ਝੀਂਡਾ ਨੂੰ ਕਰਨਾਲ ’ਚ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਪ੍ਰੈਸ ਕਾਨਫ਼ਰੰਸ ਕਰਨ ਤੋਂ ਰੋਕਿਆ

ਏਜੰਸੀ

ਖ਼ਬਰਾਂ, ਪੰਜਾਬ

ਝੀਂਡਾ ਨੂੰ ਕਰਨਾਲ ’ਚ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਪ੍ਰੈਸ ਕਾਨਫ਼ਰੰਸ ਕਰਨ ਤੋਂ ਰੋਕਿਆ

image

ਜਗਦੀਸ਼ ਸਿੰਘ ਝੀਂਡਾ ਨੂੰ ਗੁਰਦਵਾਰਾ ਸਾਹਿਬ ਤੋਂ ਬਾਹਰ ਕੱਢ ਕੇ ਕੀਤਾ ਗੇਟ ਬੰਦ

ਕਰਨਾਲ, 23 ਸਤੰਬਰ (ਪਲਵਿੰਦਰ ਸਿੰਘ ਸੱਗੂ): ਅੱਜ ਕਰਨਾਲ ਵਿਖੇ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵਲੋਂ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਪ੍ਰੈਸ ਵਾਰਤਾ ਬੁਲਾਈ ਗਈ ਸੀ, ਤੈਅ ਸਮੇਂ ’ਤੇ ਜਗਦੀਸ ਸਿੰਘ ਝੀਂਡਾ ਗੁਰਦੁਆਰਾ ਡੇਰਾ ਕਾਰ ਸੇਵਾ ਕਰਨਾਲ ਵਿਖੇ ਪਹੁੰਚੇ ਤਾਂ ਗੁਰਦੁਆਰਾ ਸਾਹਿਬ ਸੇਵਾਦਾਰ ਗੁਰਸੇਵਕ ਸਿੰਘ ਅਤੇ ਜਸਵਿੰਦਰ ਸਿੰਘ ਬਿੱਲਾ ਨੇ ਝੀਂਡਾ ਨੂੰ ਪ੍ਰੈਸ ਵਾਰਤਾ ਕਰਨ ਤੋਂ ਰੋਕ ਦਿਤਾ ਅਤੇ ਕਿਹਾ ਕਿ ਕਿਸਾਨਾਂ ਵਿਰੁਧ ਗੁਰਦੁਆਰਾ ਸਾਹਿਬ ਵਿਚ ਕਿਸੇ ਨੂੰ ਵੀ ਪ੍ਰੈਸ ਵਾਰਤਾ ਜਾਂ ਮੀਟਿੰਗ ਕਰਨ ਦੀ ਇਜਾਜ਼ਤ ਨਹੀਂ ਹੈ ਜਿਸ ਤੋਂ ਬਾਅਦ ਜਗਦੀਸ ਸਿੰਘ ਝੀਂਡਾ ਤੈਸ ਵਿਚ ਆ ਗਏ ਅਤੇ ਗੁਰਦੁਆਰੇ ਦੇ ਪ੍ਰਬੰਧਕ ਬਾਬਾ ਸੁੱਖਾ ਸਿੰਘ ਕਾਰ ਸੇਵਾ ਵਾਲਿਆਂ ਵਿਰੁਧ ਅਪਸਸ਼ਦ ਬੋਲੇ ਅਤੇ ਕਿਹਾ,‘‘ਬਾਬਾ ਸੁੱਖਾ ਸਿੰਘ ਨੂੰ ਕਹਿ ਦੇਣਾ ਕਿ ਮੇਰੇ ਇਲਾਕੇ ਵਿਚ ਉਗਰਾਹੀ ਕਰਨ ਨਾ ਆਉਣਾ ਮੈਂ ਅਪਣੇ ਇਲਾਕੇ ਵਿਚ ਬਾਬਾ ਸੁੱਖਾ ਸਿੰਘ ਨੂੰ ਵੜਨ ਨਹੀਂ ਦਿਆਂਗਾ।’’ 
ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਸਾਡਾ ਹੈ ਅਸੀਂ ਗੁਰਦੁਆਰਾ ਸਾਹਿਬ ਬਣਾਇਆ ਹੈ। ਬਾਬਾ ਸੁੱਖਾ ਸਿੰਘ ਇਸ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰ ਕੇ ਬੈਠ ਗਿਆ ਹੈ ਜਿਸ ਤੋਂ ਬਾਅਦ ਸੇਵਾਦਾਰਾਂ ਨੇ ਜਗਦੀਸ਼ ਸਿੰਘ ਝੀਂਡਾ ਨੂੰ ਗੁਰਦਵਾਰਾ ਸਾਹਿਬ ਤੋਂ ਬਾਹਰ ਕੱਢ ਕੇ ਮੇਨ ਗੇਟ ਬੰਦ ਕਰ ਦਿਤਾ ਤਾਂ ਜਗਦੀਸ਼ ਝੀਂਡਾ ਨੇ ਗੁਰਦੁਆਰਾ ਸਾਹਿਬ ਦੇ ਗੇਟ ਦੇ ਬਾਹਰ ਹੀ ਗੁੱਸੇ ਵਿਚ ਆ ਕੇ ਪ੍ਰੈਸ ਵਾਰਤਾ ਕਰਦੇ ਹੋਏ ਪੱਤਰਕਾਰਾਂ ਨਾਲ ਅਪਣੀ ਗੱਲ ਕਹੀ ਅਤੇ ਕਿਹਾ,‘‘ਗੁਰਨਾਮ ਸਿੰਘ ਚਡੂਨੀ ਝੂਠਾ ਅਤੇ ਬੇਈਮਾਨ ਹੈ ਅਤੇ ਕਿਸਾਨਾਂ ਦੇ ਸਿਰ ’ਤੇ ਰਾਜਨੀਤੀ ਕਰ ਰਿਹਾ ਹੈ। ਆਉਣ ਵਾਲੇ ਸਮੇਂ ਮੈਂ ਚਡੂਨੀ ਦੀ ਪੋਲ ਖੋਲ੍ਹ ਦਿਆਂਗਾ।’’ ਝੀਂਡਾ ਨੇ ਕਿਹਾ,‘‘ਕਰਨਾਲ ਕਿਸਾਨਾਂ ਨੇ ਜੋ ਮੋਰਚਾ ਲਾਇਆ ਸੀ ਅਤੇ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਲੜਨ ਦੀ ਕਿਸਾਨਾਂ ਵਲੋਂ ਗੱਲ ਕੀਤੀ ਜਾ ਰਹੀ ਸੀ ਜਿਸ ਨੂੰ ਵੇਖ ਕੇ ਮੈਂ ਕਿਸਾਨਾਂ ਅਤੇ ਸਰਕਾਰ ਨਾਲ ਗੱਲਬਾਤ ਕਰ ਕੇ ਕਿਸਾਨਾਂ ਦਾ ਸਰਕਾਰ ਨਾਲ ਸਮਝੌਤਾ ਕਰਵਾਇਆ। ਜੇਕਰ ਸਮਝੌਤਾ ਨਾ ਹੁੰਦਾ ਤਾਂ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਜਾਣਾ ਸੀ ਕਿਉਂਕਿ ਕਿਸਾਨ ਵੀ ਜਜ਼ਬੇ ਅਤੇ ਜੋਸ਼ ਨਾਲ ਭਰੇ ਹੋਏ ਸਨ ਅਤੇ ਸਰਕਾਰ ਵੀ ਪਿੱਛੇ ਹੱਟਣ ਨੂੰ ਤਿਆਰ ਨਹੀਂ ਸੀ। ਜੇਕਰ ਟਕਰਾਅ ਹੋ ਜਾਂਦਾ ਹੈ ਤਾਂ ਕਿਸਾਨਾਂ ਦਾ ਬਹੁਤ ਨੁਕਸਾਨ ਹੋਣਾ ਸੀ ਇਸ ਲਈ ਮੈਂ ਅੱਗੇ ਆ ਕੇ ਇਹ ਸਮਝੌਤਾ ਕਰਵਾਇਆ ਹੈ। ਮੇਰੀ ਲੜਾਈ ਸਿਰਫ਼ ਗੁਰਨਾਮ ਸਿੰਘ ਚਡੂਨੀ ਨਾਲ ਹੈ ਨਾ ਕਿ ਕਿਸਾਨਾਂ ਨਾਲ।’’ 
ਉਨ੍ਹਾਂ ਕਿਹਾ,‘‘ਮੈਂ ਕਿਸਾਨਾਂ ਨਾਲ ਹਮੇਸ਼ਾ ਖੜਾ ਹਾਂ ਖੜਾ ਰਹਾਂਗਾ। ਸਾਂਝਾ ਕਿਸਾਨ ਮੋਰਚੇ ਦੇ ਲੀਡਰਾਂ ਦੇ  ਕਹੇ ਤੇ ਮੈਂ ਅਪਣਾ ਸਿਰ ਦੇਣ ਨੂੰ ਵੀ ਤਿਆਰ ਹਾਂ ਪਰ ਗੁਰਨਾਮ ਸਿੰਘ ਚਡੂਨੀ ਨੂੰ ਮੇਰੀ ਸਿੱਧੀ ਲਲਕਾਰ ਹੈ। ਮੈਂ ਚਡੂਨੀ ਨੂੰ ਕਿਸਾਨਾਂ ਦੇ ਸਿਰ ਤੇ ਰਾਜਨੀਤੀ ਨਹੀਂ ਕਰਨ ਦਿਆਂਗਾ।’’