ਸੁਖਬੀਰ ਬਾਦਲ ਨੇ ਕਰਤਾਰਪੁਰ ਲਾਂਘੇ ਸਬੰਧੀ ਸਿੱਧੂ ਦੇ ਦਾਅਵੇ ਨੂੰ ਕੀਤਾ ਖ਼ਾਰਜ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰਤਾਰਪੁਰ ਗਲਿਆਰੇ ਨੂੰ ਲੈ ਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਦਾਅਵੇ ਨੂੰ ਖ਼ਾਰਜ ਕਰ ਦਿਤਾ...
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰਤਾਰਪੁਰ ਗਲਿਆਰੇ ਨੂੰ ਲੈ ਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਦਾਅਵੇ ਨੂੰ ਖ਼ਾਰਜ ਕਰ ਦਿਤਾ। ਪਾਕਿਸਤਾਨੀ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵਲੋਂ ਕਰਾਸ ਸਰਹੱਦ ਖੋਲ੍ਹਣ ਬਾਰੇ ਦਿਤੇ ਭਰੋਸੇ 'ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਧੂ ਨੇ ਫ਼ੌਜੀ ਅਫ਼ਸਰ ਨੂੰ ਗਲੇ ਲਗਾਉਣ ਦੇ ਅਪਣੇ ਫ਼ੈਸਲੇ ਨੂੰ ਸਹੀ ਠਹਿਰਾਉਣ ਲਈ ਅਜਿਹਾ ਬਿਆਨ ਦਿਤਾ ਸੀ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਏ ਸੁਖਬੀਰ ਨੇ ਕਿਹਾ ਕਿ ਲੰਬੇ ਸਮੇਂ ਤੋਂ ਲਟਕ ਰਿਹਾ ਇਹ ਗਲਿਆਰਾ ਸਿਰਫ਼ ਉਦੋਂ ਅਸਲੀਅਤ ਵਿਚ ਖੁੱ੍ਹ ਸਕਦਾ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਸਾਂਝੇ ਤੌਰ 'ਤੇ ਫ਼ੈਸਲਾ ਲੈਣ। ਉਨ੍ਹਾਂ ਕਿਹਾ ਕਿ ਅਸੀਂ ਅਗਲੇ ਸਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਮੌਕੇ ਲਾਂਘਾ ਖੋਲ੍ਹਣ ਲਈ ਵਾਰ-ਵਾਰ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰਾਲਾ ਨਾਲ ਸੰਪਰਕ ਕੀਤਾ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਸਿੱਧੂ ਚੀਜ਼ਾਂ ਨੂੰ ਸਹੀ ਕਰਨ ਵਿਚ ਬਹੁਤ ਮਾਹਿਰ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਪਾਕਿਸਤਾਨ ਨੂੰ ਜੰਗਬੰਦੀ ਦੀ ਉਲੰਘਣਾ ਕਰਨ ਤੋਂ ਰੋਕਣਾ ਚਾਹੀਦਾ ਹੈ ਜੋ ਰੋਜ਼ਾਨਾ ਸਾਡੇ ਫ਼ੌਜੀਆਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਦਾ ਹਨ। ਸੁਖਬੀਰ ਅਪਣੀ ਪਤਨੀ ਹਰਸਿਮਰਤ ਕੌਰ ਬਾਦਲ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਚ ਮੱਥਾ ਟੇਕਣ ਲਈ ਪਹੁੰਚੇ ਸਨ। ਹਰ ਮਹੀਨੇ ਬਾਦਲ ਪਰਵਾਰ ਵਲੋਂ ਹਰਿਮੰਦਰ ਸਾਹਿਬ ਵਿਖੇ ਰਖਵਾਏ ਗਏ ਪਾਠ ਦੇ ਭੋਗ ਪਾਏ ਜਾਂਦੇ ਹਨ, ਜਿਨ੍ਹਾਂ ਵਿਚ ਉਹ ਹਿੱਸਾ ਲੈਣ ਲਈ ਆਉਂਦੇ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਉਨ੍ਹਾਂ ਦੀ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਕਈ ਵਾਰ ਪਾਕਿਸਤਾਨ ਦੇ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪਾਕਿ ਸਰਕਾਰ ਨੇ ਕਦੇ ਵੀ ਇਸ ਦੇ ਪ੍ਰਤੀ ਗੰਭੀਰਤਾ ਨਹੀਂ ਦਿਖਾਈ।ਸੁਖਬੀਰ ਨੇ ਕਿਹਾ ਕਿ ਸਿੱਧੂ ਦੇ ਕੋਲ ਵੀ ਅਜਿਹਾ ਸੰਵਿਧਾਨਕ ਅਧਿਕਾਰ ਨਹੀਂ ਹੈ ਕਿ ਉਹ ਕਰਤਾਰਪੁਰ ਲਾਂਘੇ ਸਬੰਧੀ ਪਾਕਿਸਤਾਨ ਸਰਕਾਰ ਦੇ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਕਰ ਸਕੇ।
ਨਾ ਹੀ ਕਿਸੇ ਸਰਕਾਰ ਨੇ ਸਿੱਧੂ ਨੂੰ ਇਸ ਕੰਮ ਲਈ ਦੂਤ ਬਣਾ ਕੇ ਭੇਜਿਆ ਸੀ। ਸਰਹੱਦ 'ਤੇ ਰਸਤਾ ਖੋਲ੍ਹੇ ਜਾਣ ਦੇ ਮਾਮਲੇ ਕੇਂਦਰੀ ਸਰਕਾਰਾਂ ਅਤੇ ਵਿਦੇਸ਼ ਮੰਤਰਾਲਾ ਨਾਲ ਸਬੰਧਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਿੱਧੂ ਨੂੰ ਇਕ ਮਹੀਨੇ ਦਾ ਸਮਾਂ ਦਿੰਦੇ ਹਾਂ ਕਿ ਉਹ ਪਾਕਿਸਤਾਨ ਸਰਕਾਰ ਦੇ ਨਾਲ ਗੱਲਬਾਤ ਕਰਕੇ ਭਾਰਤ ਵਿਚ ਅਤਿਵਾਦੀ ਭੇਜਣ ਦੀ ਪ੍ਰਕਿਰਿਆ ਬੰਦ ਕਰਵਾਏ ਅਤੇ ਸ਼ਾਂਤੀ ਸਥਾਪਿਤ ਕਰਵਾਏ।
ਇਸ ਦੌਰਾਨ ਦਲ ਖ਼ਾਲਸਾ ਦੇ ਸਕੱਤਰ ਕੰਵਰਪਾਲ ਸਿੰਘ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਪਾਕਿਸਤਾਨ ਸਰਕਾਰ ਕਤਰਾਰਪੁਰ ਲਾਂਘੇ 'ਤੇ ਵਿਚਾਰ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਜਦੋਂ ਵੀ ਇਮਰਾਨ ਖ਼ਾਨ ਦੇ ਅਧੀਨ ਆਉਣ ਵਾਲਾ ਪਾਕਿਸਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਮੌਕੇ ਗਲਿਆਰਾ ਖੋਲ੍ਹਣ ਦੀ ਪੇਸ਼ਕਸ਼ ਕਰੇਗਾ ਤਾਂ ਭਾਰਤ ਸਹੀ ਜਵਾਬ ਨਹੀਂ ਦੇਵੇਗਾ।