ਅਨਿਰੁਧ ਤਿਵਾੜੀ ਪੰਜਾਬ ਦੇ ਨਵੇਂ ਮੁੱਖ ਸਕੱਤਰ ਤੇ ਦੀਪਇੰਦਰ ਪਟਵਾਲੀਆ ਬਣੇ ਐਡਵੋਕੇਟ ਜਨਰਲ 

ਏਜੰਸੀ

ਖ਼ਬਰਾਂ, ਪੰਜਾਬ

ਅਨਿਰੁਧ ਤਿਵਾੜੀ ਪੰਜਾਬ ਦੇ ਨਵੇਂ ਮੁੱਖ ਸਕੱਤਰ ਤੇ ਦੀਪਇੰਦਰ ਪਟਵਾਲੀਆ ਬਣੇ ਐਡਵੋਕੇਟ ਜਨਰਲ 

image


ਵਰੁਣ ਰੂਜਮ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਨਿਯੁਕਤ

ਚੰਡੀਗੜ੍ਹ, 23 ਸਤੰਬਰ (ਗੁਰਉਪਦੇਸ਼ ਭੁੱਲਰ, ਨਰਿੰਦਰ ਸਿੰਘ ਝਾਂਮਪੁਰ) : ਚਰਨਜੀਤ ਸਿੰਘ ਚੰਨੀ ਵਲੋਂ ਨਵੇਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲੇ ਜਾਣ ਤੋਂ ਬਾਅਦ ਉਚ ਪਧਰੀ ਪ੍ਰਸ਼ਾਸਨ ਫੇਰਬਦਲ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਅੱਜ ਹੋਏ ਤਬਾਦਲਿਆਂ ਵਿਚ ਮੁੱਖ ਸਕੱਤਰ ਵਿਨੀ ਮਹਾਜਨ ਨੂੰ  ਵੀ ਤਬਦੀਲ ਕਰ ਦਿਤਾ ਗਿਆ ਹੈ | ਸੀਨੀਅਰ ਆਈ.ਏ.ਐਸ. ਅਧਿਕਾਰੀ ਅਨਿਰੁਧ ਤਿਵਾੜੀ ਨੂੰ  ਉਨ੍ਹਾਂ ਦੀ ਥਾਂ ਨਵਾਂ ਮੁੱਖ ਸਕੱਤਰ ਲਾਇਆ ਗਿਆ ਹੈ | 
ਤਿਵਾੜੀ ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦਿਆਂ ਚੰਗਾ ਅਨੁਭਵ ਰੱਖਣ ਵਾਲੇ ਇਕ ਕੁਸ਼ਲ ਅਧਿਕਾਰੀ ਮੰਨੇ ਜਾਂਦੇ ਹਨ |  ਉਹ ਕੈਪਟਨ ਸਰਕਾਰ ਤੋਂ ਇਲਾਵਾ ਬਾਦਲ ਸਰਕਾਰ ਸਮੇਂ ਵੀ ਅਪਣੀ ਕਾਬਲੀਅਤ ਕਾਰਨ ਅਹਿਮ ਅਹੁਦਿਆਂ ਉਪਰ ਰਹੇ ਹਨ | ਅਤੁੱਲ ਨੰਦਾ ਦੀ ਥਾਂ ਪੰਜਾਬ ਨੂੰ  ਨਵਾਂ ਐਡਵੋਕੇਟ ਜਨਰਲ ਵੀ ਅੱਜ ਮਿਲ ਗਿਆ ਹੈ | ਨੰਦਾ ਨੇ ਕੈਪਟਨ ਦੇ ਅਹੁਦਾ ਛੱਡਣ ਤੋਂ ਬਾਅਦ ਹੀ ਅਸਤੀਫ਼ਾ ਦੇ ਦਿਤਾ ਸੀ | ਹਾਈ ਕੋਰਟ ਦੇ ਸੀਨੀਅਰ ਵਕੀਲ ਦੀਪਇੰਦਰ ਸਿੰਘ ਪਟਵਾਲੀਆ ਨੂੰ  ਨਵਾਂ ਐਡਵੋਕੇਟ ਜਨਰਲ ਲਾਇਆ ਗਿਆ ਹੈ | ਉਹ ਸੇਵਾ ਮੁਕਤ ਜਸਟਿਸ ਕੁਲਦੀਪ ਸਿੰਘ ਦੇ ਬੇਟੇ ਹਨ | 
ਅੱਜ ਇਕ ਹੋਰ ਮਹੱਤਵਪੂਰਨ ਨਿਯੁਕਤੀ ਤਹਿਤ ਆਈ.ਏ.ਐਸ. ਅਧਿਕਾਰੀ ਵਰੁਣ ਰੂਜਮ ਨੂੰ  ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਵਿਸ਼ੇਸ਼ ਪ੍ਰਮੁੱਖ ਸਕੱਤਰ ਲਾਇਆ ਗਿਆ ਹੈ | ਮਿਹਨਤੀ ਨੌਜਵਾਨ ਅਫ਼ਸਰਾਂ ਵਿਚ ਗਿਣੇ ਜਾਂਦੇ ਰੂਜਮ ਇਸ ਵੇਲੇ ਮਾਰਕਫ਼ੈੱਡ ਦੇ ਐਮ.ਡੀ. ਸਨ ਤੇ ਰੰਧਾਵਾ ਦੇ ਵਿਭਾਗ ਤਹਿਤ ਹੀ ਕੰਮ ਕਰ ਰਹੇ ਹਨ | ਜ਼ਿਕਰਯੋਗ ਹੈ ਕਿ ਅਨਿਰੁਧ ਤਿਵਾੜੀ ਨੂੰ  ਮੁੱਖ ਸਕੱਤਰ ਬਣਾਏ ਜਾਣ ਤੋਂ ਬਾਅਦ ਚਾਰ ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਨੂੰ  ਵਧੀਕ ਮੁੱਖ ਸਕੱਤਰ ਦੇ ਅਹੁਦੇ ਤੋਂ ਪਦ ਉਨਤ ਕਰ ਕੇ ਵਿਸ਼ੇਸ਼ ਮੁੱਖ ਸਕੱਤਰ ਬਣਾਇਆ ਗਿਆ ਹੈ | ਤਿਵਾੜੀ 1990 ਬੈਂਚ ਦੇ ਅਧਿਕਾਰੀ ਹਨ ਜਦਕਿ ਵਿਸ਼ੇਸ਼ ਮੁੱਖ ਸਕੱਤਰ ਬਣਾਏ ਗਏ ਰਵਨੀਤ ਕੌਰ ਤੇ ਸੰਜੇ ਕੁਮਾਰ 1988 ਅਤੇ ਵੀ.ਕੇ. ਜੰਜੂਆ ਤੇ ਕ੍ਰਿਪਾ ਸ਼ੰਕਰ ਸਰੋਜ 1989 ਬੈਚ ਦੇ ਅਧਿਕਾਰੀ ਹਨ |