ਸਿੱਧੂ ਨੂੰ ਪੁਛਿਆ ਹੈ, ਜੇ ਕੁੱਝ ਗ਼ਲਤ ਹੋਇਆ ਤਾਂ ਕਾਰਵਾਈ ਕਰਾਂਗੇ : ਹਰੀਸ਼ ਰਾਵਤ
ਸਿੱਧੂ ਨੂੰ ਪੁਛਿਆ ਹੈ, ਜੇ ਕੁੱਝ ਗ਼ਲਤ ਹੋਇਆ ਤਾਂ ਕਾਰਵਾਈ ਕਰਾਂਗੇ : ਹਰੀਸ਼ ਰਾਵਤ
ਚੰਡੀਗੜ੍ਹ, 23 ਅਗੱਸਤ (ਗੁਰਉਪਦੇਸ਼ ਭੁੱਲਰ) : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਦੋ ਸਲਾਹਕਾਰਾਂ ਮਾਲਵਿੰਦਰ ਸਿੰਘ ਮਾਲੀ ਅਤੇ ਡਾ. ਪਿਆਰੇ ਲਾਲ ਗਰਗ ਵਲੋਂ ਕੀਤੇ ਗਏ ਟਵੀਟਾਂ ਨੂੰ ਲੈ ਕੇ ਜਿਥੇ ਕਾਂਗਰਸ ਅੰਦਰ ਹੀ ‘ਜ਼ੋਰਦਾਰ ਵਿਰੋਧ ਹੋ ਰਿਹਾ ਹੈ, ਉਥੇ ਵਿਰੋਧੀ ਪਾਰਟੀਆਂ ਵੀ ਸਰਕਾਰ ਨੂੰ ਘੇਰ ਰਹੀਆਂ ਹਨ। ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਨ੍ਹਾਂ ਦੋਵੇਂ ਸਲਾਹਕਾਰਾਂ ਨੂੰ ਸੰਵੇਦਨਸ਼ੀਲ ਮੁੱਦਿਆਂ ’ਤੇ ਦੇਸ਼ ਵਿਰੋਧੀ ਵਿਚਾਰਾਂ ਵਾਲੇ ਟਵੀਟ ਕਰਨ ਕਾਰਨ ਤਾੜਨਾ ਕੀਤੀ ਸੀ। ਅੱਜ ਜਿਥੇ ਕਾਂਗਰਸ ਸਾਂਸਦ ਮਨੀਸ਼ ਤਿਵਾੜੀ ਨੇ ਕਸ਼ਮੀਰ ਤੇ ਤਾਲੀਬਾਨ ਬਾਰੇ ਮਾਲੀ ਦੇ ਟਵੀਟਾਂ ਅਤੇ ਡਾ. ਪਿਆਰੇ ਲਾਲ ਦੇ ਅਜਿਹੇ ਟਵੀਟਾਂ ਬਾਰੇ ਸਖ਼ਤ ਰੁਖ਼ ਅਪਣਾਉਂਦਿਆਂ ਟਵੀਟ ਕਰ ਕੇ ਪਾਰਟੀ ਹਾਈਕਮਾਨ ਨੂੰ ਮਾਮਲੇ ’ਚ ਦਖ਼ਲ ਦੇ ਕੇ ਕਾਰਵਾਈ ਦੀ ਅਪੀਲ ਕੀਤੀ ਹੈ, ਉਥੇ ਦੂਜੇ ਪਾਸੇ ਭਾਵੇਂ ਦੋਵੇਂ ਸਲਾਹਕਾਰ ਇਨ੍ਹਾਂ ਨੂੰ ਅਪਣੇ ਨਿੱਜੀ ਵਿਚਾਰ ਦੱਸ ਰਹੇ ਹਨ ਪਰ ਨਾਲ ਹੀ ਮਾਲੀ ਨੇ ਅੱਜ ਕੈਪਟਨ ਦੀ ਤਾੜਨਾ ਦੇ ਬਾਵਜੂਦ ਨਿਸ਼ਾਨਾ ਸਾਧਦਿਆਂ ਕਿਹਾ ਕਿ ਡਾ. ਪਿਆਰੇ ਲਾਲ ਤਾਂ ਬਹਾਨਾ ਹੈ ਤੇ ਸਿੱਧੂ ਹੀ ਅਸਲ ਨਿਸ਼ਾਨਾ ਹੈ।
ਸਲਾਹਕਾਰਾਂ ਦੇ ਟਵੀਟਾਂ ਨੂੰ ਲੈ ਕੇ ਕਾਂਗਰਸ ਤੇ ਵਿਰੋਧੀ ਪਾਰਟੀਆਂ ’ਚ ਛਿੜੇ ਘਮਸਾਨ ਦੌਰਾਨ ਮਨੀਸ਼ ਤਿਵਾੜੀ ਦੇ ਟਵੀਟ ਬਾਅਦ ਪੰਜਾਬ ਕਾਂਗਰਸ ਇੰਚਾਰਜ ਤੇ ਹਾਈਕਮਾਨ ਦੇ ਆਗੂ ਹਰੀਸ਼ ਰਾਵਤ ਦਾ ਵੀ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਸਿੱਧੂ ਤੋਂ ਵੀ ਪੁਛਿਆ ਗਿਆ ਹੈ ਤੇ ਇਹ ਸਲਾਹਕਾਰਾਂ ਦੇ ਨਿੱਜੀ ਵਿਚਾਰ ਹਨ ਪਰ ਉਹ ਪਾਰਟੀ ਨਾਲ ਕਿਸੇ ਰੂਪ ’ਚ ਜੁੜੇ ਜ਼ਰੂਰ ਹਨ ਭਾਵੇਂ ਮੈਂਬਰ ਨਹੀਂ। ਇਸ ਕਰ ਕੇ ਜੇ ਉਨ੍ਹਾਂ ਦੇ ਟਵੀਟਾਂ ’ਚ ਕੁੱਝ ਗ਼ਲਤ ਹੋਇਆ ਤਾਂ ਕਾਰਵਾਈ ਜ਼ਰੂਰ ਹੋਵੇਗੀ।
ਰਾਵਤ ਨੇ ਇਹ ਵੀ ਕਿਹਾ ਕਿ ਕਈ ਵਾਰ ਤਰੋੜ-ਮਰੋੜ ਕੇ ਵੀ ਗੱਲਾਂ ਕੀਤੀਆਂ ਜਾਂਦੀਆਂ ਹਨ ਅਤੇ ਚੋਣਾਂ ਦੇ ਸਮੇਂ ਅਜਿਹਾ ਹੁੰਦਾ ਹੈ ਪਰ ਫੇਰ ਵੀ ਕਾਂਗਰਸ ਦੇਸ਼ ਵਿਰੋਧੀ ਕਿਸੇ ਗੱਲ ਦੀ ਆਗਿਆ ਨਹੀਂ ਦੇੇਵੇਗੀ।
ਸੀਨੀਅਰ ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਨਵਜੋਤ ਸਿੰਘ ਸਿੱਧੂ ਦੇ ਦੋ ਸਲਾਹਕਾਰਾਂ ਦੀ ਕਥਿਤ ਵਿਵਾਦਤ ਟਿੱਪਣੀਆਂ ਨੂੰ ਲੈ ਕੇ ਹਰੀਸ਼ ਰਾਵਤ ਨੂੰ ਆਤਮ -ਪੜਚੋਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਪੁਛਿਆ ਕਿ ਕੀ ਅਜਿਹੇ ਲੋਕ ਪਾਰਟੀ ਵਿਚ ਹੋਣੇ ਚਾਹੀਦੇ ਹਨ ਜੋ ਜੰਮੂ-ਕਸ਼ਮੀਰ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੇ ਅਤੇ ਜਿਨ੍ਹਾਂ ਦਾ ਪਾਕਿਸਤਾਨ ਪੱਖੀ ਝੁਕਾਅ ਹੈ।
ਮਨੀਸ਼ ਤਿਵਾੜੀ ਨੇ ਪਿਆਰੇ ਲਾਲ ਗਰਗ ਅਤੇ ਮਾਲਵਿੰਦਰ ਸਿੰਘ ਮਾਲੀ ਦੀਆਂ ਟਿੱਪਣੀਆਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਟਵੀਟ ਕੀਤਾ ਕਿ “ਮੈਂ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਨੂੰ ਉਨ੍ਹਾਂ ਲੋਕਾਂ ਬਾਰੇ ਗੰਭੀਰਤਾ ਨਾਲ ਆਤਮ-ਪੜਚੋਲ ਕਰਨ ਦੀ ਅਪੀਲ ਕਰਦਾ ਹਾਂ ਜੋ ਜੰਮੂ-ਕਸ਼ਮੀਰ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੇ ਅਤੇ ਸਪੱਸ਼ਟ ਪਾਕਿਸਤਾਨ ਪੱਖੀ ਰਵੱਈਆ ਰੱਖਦੇ ਹਨ, ਕੀ ਉਨ੍ਹਾਂ ਨੂੰ ਕਾਂਗਰਸ ਦੀ ਪੰਜਾਬ ਇਕਾਈ ਦਾ ਹਿੱਸਾ ਹੋਣਾ ਚਾਹੀਦਾ ਹੈ? ਇਹ ਉਨ੍ਹਾਂ ਸਾਰਿਆਂ ਦਾ ਮਜ਼ਾਕ ਹੈ ਜਿਨ੍ਹਾਂ ਨੇ ਭਾਰਤ ਲਈ ਅਪਣਾ ਖੂਨ ਵਹਾਇਆ ਹੈ।
ਦੱਸ ਦਈਏ ਕਿ ਪਿਆਰੇ ਲਾਲ ਗਰਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਦੀ ਕੀਤੀ ਗਈ ਆਲੋਚਨਾ ’ਤੇ ਸਵਾਲ ਉਠਾਏ ਸਨ। ਦੂਜੇ ਪਾਸੇ, ਮਾਲੀ ਨੇ ਸੰਵਿਧਾਨ ਦੀ ਧਾਰਾ 370 ਨੂੰ ਖ਼ਤਮ ਕਰਨ ਦੇ ਮੁੱਦੇ ’ਤੇ ਗੱਲ ਕੀਤੀ, ਜਿਸ ਦੇ ਤਹਿਤ ਸਾਬਕਾ ਰਾਜ ਜੰਮੂ -ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਮਿਲਿਆ। ਉਨ੍ਹਾਂ ਨੇ ਕਥਿਤ ਤੌਰ ’ਤੇ ਕਿਹਾ ਸੀ ਕਿ ਜੇ ਕਸ਼ਮੀਰ ਭਾਰਤ ਦਾ ਹਿੱਸਾ ਸੀ ਤਾਂ ਧਾਰਾ 370 ਅਤੇ 35 ਏ ਹਟਾਉਣ ਦੀ ਕੀ ਲੋੜ ਸੀ। ਕੈਪਟਨ ਨੇ ਐਤਵਾਰ ਨੂੰ ਸਿੱਧੂ ਨੂੰ ਕਿਹਾ ਕਿ ਉਹ ਆਪਣੇ ਸਲਾਹਕਾਰਾਂ ਨੂੰ ਇਨ੍ਹਾਂ ਕਥਿਤ ਟਿੱਪਣੀਆਂ ਕਰਨ ’ਤੇ ਕਾਬੂ ਹੇਠ ਰੱਖਣ।