ਮੋਦੀ ਦੇ ਏਜੰਟ ਬਣ ਕੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਤਾਕ ਚ ਹਨ ਬਾਦਲ : ਕੁਲਤਾਰ ਸਿੰਘ ਸੰਧਵਾਂ

ਏਜੰਸੀ

ਖ਼ਬਰਾਂ, ਪੰਜਾਬ

ਮੋਦੀ ਦੇ ਏਜੰਟ ਬਣ ਕੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਤਾਕ 'ਚ ਹਨ ਬਾਦਲ : ਕੁਲਤਾਰ ਸਿੰਘ ਸੰਧਵਾਂ

image

'ਆਪ' ਦਾ ਸਵਾਲ, ਪੰਜਾਬ ਬੰਦ ਵਾਲੇ ਦਿਨ ਹੀ ਕਿਉਂ ਰਖਿਆ ਬਾਦਲਾਂ ਨੇ ਬਰਾਬਰ ਦਾ ਪ੍ਰੋਗਰਾਮ?
 



ਅੰਮ੍ਰਿਤਸਰ, 23 ਸਤੰਬਰ (ਸੁਖਵਿੰਦਰਜੀਤ ਬਹੋੜੂ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੀਆਂ ਸਾਰੀਆਂ ਸਿਆਸੀ ਧਿਰਾਂ, ਸਮਾਜਕ ਅਤੇ ਧਾਰਮਕ ਸੰਸਥਾਵਾਂ ਸਮੇਤ ਸੂਬੇ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੋਦੀ ਸਰਕਾਰ ਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਵਿਰੁਧ ਕਿਸਾਨੀ ਸੰਘਰਸ਼ ਦਾ ਸਾਥ ਦੇਣ ਅਤੇ 25 ਸਤੰਬਰ ਦੇ ਬੰਦ ਨੂੰ ਕਾਮਯਾਬ ਬਣਾਉਣ। 'ਆਪ' ਨੇ ਨਾਲ ਹੀ 25 ਸਤੰਬਰ ਨੂੰ ਬਾਦਲਾਂ ਵਲੋਂ 'ਚੱਕਾ ਜਾਮ' ਦੇ ਐਲਾਨ ਨੂੰ ਕਿਸਾਨੀ ਸੰਘਰਸ਼ ਵਿਰੁਧ ਸਾਜਸ਼ ਦਸਿਆ ਹੈ।
ਅੱਜ ਇਥੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਗਾਇਆ ਹੈ ਕਿ 'ਡਰਾਮਾ ਕੁਇਨ' ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਵਾਲੇ ਡਰਾਮੇ ਦੇ ਬਾਵਜੂਦ ਬਾਦਲ ਅੱਜ ਵੀ ਕੇਂਦਰ ਸਰਕਾਰ ਦਾ ਹਿੱਸਾ ਹਨ ਅਤੇ ਮੋਦੀ ਦੇ ਏਜੰਟ ਵਜੋਂ ਕੰਮ ਕਰ ਰਹੇ ਹਨ, ਇਸ ਕਰ ਕੇ 25 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਵਲੋਂ ਦਿਤੇ ਗਏ ਪੰਜਾਬ ਬੰਦ ਦੇ ਪ੍ਰੋਗਰਾਮ ਨੂੰ ਤਾਰਪੀਡੋ ਕਰਨ ਲਈ ਬਾਦਲਾਂ ਨੇ 25 ਸਤੰਬਰ ਨੂੰ ਹੀ 'ਚੱਕਾ ਜਾਮ' ਦਾ ਡਰਾਮਾ ਐਲਾਨ ਦਿਤਾ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਲਾਲਪੁਰਾ, ਅਸੋਕ ਤਲਵਾਰ, ਰਜਿੰਦਰ ਪਲਾਹ, ਜਸਕਰਨ ਬੰਦੇਸ਼ਾ, ਸੋਹਣ ਸਿੰਘ ਨਾਗੀ ਅਤੇ ਅਨਿਲ ਮਹਾਜਨ ਵੀ ਹਾਜ਼ਰ ਸਨ।      
ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਗਾਇਆ ਕਿ ਕਿਸਾਨੀ ਸੰਘਰਸ਼ ਦੇ ਸਮਾਨਅੰਤਰ (ਬਰਾਬਰ) ਬਾਦਲਾਂ ਵਲੋਂ ਇਹ ਡਰਾਮਾ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਕੀਤਾ ਜਾ ਰਿਹਾ ਹੈ, ਤਾਕਿ ਕਿਸੇ ਤਰੀਕੇ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਦੀ ਲਾਮਬੰਦੀ ਨੂੰ ਤੋੜਿਆ ਜਾਵੇ। ਕੁਲਤਾਰ ਸਿੰਘ ਸੰਧਵਾਂ ਨੇ ਬਾਦਲ ਪਰਵਾਰ ਨੂੰ ਪੰਜਾਬ ਦੇ ਗੱਦਾਰ ਕਰਾਰ ਦਿੰਦਿਆਂ ਸਵਾਲ ਕੀਤਾ ਕਿ ਮੋਦੀ ਦੀ ਕਾਲੇ ਕਾਨੂੰਨਾਂ ਲਈ ਐਨੀ ਤਾਨਾਸ਼ਾਹੀ ਦੇ ਬਾਵਜੂਦ ਬਾਦਲਾਂ ਨੇ ਐਨਡੀਏ ਨਾਲੋਂ ਨਾਤਾ ਕਿਉਂ ਨਹੀਂ ਤੋੜਿਆ? ਕੇਂਦਰ ਸਰਕਾਰ ਦਾ ਖੁਦ ਹਿੱਸਾ ਹੋਣ ਦੇ ਬਾਵਜੂਦ ਬਾਦਲ ਪੰਜਾਬ 'ਚ 'ਚੱਕਾ ਜਾਮ' ਦਾ ਡਰਾਮਾ ਕਿਸ ਦੇ ਵਿਰੁਧ ਕਰ ਰਹੇ ਹਨ? ਕੀ ਇਹ ਪਾਖੰਡ 25 ਸਤੰਬਰ ਨੂੰ ਹੀ ਜਰੂਰੀ ਹੈ ਅਤੇ ਅੱਗੇ ਪਿੱਛੇ ਕਿਉਂ ਨਹੀਂ ਹੋ ਸਕਦਾ?
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਾਦਲਾਂ ਦੀਆਂ ਅਜਿਹੀਆਂ ਦੋਗਲੀਆਂ ਹਰਕਤਾਂ ਕਾਰਨ ਪਹਿਲਾਂ ਹੀ ਇਨ੍ਹਾਂ (ਬਾਦਲ ਪਰਿਵਾਰ) ਦਾ ਚੱਕਾ ਜਾਮ ਪੱਕੇ ਤੌਰ 'ਤੇ ਕਰ ਰਖਿਆ ਹੈ ਅਤੇ ਬਾਦਲਾਂ ਅਤੇ ਭਾਜਪਾ ਦੀ ਪਿੰਡਾਂ 'ਚ 'ਨੋ ਐਂਟਰੀ' ਦੇ ਬੋਰਡ ਲੱਗਣੇ ਸ਼ੁਰੂ ਹੋ ਗਏ ਹਨ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਦਲਾਂ ਵਾਂਗ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਮੋਦੀ ਸਰਕਾਰ ਦੀ ਕਠਪੁਤਲੀ ਹੈ। ਹਾਈਪਾਵਰ ਕਮੇਟੀ 'ਚ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਚੁੱਪ-ਚਪੀਤੇ ਸਹਿਮਤੀ ਦੇਣਾ ਅਤੇ ਵਿੱਤੀ ਸੁਧਾਰਾਂ ਦੇ ਨਾਂ 'ਤੇ ਗਠਿਤ ਮੌਂਟੇਕ ਸਿੰਘ ਆਹਲੂਵਾਲੀਆ ਕਮੇਟੀ ਰਾਹੀਂ ਮੋਦੀ ਸਰਕਾਰ ਦੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਹੂ-ਬ-ਹੂ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨਾ ਇਸ ਤੱਥ ਦੀ ਪੁਸ਼ਟੀ ਕਰਦੀਆਂ ਹਨ ਕਿ ਅਮਰਿੰਦਰ ਸਿੰਘ ਮੋਦੀ ਸਰਕਾਰ ਦੇ ਕਰਿੰਦੇ ਵਜੋਂ ਕੰਮ ਕਰ ਰਹੇ ਹਨ।
ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਗਾਇਆ ਕਿ ਵੱਡੇ ਪੱਧਰ ਦੇ ਭ੍ਰਿਸ਼ਟਾਚਾਰ, ਸ਼ਰਾਬ ਅਤੇ ਡਰੱਗ ਮਾਫੀਆ, ਈਡੀ ਅਤੇ ਇਨਕਮ ਟੈਕਸ, ਵਿਦੇਸ਼ੀ ਬੈਂਕ ਖਾਤੇ ਅਤੇ ਵਿਦੇਸ਼ੀ ਮਹਿਮਾਨਾਂ ਕਾਰਨ ਅਮਰਿੰਦਰ ਸਿੰਘ ਅਤੇ ਬਾਦਲ ਪਰਵਾਰ ਦੀਆਂ ਅਨੇਕ ਕਮਜੋਰੀਆਂ ਕਰ ਕੇ ਇਨ੍ਹਾਂ ਦੋਵੇਂ ਪਰਿਵਾਰਾਂ ਦੀ ਘੰਡੀ ਮੋਦੀ ਦੇ ਹੱਥ 'ਚ ਹੈ। ਇਹੋ ਕਾਰਨ ਹੈ ਕਿ ਨਰਿੰਦਰ ਮੋਦੀ ਸਰਕਾਰ ਅਮਰਿੰਦਰ ਸਿੰਘ ਅਤੇ ਬਾਦਲਾਂ ਨੂੰ ਪੰਜਾਬ ਵਿਰੁੱਧ ਹੀ ਹਥਿਆਰ ਵਜੋਂ ਵਰਤਦੀ ਆ ਰਹੀ ਹੈ।