ਸੋਨੀਆ ਨੇ ਕਿਹਾ, ਉਹ ਇਸ ਅਹੁਦੇ 'ਤੇ ਨਹੀਂ ਰਹਿਣਾ ਚਾਹੁੰਦੀ, ਪਾਰਟੀ ਨਵਾਂ ਪ੍ਰਧਾਨ ਲੱਭੇ
ਨਵੀਂ ਦਿੱਲੀ, 23 ਅਗੱਸਤ : ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਪਣਾ ਅਹੁਦਾ ਛੱਡ ਦੇਵੇਗੀ। ਦਰਅਸਲ, ਕਾਂਗਰਸ 'ਚ ਕੁਲਵਕਤੀ ਪ੍ਰਧਾਨ ਨਿਯੁਕਤ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ। ਸੂਤਰਾਂ ਮੁਤਾਬਕ 73 ਸਾਲਾ ਸੋਨੀਆ ਗਾਂਧੀ ਨੇ ਪਾਰਟੀ ਸਹਿਯੋਗੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਇਕ ਸਾਲ ਦਾ ਕਾਰਜਕਾਲ ਪੂਰਾ ਕਰ ਲਿਆ ਹੈ ਅਤੇ ਉਹ ਪਾਰਟੀ ਪ੍ਰਧਾਨ ਅਹੁਦੇ ਤੋਂ ਹਟਣਾ ਚਾਹੇਗੀ ਅਤੇ ਉਨ੍ਹਾਂ ਨੂੰ ਨਵਾਂ ਪ੍ਰਧਾਨ ਚੁਣਨਾ ਚਾਹੀਦਾ ਹੈ। ਸੂਤਰਾਂ ਨੇ ਕਿਹਾ ਹੈ ਕਿ 73 ਸਾਲਾ ਕਾਂਗਰਸ ਪ੍ਰਧਾਨ ਜਾਂ ਤਾਂ ਫ਼ੌਰੀ ਤੌਰ 'ਤੇ ਅਹੁਦਾ ਛੱਡੇਗੀ ਜਾਂ ਨਵਾਂ ਮੁਖੀ ਲੱਭਣ ਲਈ ਆਖੇਗੀ।
ਸੋਨੀਆ ਗਾਂਧੀ ਨੇ ਪਾਰਟੀ ਨੂੰ ਇਕ ਨਵਾਂ ਮੁਖੀ ਚੁਣਨ ਦੀ ਅਪੀਲ ਕੀਤੀ ਹੈ। ਸੋਨੀਆ ਗਾਂਧੀ ਨੇ ਸਪੱਸ਼ਟ ਕਰ ਦਿਤਾ ਹੈ ਕਿ ਉਹ ਹੁਣ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਅਹੁਦੇ 'ਤੇ ਨਹੀਂ ਰਹਿਣਾ ਚਾਹੁੰਦੇ। ਉਨ੍ਹਾਂ ਪਾਰਟੀ ਵਰਕਰਾਂ ਨੂੰ ਉਨ੍ਹਾਂ ਦੇ ਫ਼ੈਸਲੇ ਦਾ ਸਨਮਾਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਹੁਣ ਇਸ ਅਹੁਦੇ ਦੀ ਜ਼ਿੰਮੇਵਾਰੀ ਨਹੀਂ ਸੰਭਾਲ ਸਕਣਗੇ।
ਦਰਅਸਲ ਕਾਂਗਰਸ ਦੇ 20 ਤੋਂ ਵਧੇਰੇ ਆਗੂਆਂ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਬਦਲਾਅ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਪ੍ਰਧਾਨ ਅਹੁਦੇ ਲਈ ਚੋਣਾਂ ਕਰਾਉਣ ਲਈ ਕਿਹਾ ਹੈ। ਸੋਨੀਆ ਗਾਂਧੀ ਨੇ ਪਾਰਟੀ ਆਗੂਆਂ ਵਲੋਂ ਲਿਖੀ ਚਿੱਠੀ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਸਾਰਿਆਂ ਨੂੰ ਮਿਲ ਕੇ ਨਵਾਂ ਮੁਖੀ ਲਭਣਾ ਚਾਹੀਦਾ ਹੈ ਅਤੇ ਉਹ ਅੱਗੇ ਅਪਣੀ ਜ਼ਿੰਮੇਵਾਰੀ ਨਹੀਂ ਸੰਭਾਲਣਾ ਚਾਹੁੰਦੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਮ ਚੋਣਾਂ 'ਚ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ ਅਤੇ ਉਸ ਤੋਂ ਬਾਅਦ ਸੋਨੀਆ ਗਾਂਧੀ ਨੂੰ ਮੁੜ ਪ੍ਰਧਾਨ ਬਣਾਇਆ ਗਿਆ। ਬੀਤੇ ਕੁਝ ਹਫ਼ਤਿਆਂ ਤੋਂ ਕਾਂਗਰਸ ਦੇ ਕਈ ਨੇਤਾ ਖੁਲ੍ਹ ਕੇ ਮੰਗ ਕਰ ਚੁੱਕੇ ਹਨ ਕਿ ਇਕ ਵਾਰ ਫਿਰ ਰਾਹੁਲ ਗਾਂਧੀ ਨੂੰ ਕਾਂਗਰਸ ਦੀ ਕਮਾਨ ਸੌਂਪੀ ਜਾਵੇ ਹਾਲਾਂਕਿ ਰਾਹੁਲ ਗਾਂਧੀ ਕਹਿ ਚੁੱਕੇ ਹਨ ਕਿ ਪਾਰਟੀ ਪ੍ਰਧਾਨ ਗ਼ੈਰ-ਗਾਂਧੀ ਹੋਣਾ ਚਾਹੀਦਾ ਹੈ।
ਕਾਂਗਰਸ ਵਰਕਿੰਗ ਕਮੇਟੀ ਦੀ ਸੋਮਵਾਰ ਨੂੰ ਹੋ ਰਹੀ ਬੈਠਕ 'ਚ ਇਸ ਮੁੱਦੇ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ। ਸਵੇਰੇ 11 ਵਜੇ ਹੋਣ ਵਾਲੀ ਇਸ ਬੈਠਕ ਵਿਚ ਸਿਆਸੀ ਮਾਹੌਲ ਦੇ ਨਾਲ ਹੀ ਦੇਸ਼ ਦੀ ਸੁਰੱਖਿਆ
ਨਾਲ ਜੁੜੇ ਮੁੱਦੇ ਅਤੇ ਪਾਰਟੀ 'ਚ ਲੀਡਰਸ਼ਿਪ ਵਰਗੇ ਮੁੱੱਦਿਆਂ 'ਤੇ ਚਰਚਾ ਹੋ ਸਕਦੀ ਹੈ। ਕੁਝ ਨੇਤਾਵਾਂ ਵਲੋਂ ਪਾਰਟੀ ਦੀ ਵਾਗਡੋਰ ਯੁਵਾ ਨੇਤਾ ਨੂੰ ਸੌਂਪਣ ਦਾ ਮੁੱਦਾ ਵਾਰ-ਵਾਰ ਚੁੱਕਿਆ ਜਾ ਰਿਹਾ ਹੈ ਅਤੇ ਇਸ ਸਬੰਧੀ ਬੈਠਕ 'ਚ ਵਿਚਾਰ ਕੀਤਾ ਜਾ ਸਕਦਾ ਹੈ। (ਏਜੰਸੀ)