ਭਾਰਤ ਸਰਕਾਰ ਸਿੱਖ ਮਸਲਿਆਂ ਪ੍ਰਤੀ ਗੰਭੀਰ ਨਹੀਂ : ਬੀਬੀ ਜਗੀਰ ਕੌਰ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ ਸਰਕਾਰ ਸਿੱਖ ਮਸਲਿਆਂ ਪ੍ਰਤੀ ਗੰਭੀਰ ਨਹੀਂ : ਬੀਬੀ ਜਗੀਰ ਕੌਰ

image

ਅੰਮ੍ਰਿਤਸਰ, 23 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਰਤ ਸਰਕਾਰ ਸਿੱਖ ਮਸਲਿਆਂ ’ਤੇ ਉਦਾਸੀਨਤਾ ਵਿਖਾ ਰਹੀ ਹੈ।
ਬੀਬੀ ਜਗੀਰ ਕੌਰ ਨੇ ਆਖਿਆ ਕਿ ਲੋਕਲ ਪ੍ਰਬੰਧ ਵਾਲੇ 30 ਤੋਂ ਵੱਧ ਇਤਿਹਾਸਕ ਗੁਰਦੁਆਰਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਸਿੱਧੇ ਪ੍ਰਬੰਧ ਹੇਠ ਲਿਆਉਣ ਲਈ ਸਿੱਖ ਗੁਰਦੁਆਰਾ ਐਕਟ ਅਨੁਸਾਰ ਭਾਰਤ ਸਰਕਾਰ ਨੂੰ ਕਈ ਵਾਰ ਲਿਖਿਆ ਜਾ ਚੁੱਕਾ ਹੈ, ਪਰ ਦੁੱਖ ਦੀ ਗੱਲ ਹੈ ਕਿ ਸਰਕਾਰ ਇਸ ’ਤੇ ਕੋਈ ਵੀ ਹੁੰਗਾਰਾ ਨਹੀਂ ਭਰ ਰਹੀ। ਭਾਰਤ ਸਰਕਾਰ ਸਿੱਖ ਮਸਲਿਆਂ ਪ੍ਰਤੀ ਗੰਭੀਰ ਹੀ ਨਹੀਂ ਹੈ। ਅੰਤਿ੍ਰੰਗ ਕਮੇਟੀ ਨੇ ਇਸ ਮਾਮਲੇ ’ਤੇ ਸੰਜੀਦਾ ਵਿਚਾਰ ਮਗਰੋਂ ਭਾਰਤ ਦੇ ਗ੍ਰਹਿ ਮੰਤਰੀ ਨੂੰ ਮਿਲਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧ ਵਿਚ ਸਮਾਂ ਮਿਲਣ ’ਤੇ ਸ਼੍ਰੋਮਣੀ ਕਮੇਟੀ ਦਾ ਵਫ਼ਦ ਦਿੱਲੀ ਜਾਵੇਗਾ। ਭਾਰਤ ਸਰਕਾਰ ਦੇ ਇਸ ਬੇਰੁਖੀ ਵਾਲੇ ਰਵਈਏ ਤਹਿਤ ਹੀ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਵੀ ਸਮੇਂ ਸਿਰ ਨਹੀਂ ਕਰਵਾਈਆਂ ਜਾਂਦੀਆਂ। ਬੀਬੀ ਜਗੀਰ ਕੌਰ ਨੇ ਦਿੱਲੀ ਵਿਖੇ ਕਿਸਾਨ ਸੰਘਰਸ਼ ਦੀ ਹਮਾਇਤ ’ਤੇ ਗਏ ਸਿੱਖਾਂ ਦੇ ਕੇਸਾਂ ਅਤੇ ਸਿੱਖੀ ਸਰੂਪ ਦੀ ਬੇਅਦਬੀ ਦੇ ਮਾਮਲੇ ’ਤੇ ਵੀ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ। ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਜਿਹੜੇ ਲੋਕ ਅਜਿਹੀਆਂ ਘਟੀਆਂ ਹਰਕਤਾਂ ਕਰ ਕੇ ਕਿਸਾਨ ਸੰਘਰਸ਼ ਨੂੰ ਢਾਹ ਲਗਾ ਰਹੇ ਹਨ, ਉਨ੍ਹਾਂ ਬਾਰੇ ਪ੍ਰਤੀਕਰਮ ਜ਼ਰੂਰ ਦੇਣ। ਜਿਹੜੇ ਵੀ ਲੋਕ ਇਸ ਦੇ ਦੋਸ਼ੀ ਹਨ, ਉਨ੍ਹਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਅਕਾਲ ਤਖ਼ਤ ਸਾਹਿਬ ਦੀ ਬੇਸਮੈਂਟ ’ਚ ਮੌਜੂਦ ਛੇਵੇਂ ਪਾਤਸ਼ਾਹ ਜੀ ਦਾ ਇਤਿਹਾਸਕ ਖੂਹ ਵੀ ਸੰਗਤ ਦੇ ਦਰਸ਼ਨਾਂ ਲਈ ਜਲਦ ਖੋਲ੍ਹਿਆ ਜਾਵੇਗਾ।