ਮੁੱਖ ਮੰਤਰੀ ਕੈਪਟਨ ਤੋਂ ਪੰਜਾਬ ਦੇ ਮਸਲੇ ਹੱਲ ਨਹੀਂ ਹੋ ਰਹੇ- ਚਰਨਜੀਤ ਸਿੰਘ ਚੰਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਕਈ ਮੰਤਰੀਆਂ ਅਤੇ ਵਿਧਾਇਕਾਂ ਦੀ ਹੋਈ ਬੈਠਕ

Charanjit Singh Channi

 

ਚੰਡੀਗੜ੍ਹ - ਪੰਜਾਬ ਕਾਂਗਰਸ ਵਿਚ ਬਣੇ ਮੌਜੂਦਾ ਹਾਲਾਤਾਂ ਕਰ ਕੇ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਅੱਜ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਕਈ ਮੰਤਰੀਆਂ ਅਤੇ ਵਿਧਾਇਕਾਂ ਦੀ ਬੈਠਕ ਹੋਈ ਹੈ ਤੇ ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਦੀ ਮੰਗ ਉੱਠੀ ਹੈ। ਮੀਟਿੰਗ ਖਤਮ ਤੋਂ ਬਾਅਦ ਆਗੂਆਂ ਨੇ ਕਿਹਾ ਕਿ ਕੈਪਟਨ ਨੂੰ ਲਾਂਭੇ ਕਰਨ ਦੀ ਮੰਗ ਰੱਖੀ ਜਾਵੇਗੀ, ਕਿਉਂਕਿ ਉਨ੍ਹਾਂ ਦੀ ਅਗਵਾਈ ਵਿਚ ਕੰਮ ਨਹੀਂ ਹੋ ਰਹੇ। 

 

ਤ੍ਰਿਪਤ ਬਾਜਵਾ ਤੋਂ ਇਲਾਵਾ ਮੰਤਰੀ ਸੁਖਵਿੰਦਰ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਵੀ ਇਸ ਮੀਟਿੰਗ ਵਿੱਚ ਮੌਜੂਦ ਸਨ। ਉਨ੍ਹਾਂ ਨੇ ਕੈਪਟਨ 'ਤੇ ਵੀ ਸਵਾਲ ਚੁੱਕੇ ਹਨ। ਇਨ੍ਹਾਂ ਕਿਹਾ ਹੈ ਕਿ ਕੈਪਟਨ ਦੀ ਲੀਡਰਸ਼ਿਪ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। 

 

ਮੀਟਿੰਗ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ  ਕਈ ਵਾਅਦੇ ਜੋ ਕੀਤੇ ਗਏ ਸਨ ਉਹ ਪੂਰੇ ਨਹੀਂ ਹੋ ਰਹੇ ਹਨ। ਬਰਗਾੜੀ ਕਾਂਡ, ਨਸ਼ਿਆਂ ਦਾ ਮੁੱਦਾ ਤੇ ਬਿਜਲੀ ਸਮਝੌਤੇ ਦਾ ਮਸਲਾ ਅਜੇ ਵੀ ਖੜ੍ਹਾ ਹੈ।

 

 

ਇਸ 'ਤੇ ਮੁੱਖ ਮੰਤਰੀ ਨੇ ਕੁਝ ਨਹੀਂ ਕੀਤਾ। ਬੱਸ ਮਾਫੀਆ, ਰੇਤ ਮਾਫੀਆ ਤੇ ਦਲਿਤਾਂ ਦੇ ਮੁੱਦੇ ਪਹਿਲਾਂ ਦੀ ਤਰ੍ਹਾਂ ਹਨ। ਪੰਜਾਬ ਦੀ ਇੰਟੈਲੀਜੈਂਸ ਖਾਲ੍ਹੀ ਘਰ ਦੇ ਡੰਡੇ ਮਾਰਦੀ ਹੈ। ਇਹ ਨਹੀਂ ਹੋ ਸਕਦਾ ਇੰਟੈਲੀਜੈਂਸ ਨੂੰ ਪਤਾ ਨਾ ਹੋਵੇ ਸੁਮੇਧ ਸੈਣੀ ਘਰ ਨਹੀਂ ਹੈ।

 

ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਇਸ ਮੁੱਖ ਮੰਤਰੀ ਨਾਲ ਸਾਡੇ ਮਸਲੇ ਹੱਲ ਨਹੀਂ ਹੋ ਰਹੇ। ਸਾਨੂੰ ਯਕੀਨ ਨਹੀਂ ਵਾਅਦੇ ਪੂਰੇ ਹੋਣਗੇ। ਵੱਡੇ ਚੋਣ ਵਾਅਦੇ ਹਾਲੇ ਵੀ ਅਧੂਰੇ ਹਨ। ਇਸ ਲਈ ਵਾਅਦੇ ਪੂਰੇ ਹੋਣ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ।

 

ਦਰਅਸਲ ਮੰਤਰੀਆਂ ਅਤੇ ਵਿਧਾਇਕਾਂ ਦੀ ਮੀਟਿੰਗ ਵਿਚ ਫੈਸਲਾ ਲਿਆ ਗਿਆ ਹੈ ਕਿ ਅੱਜ ਹੀ ਇਸ ਮਸਲੇ ਨੂੰ ਹਾਈਕਮਾਨ ਕੋਲ ਲਿਜਾਇਆ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁੱਖ ਸਰਕਾਰੀਆ, ਚਰਨਜੀਤ ਸਿੰਘ ਚੰਨੀ ਅਤੇ ਪ੍ਰਗਟ ਸਿੰਘ ਹਾਈ ਕਮਾਂਡ ਨੂੰ ਮਿਲਣ ਲਈ ਅੱਜ ਹੀ ਦਿੱਲੀ ਰਵਾਨਾ ਹੋ ਗਏ ਹਨ।