ਕਿਸਾਨਾਂ ਦੇ ਹੱਕ 'ਚ ਡਟੇ ਕਲਾਕਾਰ, ਜੈਜ਼ੀ ਬੀ ਨੇ ਵੀ ਲਾਈਵ ਹੋ ਕੇ ਕਿਸਾਨਾਂ ਦੇ ਹੱਕ 'ਚ ਉਠਾਈ ਆਵਾਜ਼!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੈਜ਼ੀ ਬੀ ਸਮੇਤ ਪ੍ਰਸਿੱਧ ਪੰਜਾਬੀ ਗਾਇਕਾਂ ਨੇ ਕਿਸਾਨਾਂ ਨਾਲ ਇਕਜੁਟਤਾ ਦਿਖਾਉਂਦਿਆਂ ਖੇਤੀ ਕਾਨੂੰਨਾਂ ਦੀ ਕੀਤੀ ਮੁਖਾਲਫਤ

Singer Jazzy B

ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਹਰ ਵਰਗ ਦਾ ਸਾਥ ਮਿਲਣਾ ਸ਼ੁਰੂ ਹੋ ਗਿਆ ਹੈ। ਸਿਆਸੀ ਧਿਰਾਂ ਤੋਂ ਇਲਾਵਾ ਗਾਇਕ, ਕਲਾਕਾਰ ਅਤੇ ਹੋਰ ਸਮਾਜ ਸੇਵੀਜਥੇਬੰਦੀਆਂ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਦਾ ਖੜ੍ਹਣ ਦਾ ਅਹਿਦ ਕਰ ਰਹੀਆਂ ਹਨ।

ਪ੍ਰਸਿੱਧ ਪੰਜਾਬੀ ਗਾਇਕ ਜੈਜ਼ੀ ਬੀ ਨੇ ਵੀ ਸੋਸ਼ਲ ਮੀਡੀਆ ਜ਼ਰੀਆ ਕਿਸਾਨਾਂ ਨਾਲ ਇਕਜੁਟਤਾ ਦਿਖਾਉਂਦਿਆਂ ਸਮੂਹ ਲੋਕਾਈ ਨੂੰ ਇਕੱਠਾ ਹੋ ਕੇ ਕਿਸਾਨਾਂ ਦਾ ਸਾਥ ਦੇਣ ਦਾ ਸੁਨੇਹਾ ਦਿਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਲਾਈਵ 'ਚ ਕਿਹਾ ਹੈ ਕਿ ਇਹ ਉਹ ਸਮਾਂ ਹੈ ਜਦੋਂ ਸਮੂਹ ਦੇਸ਼ ਵਾਸੀਆਂ ਨੂੰ ਇਕੱਠੇ ਹੋ ਕੇ ਸਰਕਾਰ ਖ਼ਿਲਾਫ ਰੋਸ ਪ੍ਰਦਰਸ਼ਨ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਅਪਣੇ ਹੱਕ ਲੈਣ ਲਈ ਜਾਤਾਂ ਤੇ ਧਰਮਾਂ ਤੋਂ ਉਪਰ ਉੱਠ ਕੇ ਸੰਘਰਸ਼ ਕਰਨਾ ਪਵੇਗਾ। ਇਸ ਦੌਰਾਨ ਉਨ੍ਹਾਂ ਨੇ ਅਪਣੇ ਪ੍ਰਸੰਸਕਾ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ।

ਕਾਬਲੇਗੌਰ ਹੈ ਕਿ ਕਲਾਕਾਰ ਅਤੇ ਗਾਇਕਾਂ ਵਲੋਂ ਕਿਸਾਨਾਂ ਦੇ ਸੰਘਰਸ਼ ਨੂੰ ਵੱਡਾ ਸਮਰਥਨ ਦਿਤਾ ਜਾ ਰਿਹਾ ਹੈ। ਕਿਸਾਨਾਂ ਦੇ ਧਰਨਿਆਂ ਤੋਂ ਇਲਾਵਾ ਸੋਸ਼ਲ ਮੀਡੀਆ ਜ਼ਰੀਏ ਵੀ ਵੱਖ ਵੱਖ ਕਲਾਕਾਰ ਤੇ ਗਾਇਕ ਕਿਸਾਨਾਂ ਨਾਲ ਇਕਜੁਟਤਾ ਪ੍ਰਗਟਾਉਂਦਿਆਂ ਸਰਕਾਰ ਨੂੰ ਖੇਤੀ ਬਿੱਲਾਂ ਨੂੰ ਵਾਪਸ ਲੈਣ ਲਈ ਕਹਿ ਰਹੇ ਹਨ।

ਪੰਜਾਬੀ ਗਾਇਕ ਬੱਬੂ ਮਾਨ, ਗਾਇਕ ਰਣਜੀਤ ਬਾਵਾ, ਹਰਭਜਨ ਮਾਨ, ਸਿੱਧੂ ਮੂਸੇ ਵਾਲਾ ਸਮੇਤ ਹੋਰ ਬਹੁਤ ਸਾਰੇ ਗਾਇਕਾਂ ਵਲੋਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਿਸਾਨਾਂ ਨਾਲ ਇਕਜੁਟਤਾ ਦਾ ਇਜ਼ਹਾਰ ਕੀਤਾ ਗਿਆ ਹੈ।