ਅੱਜ 2 ਘੰਟਿਆਂ ਲਈ ਬੰਦ ਹਨ ਪੰਜਾਬ ਦੇ ਸਾਰੇ ਬੱਸ ਅੱਡੇ, ਅੰਦਰ-ਬਾਹਰ ਨਹੀਂ ਜਾ ਸਕਣਗੀਆਂ ਬੱਸਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਦੋ ਘੰਟਿਆਂ ਲਈ ਸੂਬੇ ਭਰ ਵਿਚ ਬੱਸ ਅੱਡੇ ਬੰਦ ਰਹਿਣਗੇ।

All bus stands in Punjab will be closed for 2 hours today

 

ਚੰਡੀਗੜ੍ਹ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੀ ਨਿਯੁਕਤੀ ਹੁੰਦੇ ਹੀ ਪਨਬੱਸ, ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕੰਟਰੈਕਟ ਕਰਮਚਾਰੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਦੋ ਘੰਟਿਆਂ ਲਈ ਸੂਬੇ ਭਰ ਵਿਚ ਬੱਸ ਅੱਡੇ ਬੰਦ ਰਹਿਣਗੇ। ਇਸ ਸਮੇਂ ਦੌਰਾਨ ਕੋਈ ਵੀ ਬੱਸ ਅੰਦਰ ਨਹੀਂ ਜਾ ਸਕਦੀ ਅਤੇ ਨਾ ਹੀ ਅੰਦਰੋਂ ਬਾਹਰ ਆ ਸਕਦੀ ਹੈ। ਜੋ ਇਸ ਸਮੇਂ ਸਫ਼ਰ ਕਰਨ ਜਾ ਰਹੇ ਹਨ ਉਹਨਾਂ ਨੂੰ ਮੁਸ਼ਕਿਲ ਆ ਸਕਦੀ ਹੈ ਉਹਨਾਂ ਨੂੰ ਬੱਸ ਸਟੈਂਡ ਦੇ ਅੰਦਰ ਜਾ ਬਾਹਰ ਬੈਠਣਾ ਪੈ ਸਕਦਾ ਹੈ। 

ਕੰਟਰੈਕਟ ਐਂਪਲਾਈਜ਼ ਯੂਨੀਅਨ ਦੇ ਜ਼ਿਲ੍ਹਾ ਮੁਖੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੀ ਕੈਪਟਨ ਸਰਕਾਰ ਵੇਲੇ ਉਨ੍ਹਾਂ ਨੇ ਚੱਕਾ ਜਾਮ ਕੀਤਾ ਸੀ। ਇਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਉਹਨਾਂ ਦੀ ਤਨਖਾਹ ਵਿਚ 30% ਦਾ ਵਾਧਾ ਹੋਵੇਗਾ। ਫਿਰ ਹਰ ਸਾਲ ਇਸ ਵਿਚ 5%ਦਾ ਵਾਧਾ ਕੀਤਾ ਜਾਵੇਗਾ। ਉਸੇ ਸਮੇਂ ਸਾਡੇ ਤੋਂ ਇੱਕ ਹਫ਼ਤੇ ਦਾ ਸਮਾਂ ਮੰਗਿਆ ਗਿਆ ਸੀ। ਇਸ ਦੇ ਬਾਵਜੂਦ ਸਰਕਾਰ ਨੇ ਅਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ। ਇਸ ਦੇ ਚੱਲਦਿਆਂ ਕਰਮਚਰੀਆਂ ਨੂੰ ਨਵੇਂ ਸਿਰੇ ਤੋਂ ਸੰਘਰਸ਼ ਸ਼ੁਰੂ ਕਰਨਾ ਪੈ ਰਿਹਾ ਹੈ। 

ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ 27 ਸਤੰਬਰ ਨੂੰ ਕਰਮਚਾਰੀ ਕਿਸਾਨਾਂ ਦੇ ਸਮਰਥਨ ਵਿਚ ਭਾਰਤ ਬੰਦ ਵਿਚ ਸ਼ਾਮਲ ਹੋਣਗੇ। ਇਸ ਤੋਂ ਬਾਅਦ 6 ਅਕਤੂਬਰ ਨੂੰ ਗੇਟ ਰੈਲੀ ਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਵੀ ਜੇਕਰ ਨਾ ਸੁਣਵਾਈ ਹੋਈ ਤਾਂ 11 ਤੋਂ 13 ਅਕਤੂਬਰ ਤੱਕ ਮੁਕੰਮਲ ਹੜਤਾਲ ਰਹੇਗੀ। ਇਸ ਤੋਂ ਬਾਅਦ 17 ਅਕਤੂਬਰ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ।