ਇਸ਼ਕ 'ਚ ਅੰਨ੍ਹੀ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪੁੱਤ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟਿਆਲਾ ਪੁਲਿਸ ਨੇ ਅੱਜ ਇਕ ਅਜਿਹੇ ਮਾਮਲੇ ਨੂੰ ਬੇਪਰਦ ਕੀਤਾ ਹੈ ਜਿਸ ਵਿਚ ਇਸ਼ਕ ਵਿਚ ਅੰਨ੍ਹੀ ਹੋਈ ਮਾਂ ਨੇ ਹੀ ਅਪਣੇ ਪ੍ਰੇਮੀ ਨਾਲ ਮਿਲ..............

SSP Mandeep Singh Sidhu During the Press Conference

ਪਟਿਆਲਾ/ਨਾਭਾ : ਪਟਿਆਲਾ ਪੁਲਿਸ ਨੇ ਅੱਜ ਇਕ ਅਜਿਹੇ ਮਾਮਲੇ ਨੂੰ ਬੇਪਰਦ ਕੀਤਾ ਹੈ ਜਿਸ ਵਿਚ ਇਸ਼ਕ ਵਿਚ ਅੰਨ੍ਹੀ ਹੋਈ ਮਾਂ ਨੇ ਹੀ ਅਪਣੇ ਪ੍ਰੇਮੀ ਨਾਲ ਮਿਲ ਕੇ ਅਪਣੇ 17-18 ਵਰ੍ਹਿਆਂ ਦੇ ਨੌਜਵਾਨ ਪੁੱਤਰ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ। ਇਸ ਸਨਸਨੀਖੇਜ਼ ਮਾਮਲੇ ਦਾ ਖੁਲਾਸਾ ਕਰਦਿਆ ਅੱਜ ਪੁਲਿਸ ਲਾਈਨ ਵਿਖੇ ਸੱਦੇ ਪੱਤਰਕਾਰ ਸੰਮੇਲਨ ਦੌਰਾਨ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦਸਿਆ ਕਿ 20 ਅਗੱਸਤ ਨੂੰ ਪਿੰਡ ਛੀਟਾਂਵਾਲਾ ਥਾਣਾ ਸਦਰ ਨਾਭਾ ਵਿਖੇ ਕਬੱਡੀ ਖਿਡਾਰੀ ਸੁਖਵੀਰ ਸਿੰਘ ਉਰਫ਼ ਸੁੱਖੀ ਪੁੱਤਰ ਸ੍ਰੀ ਬਲਜਿੰਦਰ ਸਿੰਘ ਦੀ ਮੌਤ ਦਾ ਪਤਾ ਲੱਗਾ ਸੀ।

ਜਿਸ ਤਹਿਤ ਉਪ ਕਪਤਾਨ ਪੁਲਿਸ ਸਰਕਲ ਨਾਭਾ ਦੀ ਨਿਗਰਾਨੀ ਹੇਠ ਐਸ.ਐਚ.ਓ. ਥਾਣਾ ਸਦਰ ਇੰਸਪੈਕਟਰ ਬਿੱਕਰ ਸਿੰਘ ਵਲੋਂ ਕਰਵਾਈ ਕਰਦਿਆਂ ਧਾਰਾ 174 ਸੀ.ਆਰ.ਪੀ.ਸੀ. ਅਧੀਨ ਕਰਵਾਈ ਅਮਲ ਵਿਚ ਲਿਆਂਦੀ ਗਈ ਪਰ ਮਾਮਲਾ ਸ਼ੱਕੀ ਜਾਪਦਾ ਵੇਖ ਕੇ ਇਸ ਮਾਮਲੇ ਦੀ ਗੁਪਤ ਜਾਂਚ ਸ਼ੁਰੂ ਕਰ ਦਿਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਦੀ ਮਾਤਾ ਨਰਿੰਦਰ ਕੌਰ ਜਿਸ ਦੇ ਪਤੀ ਦੀ ਸਾਲ 2010 ਵਿੱਚ ਇੱਕ ਦੁਰਘਟਨਾ ਹੋਣ ਨਾਲ ਮੌਤ ਹੀ ਗਈ ਸੀ, ਦੇ ਸਾਲ 2014 ਵਿਚ ਅਪਣੇ ਪਿੰਡ ਦੇ ਹੀ ਮੋਬਾਈਲਾਂ ਦੀ ਦੁਕਾਨ ਕਰਦੇ ਸਿਮਰਦੀਪ ਸਿੰਘ ਉਰਫ਼ ਸਿਮਰਜੀਤ ਸਿੰਘ ਉਰਫ਼ ਡੋਗਰ ਨਾਲ ਨਾਜਾਇਜ਼ ਸਬੰਧ ਬਣ ਗਏ।

ਜਦੋਂ ਮਾਂ ਨੂੰ ਇਸ ਗਲਤ ਕੰਮ ਤੋਂ ਉਸ ਦਾ ਪੁੱਤਰ ਰੋਕਣ ਲੱਗਾ ਤਾਂ ਨਰਿੰਦਰ ਕੌਰ ਨੇ ਅਪਣੇ ਪ੍ਰੇਮੀ ਸਿਮਰਦੀਪ ਸਿੰਘ ਉਰਫ਼ ਸਿਮਰਜੀਤ ਸਿੰਘ ਉਰਫ਼ ਡੋਗਰ ਨਾਲ ਮਿਲ ਕੇ 19 ਅਤੇ 20 ਅਗੱਸਤ ਦੀ ਦਰਮਿਆਨੀ ਰਾਤ ਨੂੰ ਸੁਖਵੀਰ ਸਿੰਘ ਨੂੰ ਢਾਹ ਕੇ ਸਾਹ ਘੁੱਟ ਕੇ ਧੱਕੇ ਨਾਲ ਉਸ ਦੇ ਮੂੰਹ ਵਿਚ ਕੀਟਨਾਸ਼ਕ ਦਵਾਈ ਪਾ ਦਿਤੀ ਤਾਕਿ ਇਸ ਨੂੰ ਆਤਮ ਹਤਿਆ ਵਿਖਾਇਆ ਜਾ ਸਕੇ ਅਤੇ ਫੇਰ ਉਸ ਦੀ ਲਾਸ਼ ਨੂੰ ਅਪਣੇ ਘਰ ਦੇ ਬਾਹਰ ਗੇਟ ਦੀ ਕੰਧ ਨਾਲ ਲਗਾ ਕੇ ਰੱਖ ਦਿਤਾ। ਐਸ.ਐਸ.ਪੀ. ਨੇ ਦਸਿਆ ਕਿ ਸਵੇਰ ਸਮੇਂ ਉਕਤ ਔਰਤ ਵਲੋਂ ਬਿਨਾਂ ਕਿਸੇ ਕਾਰਵਾਈ ਦੇ ਸਸਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ

ਪਰ ਪੁਲਿਸ ਨੂੰ ਇਹ ਮਾਮਲਾ ਸ਼ੱਕੀ ਜਾਪਿਆਂ ਤਾਂ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ। ਪੁਛਗਿਛ ਦੌਰਾਨ ਦੋਵਾਂ ਨੇ ਅਪਣਾ ਜ਼ੁਲਮ ਕਬੂਲਦਿਆਂ ਇਹ ਵੀ ਦਸਿਆ ਕਿ ਜੂਨ 2015 ਵਿੱਚ ਨਰਿੰਦਰ ਕੌਰ ਦੇ ਸਹੁਰੇ ਜਗਦੇਵ ਸਿੰਘ ਦਾ ਵੀ ਰਾਤ ਨੂੰ ਸੁੱਤੇ ਪਏ ਦੇ ਮੂੰਹ 'ਤੇ ਸਿਰਹਾਣਾ ਰੱਖ ਕੇ ਉਸ ਦਾ ਵੀ ਕਤਲ ਕਰ ਦਿਤਾ ਸੀ ਅਤੇ ਉਸ ਨੂੰ ਕੁਦਰਤੀ ਹਾਰਟ ਅਟੈਕ ਦੱਸ ਕੇ ਉਸ ਦਾ ਸਸਕਾਰ ਕਰ ਦਿਤਾ ਸੀ ਕਿਉਂਕਿ ਸਹੁਰਾ ਜਗਦੇਵ ਸਿੰਘ ਵੀ ਨੂੰਹ ਨੂੰ ਗ਼ਲਤ ਕੰਮਾਂ ਤੋਂ ਰੋਕਦਾ ਸੀ। ਪੁਲਿਸ ਨੇ  ਇਸ ਸਬੰਧੀ ਮੁਕੱਦਮਾ ਨੰਬਰ 127 ਮਿਤੀ 22 ਅਗਸਤ 2018 ਅ/ਧ 302, 34 ਥਾਣਾ ਸਦਰ ਨਾਭਾ ਦਰਜ ਕੀਤਾ ਗਿਆ ਹੈ।