ਇਨਸਾਫ਼ ਮੋਰਚੇ ਵਿਚ ਅੱਜ ਸੁਖਬੀਰ ਸਿੰਘ ਬਾਦਲ ਅਤੇ ਗੁਰਦਾਸ ਮਾਨ ਵਿਰੁਧ ਰਹੀ ਸੁਰ

ਏਜੰਸੀ

ਖ਼ਬਰਾਂ, ਪੰਜਾਬ

ਇਨਸਾਫ਼ ਮੋਰਚੇ ਵਿਚ ਅੱਜ ਸੁਖਬੀਰ ਸਿੰਘ ਬਾਦਲ ਅਤੇ ਗੁਰਦਾਸ ਮਾਨ ਵਿਰੁਧ ਰਹੀ ਸੁਰ

image

ਕੋਟਕਪੂਰਾ, 23 ਅਗੱਸਤ (ਗੁਰਿੰਦਰ ਸਿੰਘ) : ਭਾਵੇਂ ਬੇਅਦਬੀ ਅਤੇ ਗੋਲੀਕਾਂਡ ਨਾਲ ਜੁੜੇ ਮਾਮਲਿਆਂ ਦੇ ਇਨਸਾਫ਼ ਲਈ ਅਕਾਲੀ ਦਲ ਅੰਮ੍ਰਿਤਸਰ ਵਲੋਂ ਬਕਾਇਦਾ ਮੋਰਚਾ ਲਾਇਆ ਗਿਆ ਹੈ, ਜੋ 54ਵੇਂ ਦਿਨ ਵਿਚ ਦਾਖ਼ਲ ਹੋ ਚੁੱਕਾ ਹੈ ਅਤੇ ਅੱਜ ਵੀ 51ਵੇਂ ਜਥੇ ਵਿਚ ਸ਼ਾਮਲ ਜ਼ਿਲ੍ਹਾ ਮੋਗਾ ਦੇ 9 ਸਿੰਘਾਂ ਨੇ ਗਿ੍ਰਫ਼ਤਾਰੀ ਦਿਤੀ ਪਰ ਪਾਰਟੀ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਉਕਤ ਮਾਮਲਿਆਂ ਦੇ ਨਾਲ-ਨਾਲ ਸੁਖਬੀਰ ਸਿੰਘ ਬਾਦਲ ਵਿਰੁਧ ਤਿੱਖੀ ਸੁਰ ਅਪਣਾਉਂਦਿਆਂ ਉਸ ਨੂੰ ਸਿੱਖ ਕੌਮ ਅਤੇ ਪੰਥ ਦਾ ਦੋਸ਼ੀ ਗਰਦਾਨਿਆਂ ਜਦਕਿ ਲੋਕ ਗਾਇਕ ਗੁਰਦਾਸ ਮਾਨ ਨੂੰ ਆਰਐਸਐਸ ਦਾ ਏਜੰਟ ਦਸਦਿਆਂ ਅਨੇਕਾਂ ਉਦਾਹਰਣਾਂ ਦਿਤੀਆਂ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਪੰਥ ਦੀ ਸਾਂਝੀ ਅਤੇ ਵਾਜਬ ਮੰਗ ਲਈ ਲਾਏ ਗਏ ਮੋਰਚੇ ਵਿਚ ਸ਼ਾਮਲ ਹੋਣ ਲਈ ਹੋਰ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਪਤਾ ਨਹੀਂ ਕਿਉਂ ਹਿਚਕਚਾਹਟ ਦਿਖਾ ਰਹੀਆਂ ਹਨ? ਗਿ੍ਰਫ਼ਤਾਰੀ ਦੇਣ ਲਈ ਜ਼ਿਲ੍ਹਾ ਮੋਗਾ ਤੋਂ ਪੁੱਜੇ 9 ਸਿੰਘਾਂ ਬਲਰਾਜ ਸਿੰਘ ਧੱਲੇਕੇ, ਹਰਵਿੰਦਰ ਸਿੰਘ, ਲਾਲ ਸਿੰਘ, ਕਰਮਜੀਤ ਸਿੰਘ, ਜਰਨੈਲ ਸਿੰਘ, ਬਹਾਦਰ ਸਿੰਘ, ਗੁਰਲਾਭ ਸਿੰਘ, ਗੁਰਦਰਸ਼ਨ ਸਿੰਘ, ਤੇਜਵਿੰਦਰ ਸਿੰਘ ਆਦਿ ਦਾ ਸਿਰੋਪਾਉ ਦੀ ਬਖ਼ਸ਼ਿਸ਼ ਨਾਲ ਸਨਮਾਨ ਕੀਤਾ ਗਿਆ ਤੇ ਅਰਦਾਸ-ਬੇਨਤੀ ਕਰਨ ਉਪਰੰਤ ਉਕਤ ਜਥੇ ਦੀ ਅਗਵਾਈ ਵਿਚ ਸੰਗਤਾਂ ਦਾ ਕਾਫ਼ਲਾ ਬਰਗਾੜੀ ਦੀ ਦਾਣਾ ਮੰਡੀ ਵਿਖੇ ਸਥਿਤ ਇਨਸਾਫ਼ ਮੋਰਚੇ ਵਾਲੇ ਸਥਾਨ ਦੇ ਨੇੜੇ ਰੋਸ ਮਾਰਚ ਦੇ ਰੂਪ ਵਿਚ ਪੁੱਜਾ। ਜਿਥੇ ਉਕਤ ਜਥੇ ਨੇ ਆਕਾਸ਼ ਗੁੰਜਾਊ ਨਾਹਰਿਆਂ ਅਤੇ ਜੈਕਾਰਿਆਂ ਨਾਲ ਇਨਸਾਫ਼ ਦੀ ਮੰਗ ਕਰਦਿਆਂ ਗਿ੍ਰਫ਼ਤਾਰੀ ਦਿਤੀ। 
ਇਸ ਮੌਕੇ ਹੋਰ ਵੀ ਅਨੇਕਾਂ ਪੰਥਦਰਦੀ ਤੇ ਆਮ ਸੰਗਤਾਂ ਹਾਜ਼ਰ ਸਨ।
ਫੋਟੋ :- ਕੇ.ਕੇ.ਪੀ.-ਗੁਰਿੰਦਰ-23-12ਐੱਲ