ਕਿਸਾਨ ਯੂਨੀਅਨਾਂ ਨੇ ਸੁਖਬੀਰ ਸਿੰਘ ਬਾਦਲ ਦਾ ਕੀਤਾ ਵਿਰੋਧ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਯੂਨੀਅਨਾਂ ਨੇ ਸੁਖਬੀਰ ਸਿੰਘ ਬਾਦਲ ਦਾ ਕੀਤਾ ਵਿਰੋਧ

image

ਮਲੋਟ, 23 ਅਗੱਸਤ (ਗੁਰਮੀਤ ਸਿੰਘ ਮੱਕੜ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਲੋਟ ਦੌਰੇ ਦੌਰਾਨ ਵੱਖ-ਵੱਖ ਕਿਸਾਨ ਯੂਨੀਅਨਾਂ ਵਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ’ਤੇ ਵੱਡੀ ਗਿਣਤੀ ਵਿਚ ਕਿਸਾਨ ਨਵੀਂ ਦਾਣਾ ਮੰਡੀ ਵਿਖੇ ਇਕੱਠੇ ਹੋਏ ਅਤੇ ਉਨ੍ਹਾਂ ਵਲੋਂ ਅਕਾਲੀ ਦਲ ਸਰਕਾਰ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਦੀ ਸਟੇਜ਼ ਵਲ ਕੂਚ ਕਰ ਦਿਤੀ, ਪ੍ਰੰਤੂ ਡੀ.ਐਸ.ਪੀ. ਜਸਪਾਲ ਸਿੰਘ ਢਿੱਲੋਂ ਅਤੇ ਥਾਣਾ ਮੁੱਖੀ ਅੰਗਰੇਜ਼ ਸਿੰਘ ਵਲੋਂ ਕਿਸਾਨਾਂ ਨੂੰ ਰਾਹ ਵਿਚ ਹੀ ਰੋਕ ਲਿਆ ਅਤੇ ਕਿਸਾਨਾਂ ਨੇ ਸ਼ਾਂਤਮਈ ਢੰਗ ਨਾਲ ਉਥੇ ਹੀ ਧਰਨਾ ਲਗਾ ਦਿਤਾ। 
ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਲੱਖਾ ਸ਼ਰਮਾ ਅਤੇ ਸੁਖਦੇਵ ਸਿੰਘ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਵਲੋਂ ਉਨ੍ਹਾਂ ਨਾਲ ਗੱਲਬਾਤ ਨਾ ਕੀਤੀ ਗਈ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਨਾ ਦਿਤੇ ਤਾਂ ਉਹ ਮਲੋਟ ਵਿਖੇ ਹੋਣ ਵਾਲੇ ਸਾਰੇ ਪ੍ਰੋਗਰਾਮਾਂ ਦਾ ਵਿਰੋਧ ਕਰਨਗੇ। ਉਨ੍ਹਾਂ ਦਸਿਆ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਇਹ ਸਵਾਲ ਕਰਨਾ ਚਾਹੁੰਦੇ ਹਨ ਕਿ ਪਹਿਲਾਂ ਉਹ ਇਹ ਕਹਿੰਦੇ ਸਨ ਕਿ ਕਾਨੂੰਨ ਬਹੁਤ ਚੰਗੇ ਹਨ, ਪ੍ਰੰਤੂ ਅੱਜ ਲੋਕਾਂ ਨੇ ਮਜ਼ਬੂਰ ਕਰ ਦਿਤਾ ਤਾਂ ਇਹ ਲੋਕਾਂ ਵਲ ਹੋ ਗਏ ਹਨ, ਉਹ ਪੁੱਛਣਾ ਚਾਹੁੰਦੇ ਹਨ ਕਿ ਲੋਕਾਂ ਨੂੰ ਕਿਉਂ ਮੂਰਖ ਬਣਾਇਆ ਜਾ ਰਿਹਾ ਹੈ, ਕਿਉਂਕਿ ਅੱਜ ਲੋਕਾਂ ਦੀਆਂ ਵੋਟਾਂ ਦੀ ਲੋੜ ਹੈ ਤਾਂ ਲੋਕਾਂ ਦੇ ਹੱਕ ਵਿਚ ਖੜ੍ਹ ਗਏ ਹਨ ਅਤੇ ਪਹਿਲਾਂ ਭਾਜਪਾ ਦੀ ਲੋੜ ਸੀ ਤਾਂ ਉਨ੍ਹਾਂ ਦੇ ਹੱਕ ਵਿਚ ਸਨ। ਇਸ ਤੋਂ ਇਲਾਵਾ ਕਿਸਾਨ ਦੀ ਖ਼ੁਦਕੁਸ਼ੀ ਨਹੀਂ ਰੁਕੀ, ਬੇਰੁਜ਼ਗਾਰ ਨੌਜਵਾਨ ਰੁਜ਼ਗਾਰ ਮੰਗ ਰਿਹਾ ਹੈ, ਬਿਜਲੀ ਮੁਫ਼ਤ ਦੇਣ ਵਾਅਦਾ ਕੀਤਾ ਹੈ ਇਹ ਕਿਥੋਂ ਪੂਰੇ ਕਰਨਗੇ, ਕਿਉਂਕਿ ਸੱਭ ਕੁੱਝ ਤਾਂ ਸਰਕਾਰ ਨੇ ਨਿਜੀ ਹੱਥਾਂ ਵਿਚ ਦੇ ਦਿਤਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਝੂਠ ਦਾ ਪੁਲੰਦਾ ਹਨ, ਇਨ੍ਹਾਂ ਤੋਂ ਬਚਣ ਦੀ ਜ਼ਰੂਰਤ ਹੈ ਅਤੇ ਅਪਣਾ ਸੰਘਰਸ਼ ਕਰ ਕੇ ਹੱਕ ਲਵੋ, ਜਿਸ ਲਈ ਉਹ ਅੱਜ ਇਕੱਠੇ ਹੋਏ ਹਨ, ਪ੍ਰੰਤੂ ਸੁਖਬੀਰ ਸਿੰਘ ਬਾਦਲ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਹਨ।
ਫੋਟੋ ਫਾਇਲ ਨੰ:-23ਐਮਐਲਟੀ05
ਕੈਪਸ਼ਨ : ਮਲੋਟ ਵਿਖੇ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਦੇ ਕਿਸਾਨ ਅਤੇ ਕਿਸਾਨਾਂ ਨੂੰ ਰੋਕਦੇ ਹੋਏ ਡੀ.ਐਸ.ਪੀ. ਜਸਪਾਲ ਸਿੰਘ ਅਤੇ ਥਾਣਾ ਮੁਖੀ ਅੰਗਰੇਜ਼ ਸਿੰਘ।      ਤਸਵੀਰ : ਗੁਰਮੀਤ ਸਿੰਘ ਮੱਕੜ, ਮਲੋਟ।