ਹੁਣ FASTag ਦੀ ਪਰੇਸ਼ਾਨੀ ਹੋਵੇਗੀ ਖ਼ਤਮ, ਨੰਬਰ ਪਲੇਟ ਤੋਂ ਵਸੂਲਿਆ ਜਾਵੇਗਾ ਟੋਲ ਟੈਕਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਣ ਆਟੋਮੈਟਿਕ ਨੰਬਰ ਪਲੇਟ ਰੀਡਰ ਕੈਮਰਿਆਂ ਰਾਹੀਂ ਵਸੂਲਿਆਂ ਜਾਵੇਗਾ ਟੋਲ ਟੈਕਸ

photo

 

ਨਵੀਂ ਦਿੱਲੀ : ਦੇਸ਼ ਜਲਦੀ ਹੀ FASTag ਦੀ ਪਰੇਸ਼ਾਨੀ ਤੋਂ ਮੁਕਤ ਹੋਣ ਜਾ ਰਿਹਾ ਹੈ। ਦਰਅਸਲ, ਸਰਕਾਰ ਰਾਸ਼ਟਰੀ ਰਾਜਮਾਰਗ ਤੋਂ ਟੋਲ ਹਟਾ ਕੇ ਆਟੋਮੈਟਿਕ ਨੰਬਰ ਪਲੇਟ ਰੀਡਰ ਕੈਮਰੇ ਤੋਂ ਟੋਲ ਟੈਕਸ ਵਸੂਲਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਇਹ ਜਾਣਕਾਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦਿੱਤੀ ਹੈ।

ਮੌਜੂਦਾ ਸਮੇਂ 'ਚ ਫਾਸਟੈਗ ਰਾਹੀਂ ਟੋਲ ਪਲਾਜ਼ਿਆਂ 'ਤੇ ਟੈਕਸ ਕੱਟਿਆ ਜਾਂਦਾ ਹੈ ਪਰ, ਜਲਦੀ ਹੀ ਆਟੋਮੈਟਿਕ ਨੰਬਰ ਪਲੇਟ ਰੀਡਰ ਕੈਮਰੇ ਇਹ ਕੰਮ ਕਰਨਗੇ। ਕੈਮਰੇ ਇਨ੍ਹਾਂ ਆਟੋਮੈਟਿਕ ਨੰਬਰ ਪਲੇਟਾਂ ਨੂੰ ਪੜ੍ਹ ਲੈਣਗੇ ਅਤੇ ਟੋਲ ਟੈਕਸ ਦੇ ਪੈਸੇ ਤੁਹਾਡੇ ਬੈਂਕ ਖਾਤੇ ਵਿੱਚੋਂ ਕੱਟ ਲਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਇਸ ਯੋਜਨਾ 'ਤੇ ਪਾਇਲਟ ਪ੍ਰੋਜੈਕਟ ਵਜੋਂ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਨੂੰ ਲਾਗੂ ਕਰਨ ਲਈ ਕਾਨੂੰਨੀ ਸੋਧ 'ਤੇ ਵੀ ਵਿਚਾਰ ਕੀਤਾ ਜਾਵੇਗਾ।

 

ਨਿਤਿਨ ਗਡਕਰੀ ਨੇ ਕਿਹਾ ਕਿ ਹੁਣ ਟੋਲ ਪਲਾਜ਼ਿਆਂ ਨੂੰ ਹਟਾਉਣ ਅਤੇ ਨੰਬਰ ਪਲੇਟ ਰੀਡਰ ਕੈਮਰੇ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਨਾਲ ਡਰਾਈਵਰਾਂ ਤੋਂ ਟੋਲ ਟੈਕਸ ਵਸੂਲਿਆ ਜਾਵੇਗਾ। ਜਾਣਕਾਰੀ ਮੁਕਾਬਿਕ ਆਟੋਮੈਟਿਕ ਨੰਬਰ ਪਲੇਟ ਰੀਡਰ ਕੈਮਰਿਆਂ ਰਾਹੀਂ ਟੋਲ ਟੈਕਸ ਦੀ ਵਸੂਲੀ ਲਈ ਲੱਗਣ ਵਾਲਾ ਸਮਾਂ ਘੱਟ ਜਾਵੇਗਾ। ਗਡਕਰੀ ਨੇ ਕਿਹਾ ਕਿ ਹਾਲਾਂਕਿ ਇਸ ਪ੍ਰਾਜੈਕਟ ਵਿਚ ਕੁਝ ਰੁਕਾਵਟਾਂ ਵੀ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਹੱਲ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਦਾਹਰਣ ਦੇ ਤੌਰ 'ਤੇ ਜੇਕਰ ਨੰਬਰ ਪਲੇਟ 'ਤੇ ਨੰਬਰ ਤੋਂ ਇਲਾਵਾ ਕੋਈ ਹੋਰ ਚੀਜ਼ ਲਿਖੀ ਹੋਈ ਹੈ ਤਾਂ ਕੈਮਰੇ ਨੂੰ ਪੜ੍ਹਨ 'ਚ ਦਿੱਕਤ ਆ ਸਕਦੀ ਹੈ।