ਸਿੱਧੂ ਦੇ ਸਲਾਹਕਾਰ ਮਾਲਵਿੰਦਰ ਮਾਲੀ ਨੇ ਖੋਲਿਆ ਕੈਪਟਨ ਖਿਲਾਫ ਮੋਰਚਾ, ਸ਼ੇਅਰ ਕੀਤੀ ਪੋਸਟ 

ਏਜੰਸੀ

ਖ਼ਬਰਾਂ, ਪੰਜਾਬ

ਮਲਵਿੰਦਰ ਮਾਲੀ ਨੇ ਕੀਤੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ

Sidhu's advisor Malwinder Mali speak against the captain

ਚੰਡੀਗੜ੍ਹ- ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ (Malvinder Singh Mali) ਨੇ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਪੋਸਟ ਸ਼ੇਅਰ ਕਰ ਕੇ ਉਹਨਾਂ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ 'ਤੇ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆ ਹਨ, ਜਿਸ 'ਚ ਉਹ ਪਾਕਿਸਤਾਨ ਨਾਗਰਿਕ ਅਰੂਸਾ ਆਲਮ ਨਾਲ ਕਾਰ 'ਚ ਬੈਠੇ ਹੋਏ ਹਨ। ਇਸ ਦੇ ਨਾਲ ਹੀ ਦੂਜੀ ਤਸਵੀਰ ਵਿਚ ਵੀ ਅਰੂਸਾ ਆਲਮ ਪੰਜਾਬ ਦੇ ਡੀ. ਜੀ. ਪੀ. ਅਤੇ ਮੁਖ ਸਕੱਤਰ ਦੇ ਨਾਲ ਬੈਠੀ ਹੈ। 

ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਪੋਸਟ 'ਚ ਮਾਲਵਿੰਦਰ ਸਿੰਘ ਮਾਲੀ ਨੇ ਲਿਖਿਆ ਕਿ ਕੈਪਟਨ ਦਾ ਕੌਮੀ ਸੁਰੱਖਿਆ, ਪੰਜਾਬ ਪਰਸਾਸ਼ਕ ਤੇ ਆਰਥਿਕ ਸਲਾਹਕਾਰ ਕੌਣ ਇਸ ਬਾਰੇ ਬੋਲਣਾ ਅਤੇ ਸੋਚਣਾ ਚਾਹੀਦਾ ਹੈ। ਅੱਗੇ ਉਨ੍ਹਾਂ ਲਿਖਿਆ ਕਿ ਕੈਪਟਨ ਸਾਹਿਬ ਤੁਸੀਂ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਨਾਲ ਸਿਆਸੀ ਲੜਾਈ ਵਿੱਢ ਕੇ ਸਾਬਤ ਕਰ ਦਿੱਤਾ ਹੈ ਕਿ ਹੁਣ ਤੁਹਾਡੀ ਸਿਆਸੀ ਔਕਾਤ ਇੰਨੀ ਹੀ ਰਹਿ ਗਈ ਹੈ। ਤੁਹਾਡੇ ਕੌਮੀ ਸੁਰੱਖਿਆ ਅਤੇ ਪੰਜਾਬ ਪ੍ਰਸ਼ਾਸਨ ਦੇ ਸਲਾਹਕਾਰ ਬੀਬੀ ਅਰੂਸਾ ਆਲਮ ਜੀ ਹਨ।

ਮੈਂ ਪਹਿਲਾਂ ਇਹੀ ਸਮਝਦਾ ਸੀ ਕਿ ਇਹ ਤੁਹਾਡਾ ਨਿੱਜੀ ਮਸਲਾ ਹੈ ਅਤੇ ਮੈਂ ਇਹ ਸੁਆਲ ਹੀ ਨਹੀਂ ਸੀ ਉਠਾਇਆ ਪਰ ਹੁਣ ਤੁਸੀਂ ਨਵਜੋਤ ਸਿੱਧੂ ਦੇ ਨਿੱਜੀ ਸਲਾਹਕਾਰਾਂ ਦਾ ਮੁੱਦਾ ਕਾਂਗਰਸ ਪਾਰਟੀ ਦੀ ਸਿਆਸਤ ਅਤੇ ਦੇਸ਼ ਦੀ ਕੌਮੀ ਸੁਰੱਖਿਆ ਨਾਲ ਜੋੜ ਲਿਆ ਹੈ ਇਸ ਤੋਂ ਇਹ ਹੀ ਲੱਗਦਾ ਹੈ ਕਿ ਕੁੱਝ ਵੀ ਨਿੱਜੀ ਨਹੀਂ ਹੁੰਦਾ। ਸੋ ਇਸ ਕਾਰਨ ਮੈਨੂੰ ਇਹ ਪੋਸਟ ਪਾਉਣ ਲਈ ਤੁਸੀਂ ਮਜਬੂਰ ਕਰ ਦਿੱਤਾ ਹੈ। 

ਮਾਲੀ ਨੇ ਕਿਹਾ ਆਹ ਤਸਵੀਰਾਂ ਕੀ ਸੰਕੇਤ ਦੇ ਰਹੀਆਂ ਹਨ। ਤੁਸੀਂ ਬੀਬੀ ਅਰੂਸਾ ਆਲਮ ਕਦੋਂ ਪੰਜਾਬ ਕਾਂਗਰਸ ਵਿੱਚ ਸ਼ਾਮਿਲ ਕੀਤੀ ਹੈ ਅਤੇ ਪੰਜਾਬ ਦੇ ਡੀ. ਜੀ. ਪੀ. ਤੇ ਮੁੱਖ ਸਕੱਤਰ ਬੀਬੀ ਅਰੂਸਾ ਆਲਮ ਦਾ ਆਸ਼ੀਰਵਾਦ ਕਿਉਂ ਲੈ ਰਹੇ ਹਨ? ਪਾਕਿਸਤਾਨੀ ਨਾਗਰਿਕ ਬੀਬੀ ਅਰੂਸਾ ਆਲਮ ਬਾਰੇ ਸੁਣਿਆ ਹੈ ਕਿ ਉਹ ਡਿਫੈਂਸ ਮਾਮਲਿਆਂ ਦੇ ਮਾਹਿਰ ਪੱਤਰਕਾਰ ਹਨ ਅਤੇ ਉਨ੍ਹਾਂ ਦਾ ਨਰਿੰਦਰ ਮੋਦੀ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਵੀ ਗੂੜ੍ਹਾ ਸੰਬੰਧ ਹੈ ਤੇ ਇਸੇ ਕਰਕੇ ਉਨ੍ਹਾਂ ਨੂੰ ਭਾਰਤ ਦੇ ਵੀਜ਼ੇ ਤੇ ਤੁਹਾਡੇ ਸਿਸਵਾਂ ਫ਼ਾਰਮ ਵਿੱਚ ਲਗਾਤਾਰ ਰਹਿਣ ਵਿੱਚ ਕੋਈ ਮੁਸ਼ਕਿਲ ਨਹੀਂ ਹੈ।

ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਕਰਤਾਰਪੁਰ ਲਾਂਘੇ ਵੇਲੇ ਸਿੱਧੂ ਖ਼ਿਲਾਫ਼ ਤੁਹਾਡਾ ਡਟ ਕੇ ਸਾਥ ਦੇਣ ਵਾਲੀ ਬੀਬਾ ਹਰਸਿਮਰਤ ਕੌਰ ਬਾਦਲ ਵੀ ਅਰੂਸਾ ਦੇ ਭਾਰਤ ਲਈ ਵੀਜ਼ੇ ਸੰਬੰਧੀ ਉਸਦੀ ਬਹੁਤ ਮੱਦਦਗਾਰ ਰਹੀ ਹੈ। ਕੈਪਟਨ ਸਾਹਿਬ ਤੁਹਾਡੇ ਆਰਥਿਕ ਸਲਾਹਕਾਰ ਭਰਤਇੰਦਰ ਚਾਹਲ ਬਾਰੇ ਤਾਂ ਮੈਨੂੰ ਇੰਨੀ ਜਾਣਕਾਰੀ ਹੈ ਕਿ ਤੁਸੀਂ ਉਹ ਸੁਣ ਕੇ ਖ਼ੁਦ ਵੀ ਹੈਰਾਨ ਰਹਿ ਜਾਵੋਗੇ। ਜਦੋਂ ਮੈਂ ਤੁਹਾਡੇ ਇਸ ਮੀਡੀਆ ਸਲਾਹਕਾਰ ਨਾਲ ਲੋਕ ਸੰਪਰਕ ਅਫਸਰ ਸੀ ਤਾਂ ਇਸ ਨੇ ਹਿਮਾਚਲ ਅੰਦਰ ਇਕ ਅਜਿਹੀ ਕੋਠੀ ਬਣਾਈ ਸੀ

ਜਿਸਦਾ ਸਾਰਾ ਸਾਮਾਨ ਵਿਦੇਸ਼ ਤੋਂ ਮੰਗਵਾਇਆ ਸੀ। ਜਦੋਂ ਇਸਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਤਾਂ ਇਸ ਕੋਠੀ ਦਾ ਜ਼ਿਕਰ ਵੀ ਆਇਆ ਸੀ ਤੇ ਰੌਲਾ ਵੀ ਪਿਆ ਸੀ ਕਿ ਇਹ ਕੋਠੀ ਹਿਮਾਚਲ ਦੇ ਕਿਸੇ ਵੱਡੇ ਅਫਸਰ ਦੇ ਬੇਟੇ ਦੇ ਨਾਂ 'ਤੇ ਬੇਨਾਮੀ ਜਾਇਦਾਦ ਚਾਹਲ ਸਾਹਿਬ ਦੀ ਹੀ ਹੈ ਅਤੇ ਹੁਣ ਵੀ ਚਰਚਾ ਹੈ ਕਿ ਪੰਜਾਬ ਪ੍ਰਸ਼ਾਸਨ ਵਿੱਚ ਸਾਰੀਆਂ ਤਬਦੀਲੀਆਂ ਸੁਖਬੀਰ ਬਾਦਲ ਦੀ ਚਾਹਤ ਅਨੁਸਾਰ ਹੀ ਹੋ ਰਹੀਆਂ ਹਨ ਤੇ ਤੁਹਾਡੇ ਤਾਂ ਦਸਤਖ਼ਤ ਹੀ ਹੋ ਰਹੇ ਹਨ, ਸੱਚਾਈ ਕੀ ਹੈ? ਇਹ ਤੁਸੀਂ ਜਾਣੋ।