ਨਹੀਂ

ਮੁਹਾਲੀ : ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿਚ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਵੱਲੋਂ ਸਕੂਲਾਂ ਅਤੇ ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਪ੍ਰਸ਼ਨੋਤਰੀ ਮੁਕਾਬਲੇ 23.ਅਗਸਤ 2023 ਦਿਨ ਬੁੱਧਵਾਰ ਨੂੰ ਕਰਵਾਏ ਜਾ ਰਹੇ ਹਨ। ਇਹਨਾਂ ਮੁਕਾਬਲਿਆਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਡਾ.ਦਵਿੰਦਰ ਸਿੰਘ ਬੋਹਾ ਵੱਲੋਂ ਦੱਸਿਆ ਗਿਆ ਹੈ ਇਹ ਮੁਕਾਬਲੇ ਵਿਦਿਆਰਥੀਆਂ ਦੇ ਵੱਖ-ਵੱਖ ਤਿੰਨ ਵਰਗਾਂ ਵਿੱਚ ਹੋਣਗੇ। ਪਹਿਲੇ ਵਰਗ ’ਚ ਜਮਾਤ 8ਵੀਂ ਸ਼੍ਰੇਣੀ ਤੱਕ ਪੜ੍ਹਨ ਵਾਲੇ ਵਿਦਿਆਰਥੀ, ਦੂਸਰੇ ਵਰਗ ’ਚ 9ਵੀਂ ਤੋਂ 12ਵੀਂ ਸ਼੍ਰੇਣੀ ਤੱਕ ਅਤੇ ਤੀਸਰੇ ਵਰਗ ਵਿੱਚ ਬੀ.ਏ/ਬੀ.ਕਾਮ/ਬੀ.ਐੱਸ.ਈ, ਗ੍ਰੈਜੂਏਸ਼ਨ) ਪੱਧਰ ਤੱਕ ਦੇ ਵਿਦਿਆਰਥੀ ਭਾਗ ਲੈਣਗੇ। ਇਹਨਾਂ ਮੁਕਾਬਲਿਆਂ ਲਈ ਐਂਟਰੀਆਂ ਲੈਣ ਦੀ ਮਿਤੀ 25 ਜੁਲਾਈ 2023 ਰੱਖੀ ਗਈ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਵੱਖ-ਵੱਖ ਵਰਗਾਂ ਦੇ ਇਹਨਾਂ ਮੁਕਾਬਲਿਆਂ ਵਿੱਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਜਾਂ ਵਿਭਾਗੀ ਪੁਸਤਕਾਂ ਭੇਂਟ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਭਾਗ ਲੈਣ ਵਾਲੇ ਹਰ ਵਿਦਿਆਰਥੀ ਨੂੰ ਭਾਸ਼ਾ ਵਿਭਾਗ, ਮੋਹਾਲੀ ਵੱਲੋਂ ਪ੍ਰਮਾਣ ਪੱਤਰ ਵੀ ਦਿੱਤਾ ਜਾਵੇਗਾ। ਇਨ੍ਹਾਂ ਮੁਕਾਬਲਿਆਂ ਦੇ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਅੱਗੇ ਦੱਸਿਆ ਕਿ ਇਹ ਮੁਕਾਬਲੇ ਲਿਖਤੀ ਹੋਣਗੇ ਅਤੇ ਇਹਨਾਂ ਲਈ ਇੱਕ ਘੰਟਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਵਿਦਿਆਰਥੀਆਂ ਨੂੰ ਕੁੱਲ 100 ਪ੍ਰਸ਼ਨ ਪੁੱਛੇ ਜਾਣਗੇ ਤੇ ਕੁੱਲ ਅੰਕ 400 ਹੋਣਗੇ। ਠੀਕ ਉੱਤਰ ਦੇ 4 ਅੰਕ ਦਿੱਤੇ ਜਾਣਗੇ ਅਤੇ ਗਲਤ ਉੱਤਰ ਦਾ 1 ਅੰਕ ਕੱਟਿਆ ਜਾਵੇਗਾ। ਪ੍ਰਸ਼ਨਾਵਲੀ ਮੁਕਾਬਲੇ ਲਈ ਪ੍ਰਸ਼ਨ ਪੱਤਰ ਅਤੇ ਉੱਤਰ ਪੱਤਰੀਆਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਵੱਲੋਂ ਦਿੱਤੇ ਜਾਣਗੇ। ਜ਼ਿਲ੍ਹੇ ਵਿੱਚੋਂ ਵੱਖ-ਵੱਖ ਵਰਗਾਂ ਦੇ ਪਹਿਲੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ।

ਜ਼ਿਲ੍ਹਾ ਪੱਧਰ ’ਤੇ ਕਰਵਾਏ ਜਾਣ ਵਾਲੇ ਇਨ੍ਹਾਂ ਮੁਕਾਬਲਿਆਂ ਦੀਆਂ ਵਿਸਥਾਰ ਸਹਿਤ ਹਦਾਇਤਾਂ ਸਮੂਹ ਸਕੂਲ ਮੁਖੀਆਂ, ਕਾਲਜਾਂ ਨੂੰ ਪੱਤਰ ਰਾਹੀਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਡਾ. ਬੋਹਾ ਵੱਲੋਂ ਇਹ ਵੀ ਦੱਸਿਆ ਗਿਆ ਕਿ ਪ੍ਰਸ਼ਨੋਤਰੀ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਤੋਂ ਪੰਜਾਬੀ ਸਾਹਿਤ, ਧਰਮ, ਭਾਸ਼ਾ, ਸ਼ਖਸੀਅਤਾਂ, ਸਭਿਆਚਾਰ, ਇਤਿਹਾਸ ਅਤੇ ਭੂਗੋਲ ਨਾਲ ਸਬੰਧਿਤ ਪ੍ਰਸ਼ਨ ਪੁੱਛੇ ਜਾਣਗੇ। ਵਿਦਿਆਰਥੀਆਂ ਲਈ ਮੁਕਾਬਲੇ ਦੀ ਤਿਆਰੀ ਵਾਸਤੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ‘ਕੁਇਜ਼ ਮੁਕਾਬਲਾ’ ਪੁਸਤਕ ਵੀ ਤਿਆਰ ਕੀਤੀ ਗਈ ਹੈ ਜੋ ਕਿਸੇ ਵੀ ਸਮੇਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਤੋਂ ਖਰੀਦੀ ਜਾ ਸਕਦੀ ਹੈ।