Sangrur ਜ਼ਿਲ੍ਹੇ ਦੇ ਮਾਨਵਪ੍ਰੀਤ ਨੇ ਕੌਣ ਬਣੇਗਾ ਕਰੋੜਪਤੀ ਦੇ ਮੰਚ ਤੋਂ ਜਿੱਤੇ 25 ਲੱਖ ਰੁਪਏ
ਖੇਤਲਾ ਪਿੰਡ ਦਾ ਰਹਿਣ ਵਾਲਾ ਹੈ ਮਾਨਵਪ੍ਰੀਤ ਸਿੰਘ
ਦਿੜ੍ਹਬਾ : ਸੰਗਰੂਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਿੰਡ ਖੇਤਲਾ ਦਾ ਨੌਜਵਾਨ ਮਾਨਵਪ੍ਰੀਤ ਸਿੰਘ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਉਸਦੀ ਚਰਚਾ ਦਾ ਕਾਰਨ ਬਣਿਆ ਮਸ਼ਹੂਰ ਟੈਲੀਵਿਜ਼ਨ ਸ਼ੋਅ ਕੌਣ ਬਣੇਗਾ ਕਰੋੜਪਤੀ ਅਤੇ ਸ਼ੋਅ ਵਿਚ ਸ਼ਾਨਦਾਰੀ ਕਾਰਗੁਜ਼ਾਰੀ ਦਿਖਾਉਂਦੇ ਹੋਏ 25 ਲੱਖ ਰੁਪਏ ਜਿੱਤਣਾ। ਮਾਨਵਪ੍ਰੀਤ ਦੀ ਇਹ ਸਫਲਤਾ ਉਸਦੇ ਪਿੰਡ ਖੇਤਲਾ ਲਈ ਹੀ ਨਹੀਂ ਸਗੋਂ ਸੰਗਰੂਰ ਜ਼ਿਲ੍ਹੇ ਲਈ ਹੀ ਮਾਣ ਵਾਲੀ ਗੱਲ ਹੈ।
ਜ਼ਿਕਰਯੋਗ ਹੈ ਕਿ ਮਾਨਵਪ੍ਰੀਤ ਇਸ ਸਮੇਂ ਨਬਾਰਡ (N121R4) ’ਚ ਨੌਕਰੀ ਕਰਦਾ ਹੈ ਅਤੇ ਉਹ ਲਖਨਊ ’ਚ ਤਾਇਨਾਤ ਹੈ। ਮਾਨਵਪ੍ਰੀਤ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਕੇਬੀਸੀ ਦੇਖਣ ਦਾ ਸ਼ੌਂਕ ਸੀ। ਹਰ ਵਾਰ ਟੀਵੀ ’ਤੇ ਇਹ ਪ੍ਰੋਗਰਾਮ ਦੇਖਦੇ ਹੋਏ ਉਹ ਸੋਚਦੇ ਸਨ ਕਿ ਇੱਕ ਦਿਨ ਉਹ ਖੁਦ ਹੌਟ ਸੀਟ ’ਤੇ ਬੈਠ ਕੇ ਆਪਣੀ ਕਿਸਮਤ ਅਜ਼ਮਾਉਣਗੇ। ਇਹ ਸੁਪਨਾ ਪੂਰਾ ਕਰਨ ਲਈ ਉਨ੍ਹਾਂ ਨੇ ਕਈ ਸਾਲਾਂ ਤੱਕ ਕੋਸ਼ਿਸ਼ਾਂ ਕੀਤੀਆਂ। ਕੋਵਿਡ ਦੇ ਦੌਰਾਨ ਉਨ੍ਹਾਂ ਨੂੰ ਸ਼ੋਅ ਵੱਲੋਂ ਪਹਿਲੀ ਵਾਰ ਫੋਨ ਆਇਆ ਪਰ ਸਿਲੈਕਸ਼ਨ ਨਹੀਂ ਹੋ ਸਕੀ, ਜਿਸ ਕਾਰਨ ਮਾਨਵਪ੍ਰੀਤ ਨੂੰ ਕੁਝ ਨਿਰਾਸ਼ਾ ਵੀ ਹੋਈ। ਪਰ ਮਾਨਵਪ੍ਰੀਤ ਨੇ ਹਿੰਮਤ ਨਹੀਂ ਹਾਰੀ ਅਤੇ ਅਖਰਕਾਰ 2025 ਵਿੱਚ ਉਹ ਹੌਟ ਸੀਟ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਿਆ।
ਮਾਨਵਪ੍ਰੀਤ ਨੇ ਦੱਸਿਆ ਕਿ ਸਿਲੈਕਸ਼ਨ ਪ੍ਰਕਿਰਿਆ ਬਹੁਤ ਹੀ ਸਖਤ ਹੈ। ਪਹਿਲਾਂ ਫੋਨ ਰਾਹੀਂ ਪ੍ਰਸ਼ਨ ਪੁੱਛੇ ਜਾਂਦੇ ਹਨ, ਫਿਰ ਇੰਟਰਵਿਊ ਰਾਊਂਡ ਹੁੰਦਾ ਹੈ ਅਤੇ ਆਖ਼ਰ ਵਿੱਚ ਚੁਣੇ ਹੋਏ ਵਿਅਕਤੀਆਂ ਨੂੰ ਸਟੂਡੀਓ ’ਚ ਬੁਲਾਇਆ ਜਾਂਦਾ ਹੈ। ਮਾਨਵਪ੍ਰੀਤ ਦਾ ਕਹਿਣਾ ਹੈ ਕਿ ਕੇਬੀਸੀ ਦੇ ਇਤਿਹਾਸ ਵਿੱਚ ਉਹ ਪਹਿਲੇ ਪ੍ਰਤੀਯੋਗੀ ਸਨ ਜਿਨ੍ਹਾਂ ਨੇ ਫਾਸਟੈਸਟ ਫਿੰਗਰ ਫਸਟ ਰਾਊਂਡ ਵਿੱਚ ਐਨਾ ਤੇਜ਼ ਜਵਾਬ ਦਿੱਤਾ ਕਿ ਕਿਸੇ ਹੋਰ ਨੂੰ ਬਟਨ ਦਬਾਉਣ ਦਾ ਮੌਕਾ ਹੀ ਨਹੀਂ ਮਿਲਿਆ। ਅਗਲੇ ਪੰਜੇ ਸਵਾਲਾਂ ਦੇ ਜਵਾਬ ਵੀ ਉਨ੍ਹਾਂ ਨੇ ਬਿਲਕੁਲ ਸਹੀ ਦਿੱਤੇ।
ਮਾਨਵਪ੍ਰੀਤ ਨੇ ਸ਼ੋਅ ਦੇ ਹੋਸਟ ਅਤੇ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਬਾਰੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਕਿਹਾ ਕਿ ਹਾਲਾਂਕਿ ਉਹ ਪਹਿਲਾਂ ਉਨ੍ਹਾਂ ਦੇ ਪੱਕੇ ਫੈਨ ਨਹੀਂ ਸਨ, ਪਰ ਸੈਟ ’ਤੇ ਮਿਲਣ ਤੋਂ ਬਾਅਦ ਬੱਚਨ ਸਾਹਿਬ ਦੀ ਸ਼ਖਸੀਅਤ ਅਤੇ ਤੰਦਰੁਸਤੀ ਨੇ ਉਨ੍ਹਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। 84 ਸਾਲ ਦੀ ਉਮਰ ਵਿੱਚ ਵੀ ਅਮਿਤਾਭ ਬੱਚਨ ਦੀ ਫਿੱਟਨੈੱਸ ਦੇਖ ਕੇ ਉਹ ਹੈਰਾਨ ਰਹੇ। ਉਨ੍ਹਾਂ ਨੇ ਦੱਸਿਆ ਕਿ ਅਮਿਤਾਬ ਬੱਚਨ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਵੈਨਿਟੀ ਵੈਨ ਵਿੱਚ ਜਿਮ ਕਰਦੇ ਹਨ। ਮਾਨਵਪ੍ਰੀਤ ਦੀ ਇਸ ਉਪਲਬਧੀ ਨਾਲ ਪਿੰਡ ਖੇਤਲਾ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਦੌਰਾਨ ਮਾਤਾ ਨੇ ਕਿਹਾ ਕਿ ਮਾਨਵਪ੍ਰੀਤ ਸ਼ੁਰੂ ਤੋਂ ਹੀ ਬਹੁਤ ਤੇਜ਼-ਤਰਾਰ ਹੈ।