ਸ਼ਰਮਨਾਕ ਹੈ ਕੋਰੋਨਾ ਮਹਾਂਮਾਰੀ ਦੌਰਾਨ ਨਰਸਿੰਗ ਕੋਰਸਾਂ ਦੀਆਂ ਫ਼ੀਸਾਂ 'ਚ ਅੰਨ੍ਹਾ ਵਾਧਾ-ਅਮਨ ਅਰੋੜਾ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲੋਂ ਇਹ ਮਾਰੂ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਕੀਤੀ ਮੰਗ

Aman Arora

ਚੰਡੀਗੜ੍ਹ, 24 ਸਤੰਬਰ ,  2020 - ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਕੈਬਨਿਟ ਵੱਲੋਂ ਨਰਸਿੰਗ ਕੋਰਸਾਂ ਦੀਆਂ ਫ਼ੀਸਾਂ 'ਚ 25 ਤੋਂ 40 ਫ਼ੀਸਦੀ ਤੱਕ ਕੀਤੇ ਭਾਰੀ ਵਾਧੇ ਦੀ ਸਖ਼ਤ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲੋਂ ਇਹ ਮਾਰੂ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ, ਪ੍ਰਿੰਸੀਪਲ ਬੁੱਧ ਰਾਮ ਅਤੇ ਮੀਤ ਹੇਅਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਡਾਕਟਰੀ ਸਿੱਖਿਆ ਲਈ ਲਏ ਜਾਂਦੇ ਅਜਿਹੇ ਫ਼ੈਸਲੇ ਸੱਤਾਧਾਰੀ ਕਾਂਗਰਸ ਦੀ ਉਸ ਦੀਵਾਲੀਆ ਸੋਚ ਦਾ ਪਰਦਾਫਾਸ਼ ਕਰਦੇ ਹਨ, ਜਿਸ ਕਾਰਨ ਕਾਂਗਰਸ ਪੂਰੇ ਦੇਸ਼ ਅੰਦਰ ਆਪਣਾ ਆਧਾਰ ਗੁਆ ਚੁੱਕੀ ਹੈ ਅਤੇ ਪੰਜਾਬ 'ਚ ਵੀ ਮੁਕੰਮਲ ਸਫ਼ਾਇਆ ਤੈਅ ਹੈ।

ਅਮਨ ਅਰੋੜਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਪੂਰੀ ਦੁਨੀਆ 'ਚ ਸਿਹਤ ਸੇਵਾਵਾਂ ਦੇ ਰਹੇ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਪੇਸ਼ਾਵਰਾਂ ਦਾ ਰੱਜ ਕੇ ਮਾਣ-ਸਨਮਾਨ ਹੋ ਰਿਹਾ ਹੈ, ਕਿਉਂਕਿ ਇਸ ਮਹਾਂਮਾਰੀ ਨੇ ਸਿਹਤ ਸੇਵਾਵਾਂ ਖੇਤਰ ਨਾਲ ਜੁੜੇ ਪੇਸ਼ਾਵਰਾਂ ਦੀ ਅਹਿਮੀਅਤ ਦਾ ਅਹਿਸਾਸ ਕਰਾਇਆ ਹੈ ਕਿ ਜਿਸ ਤਰਾਂ ਸਰਹੱਦਾਂ 'ਤੇ ਤੈਨਾਤ ਫ਼ੌਜੀ ਯੋਧੇ ਸਾਡੀ ਅਤੇ ਸਾਡੇ ਮੁਲਕ ਦੀ ਰੱਖਿਆ ਕਰਦੇ ਹਨ, ਉਸੇ ਤਰਾਂ ਡਾਕਟਰ ਅਤੇ ਉਨ੍ਹਾਂ ਦਾ ਸਹਾਇਕ ਸਟਾਫ਼ 'ਕੋਰੋਨਾ ਯੋਧਿਆਂ' ਵਜੋਂ ਜਾਨ ਤਲੀ 'ਤੇ ਧਰ ਕੇ ਸਾਡੀ ਜਾਨ ਬਚਾਉਂਦਾ ਹੈ।

ਅਜਿਹੇ ਹਾਲਾਤਾਂ 'ਚ ਪਹਿਲਾਂ ਐਮਬੀਬੀਐਸ, ਐਮਡੀ/ਐਮਐਸ ਕੋਰਸਾਂ ਦੀਆਂ ਅਤੇ ਹੁਣ ਨਰਸਿੰਗ ਕੋਰਸਾਂ ਦੀਆਂ ਫ਼ੀਸਾਂ 'ਚ ਬੇਹੱਦ ਵਾਧਾ ਕਰਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅਤਿ ਨਿੰਦਣਯੋਗ ਫ਼ੈਸਲਾ ਲਿਆ ਹੈ। 'ਆਪ' ਆਗੂਆਂ ਨੇ ਦਿੱਲੀ 'ਚ ਅਰਵਿੰਦ ਕੇਜਰੀਵਾਲ ਸਰਕਾਰ ਦੀ ਤਰਜ਼ 'ਤੇ ਡਾਕਟਰੀ ਸਿੱਖਿਆ ਨਾਲ ਜੁੜੇ ਸਾਰੇ ਕੋਰਸਾਂ/ਪੜਾਈ ਪੰਜਾਬ 'ਚ ਵੀ ਨਾ-ਮਾਤਰ ਫ਼ੀਸ ਤੈਅ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ ਅਤੇ ਦਾਅਵਾ ਕੀਤਾ ਕਿ ਜੇਕਰ 2022 'ਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ ਤਾਂ ਪੰਜਾਬ 'ਚ ਦਿੱਲੀ ਦੀ ਤਰਜ਼ 'ਤੇ ਕਲਿਆਣਕਾਰੀ ਅਤੇ ਲੋਕ ਹਿਤੈਸ਼ੀ ਫ਼ੈਸਲੇ ਹੋਣਗੇ, ਕਿਉਂਕਿ ਆਮ ਆਦਮੀ ਪਾਰਟੀ ਸਰਕਾਰੀ ਸਿਹਤ ਅਤੇ ਸਿੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਹੈ।

'ਆਪ' ਆਗੂਆਂ ਨੇ ਕਿਹਾ ਕਿ ਨਰਸਿੰਗ ਕੋਰਸਾਂ ਦੀਆਂ ਫ਼ੀਸਾਂ 'ਚ ਕੀਤੇ ਅੰਨ੍ਹੇਵਾਹ ਵਾਧੇ ਦਾ ਸਭ ਤੋਂ ਬੁਰਾ ਅਸਰ ਆਮ ਘਰਾਂ ਦੇ ਬੱਚਿਆਂ 'ਤੇ ਪਵੇਗਾ, ਜੋ ਵੱਡੀ ਗਿਣਤੀ 'ਚ ਨਰਸਿੰਗ ਦੇ ਖੇਤਰ ਨੂੰ ਕੈਰੀਅਰ ਵਜੋਂ ਚੁਣਦੇ ਹਨ, ਪਰੰਤੂ ਐਨੀਆਂ ਜ਼ਿਆਦਾ ਫ਼ੀਸਾਂ ਕਾਰਨ ਇਹ ਪੜਾਈ ਵੀ ਆਮ ਪਰਿਵਾਰਾਂ ਦੇ ਵੱਸ ਤੋਂ ਬਾਹਰ ਕਰ ਦਿੱਤੀ ਹੈ। 'ਆਪ' ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ ਤੁਗ਼ਲਕੀ ਫ਼ਰਮਾਨ ਨੂੰ ਵਾਪਸ ਨਾ ਲਿਆ ਤਾਂ ਸੰਘਰਸ਼ ਕੀਤਾ ਜਾਵੇਗਾ।