ਕੈਪਟਨ ਨੂੰ CM ਦੀ ਕੁਰਸੀ ਤੋਂ ਹਟਾਉਣ ਦੀ ਉੱਠੀ ਮੰਗ, CM ਖਿਲਾਫ਼ ਹਾਈਕਮਾਨ ਨੂੰ ਮਿਲਣਗੇ ਵੱਡੇ ਆਗੂ
ਜਾਣਕਾਰੀ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਦੇ ਕੰਮ ਕਾਜ ਦੇ ਵਿਰੋਧ ਵਿਚ ਇਹ ਬੈਠਕ ਹੋਈ ਹੈ।
ਚੰਡੀਗੜ੍ਹ - ਪੰਜਾਬ ਕਾਂਗਰਸ ਵਿਚ ਬਣੇ ਮੌਜੂਦਾ ਹਾਲਾਤਾਂ ਕਰ ਕੇ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਅੱਜ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਕਈ ਮੰਤਰੀਆਂ ਅਤੇ ਵਿਧਾਇਕਾਂ ਦੀ ਬੈਠਕ ਹੋਈ ਹੈ ਤੇ ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਦੀ ਮੰਗ ਉੱਠੀ ਹੈ। ਮੀਟਿੰਗ ਤੋਂ ਬਾਅਦ ਆਗੂਆਂ ਨੇ ਕਿਹਾ ਕਿ ਕੈਪਟਨ ਨੂੰ ਲਾਂਭੇ ਕਰਨ ਦੀ ਮੰਗ ਰੱਖੀ ਜਾਵੇਗੀ, ਕਿਉਂਕਿ ਉਨ੍ਹਾਂ ਦੀ ਅਗਵਾਈ ਵਿਚ ਕੰਮ ਨਹੀਂ ਹੋ ਰਹੇ। ਜਾਣਕਾਰੀ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਦੇ ਕੰਮ ਕਾਜ ਦੇ ਵਿਰੋਧ ਵਿਚ ਇਹ ਬੈਠਕ ਹੋਈ ਹੈ।
ਇਸ ਬੈਠਕ ਵਿਚ ਫੈਸਲਾ ਲਿਆ ਗਿਆ ਹੈ ਕਿ ਅੱਜ ਹੀ ਇਸ ਮਸਲੇ ਨੂੰ ਹਾਈਕਮਾਨ ਕੋਲ ਲਿਜਾਇਆ ਜਾਵੇਗਾ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਤ੍ਰਿਪਤ ਰਾਜਿੰਦਰ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁੱਖ ਸਰਕਾਰੀਆ, ਚਰਨਜੀਤ ਸਿੰਘ ਚੰਨੀ ਅਤੇ ਪ੍ਰਗਟ ਸਿੰਘ ਹਾਈ ਕਮਾਂਡ ਨੂੰ ਮਿਲਣ ਲਈ ਅੱਜ ਹੀ ਰਵਾਨਾ ਹੋ ਗਏ ਹਨ।
ਮੀਟਿੰਗ ਵਿਚ ਕੈਪਟਨ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜ੍ਹੇ ਕੀਤੇ ਗਏ ਹਨ।
ਮੰਤਰੀਆਂ ਤੇ ਵਿਧਾਇਕਾਂ ਨੇ ਕਿਹਾ ਹੈ ਕਿ ਕੈਪਟਨ ਦੀ ਅਗਵਾਈ ਵਿਚ ਲੋਕਾਂ ਦੇ ਕੰਮ ਨਹੀਂ ਹੋਏ। ਲੋਕ ਨਿਰਾਸ਼ ਹਨ। ਬੁਰਾ ਹਾਲ ਹੈ ਤੇ ਲੋਕ ਗੁੱਸੇ ਵਿਚ ਹਨ। ਬੇਅਦਬੀ ਮਾਮਲਿਆਂ ਵਿਚ ਇਨਸਾਫ ਨਹੀਂ ਮਿਲਿਆ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਦਾ ਲਾਲਚ ਨਹੀਂ ਹੈ ਤੇ ਨਾ ਹੀ ਕੁਰਸੀ ਜਾਣ ਦਾ। ਮੀਟਿੰਗ ਵਿਚ ਤਿੰਨ ਮੰਤਰੀਆਂ ਤ੍ਰਿਪਤ ਰਜਿੰਦਰ ਬਾਜਵਾ, ਚਰਨਜੀਤ ਚੰਨੀ, ਸੁੱਖੀ ਰੰਧਾਵਾ ਸਣੇ ਕੁਲਦੀਪ ਸਿੰਘ ਵੈਦ
ਸੁਰਜੀਤ ਸਿੰਘ ਧੀਮਾਨ, ਅਮਰਿੰਦਰ ਸਿੰਘ ਰਾਜਾ ਵੜਿੰਗ, ਅਵਤਾਰ ਹੈਨਰੀ (ਜੂਨੀਅਰ), ਹਰਜੋਤ ਕਮਲ, ਅਮਰੀਕ ਸਿੰਘ, ਸੰਤੋਖ ਸਿੰਘ, ਪਰਮਿੰਦਰ ਸਿੰਘ ਪਿੰਕੀ, ਮਦਨ ਲਾਲ ਜਲਾਲਪੁਰ, ਗੁਰਕੀਰਤ ਸਿੰਘ ਕੋਟਲੀ, ਪਰਗਟ ਸਿੰਘ ਸਮੇਤ ਹੋਰ ਵੀ ਮੈਂਬਰ ਹਾਜ਼ਰ ਹਨ। ਮੀਟਿੰਗ ਵਿਚ ਮੰਤਰੀਆਂ ਸਣੇ 30 ਦੇ ਕਰੀਬ ਵਿਧਾਇਕ ਮੌਜੂਦ ਦੱਸੇ ਜਾ ਰਹੇ ਹਨ।