ਪੰਜਾਬ ਵਿਧਾਨ ਸਭਾ ਦਾ 12ਵਾਂ ਇਜਲਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਦਾ 12ਵਾਂ ਇਜਲਾਸ

image

ਪ੍ਰੈੱਸ ਕਵਰੇਜ ਲਈ ਪੰਜਾਬ ਭਵਨ ਨੂੰ ਸਦਨ ਦੇ ਅਹਾਤੇ ਵਜੋਂ ਵਰਤਣ ਸਬੰਧੀ ਨੋਟੀਫ਼ੀਕੇਸ਼ਨ ਜਾਰੀ

ਚੰਡੀਗੜ੍ਹ, 24 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਕੋਵਿਡ-19 ਮਹਾਂਮਾਰੀ ਦੇ ਮਦੇਨਜ਼ਰ ਸਾਰੀਆਂ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ 15ਵੀਂ ਵਿਧਾਨ ਸਭਾ ਦੇ 12ਵੇਂ ਇਜਲਾਸ ਦੀ ਪ੍ਰੈੱਸ ਕਵਰੇਜ ਲਈ ਪੰਜਾਬ ਭਵਨ, ਸੈਕਟਰ-3 ਚੰਡੀਗੜ੍ਹ ਨੂੰ ਸਦਨ ਦਾ ਅਹਾਤਾ ਘੋਸ਼ਿਤ ਕਰਨ ਸੰਬਧੀ ਨੋਟੀਫ਼ੀਕੇਸ਼ਨ ਜਾਰੀ ਕੀਤਾ ਹੈ। ਇਹ ਫ਼ੈਸਲਾ ਵਿਧਾਨ ਸਭਾ ਸਪੀਕਰ ਦੀ ਅਗਵਾਈ ਵਿਚ ਹੋਈ ਮੀਟਿੰਗ ਦੌਰਾਨ ਲਿਆ ਗਿਆ। ਸਪੀਕਰ ਨੇ ਦਸਿਆ ਕਿ ਸੈਸ਼ਨ ਦੀ ਕਰਵਰੇਜ ਕਰਨ ਵਾਲੇ ਸਾਰੇ ਪੱਤਰਕਾਰਾਂ ਲਈ ਕੋਵਿਡ-19 ਟੈਸਟ ਕਰਵਾਉਣਾ ਲਾਜ਼ਮੀ ਹੈ। ਪੱਤਰਕਾਰਾਂ ਨੂੰ ਟੈਸਟ ਕਰਾਉਣ ਦੀ ਸਹੂਲਤ ਦੇਣ ਲਈ ਪੰਜਾਬ ਭਵਨ, ਸੈਕਟਰ-3, ਚੰਡੀਗੜ੍ਹ ਵਿਖੇ 25-26 ਅਗੱਸਤ ਨੂੰ ਬਾਅਦ ਦੁਪਹਿਰ 2 ਤੋਂ ਸ਼ਾਮ 5 ਵਜੇ ਤਕ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਕੇਵਲ ਨੈਗੇਟਿਵ ਰਿਪੋਰਟ ਵਾਲੇ ਪੱਤਰਕਾਰ ਨੂੰ ਹੀ ਪੰਜਾਬ ਭਵਨ  ਵਿਚ ਦਾਖ਼ਲ ਹੋਣ ਦੀ ਆਗਿਆ ਹੋਵੇਗੀ। ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਪੰਜਾਬ ਵਿਧਾਨ ਸਭਾ ਦੇ ਬੁਲਾਰੇ ਨੇ ਦਸਿਆ ਕਿ ਪੰਜਾਬ ਭਵਨ ਦੇ ਹਾਲ ਦੇ ਬਾਹਰ ਹਰੇਕ ਟੀਵੀ ਚੈਨਲ ਦੇ ਸਿਰਫ ਇਕ ਕੈਮਰਾਮੈਨ ਨੂੰ ਕਵਰੇਜ ਕਰਨ ਦੀ ਆਗਿਆ ਹੋਵੇਗੀ ਜਿਥੋਂ ਸੈਸ਼ਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਹਾਲ ਵਿਚ ਕੋਈ ਕੈਮਰਾ / ਮੋਬਾਈਲ ਫ਼ੋਨ ਲਿਜਾਣ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਇਹ ਵੀ ਦਸਿਆ ਕਿ ਪੰਜਾਬ ਵਿਧਾਨ ਸਭਾ ਮੈਂਬਰ ਪੰਜਾਬ ਭਵਨ ਦੇ ਖੁਲ੍ਹੇ ਖੇਤਰ ਵਿਚ ਪ੍ਰੈੱਸ ਕਾਨਫ਼ਰੰਸ ਕਰ ਸਕਦੇ ਹਨ। ਪੱਤਰਕਾਰਾਂ ਨੂੰ ਸਬੰਧਤ ਸੰਸਥਾ ਦੇ ਸੰਪਾਦਕ / ਬਿਊਰੋ ਚੀਫ਼ ਦੀ ਸਹਿਮਤੀ ਨਾਲ ਫ਼ਾਰਮ ਭਰ ਕੇ ਪੰਜਾਬ ਵਿਧਾਨ ਸਭਾ ਪ੍ਰੈੱਸ ਗੈਲਰੀ ਕਮੇਟੀ ਦੀ ਸਿਫ਼ਾਰਸ਼ ਲਈ 25 ਅਗੱਸਤ, 2020 ਦੁਪਹਿਰ 12 ਵਜੇ ਤਕ ਜਮ੍ਹਾਂ ਕਰਵਾਉਣਾ ਹੋਵੇਗਾ।