ਦੋ ਮਹੀਨੇ ਤੋਂ ਖਾਲੀ ਪਿਆ PPSC ਚੇਅਰਮੈਨ ਦਾ ਅਹੁਦਾ, ਨੌਕਰੀ ਲਈ ਲਾਇਨ 'ਚ ਲੱਗੇ ਨੌਜਵਾਨ ਨਿਰਾਸ਼: ਮੀਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

-ਪੀ.ਪੀ.ਐਸ.ਸੀ ਦਾ ਕੰਮਕਾਜ ਠੱਪ, ਸਫ਼ਲ ਉਮੀਦਵਾਰਾਂ ਸਮੇਤ ਇੱਕ ਲੱਖ ਤੋਂ ਜ਼ਿਆਦਾ ਬਿਨੈਕਾਰਾਂ ਦਾ ਭਵਿੱਖ ਹੋਇਆ ਧੁੰਦਲਾ

Meet Hayer

 

ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਿਛਲੇ ਦੋ ਮਹੀਨਿਆਂ ਤੋਂ ਜ਼ਿਆਦਾ ਸਮਾਂ ਤੋਂ ਖਾਲੀ ਪਏ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ) ਦੇ ਚੇਅਰਮੈਨ ਦਾ ਅਹੁਦਾ ਨਾ ਭਰਨ ’ਤੇ ਸੱਤਾਧਾਰੀ ਕਾਂਗਰਸ ਦੀ ਸਖ਼ਤ ਅਲੋਚਨਾ ਕੀਤੀ ਹੈ। ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਵਿਧਾਇਕ ਅਤੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਪੀ.ਪੀ.ਐਸ.ਸੀ  ਚੇਅਰਮੈਨ ਦੇ ਖਾਲੀ ਪਏ ਅਹੁਦੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਦਿਆਂ ਦੋਸ਼ ਲਾਇਆ ਕਿ ਸਰਕਾਰ ਇਸ ਖਾਲੀ ਅਹੁਦੇ ਨੂੰ ਨਾ ਭਰ ਕੇ ਉਨ੍ਹਾਂ ਲੱਖਾਂ ਪ੍ਰਤਭਾਸ਼ਾਲੀ ਨੌਜਵਾਨਾਂ ਨਾਲ ਧੋਖ਼ਾ ਕਰ ਰਹੀ ਹੈ, ਜੋ ਹਰ ਰੋਜ਼ ਨੌਕਰੀ ਪਾਉਣ ਦੀ ਉਮਰ ਸੀਮਾ (ਓਵਰਏਜ਼) ਪਾਰ ਕਰ ਰਹੇ ਹਨ

ਪਰ ਉਚ ਅਧਿਕਾਰੀ ਬਣ ਕੇ ਪੰਜਾਬ ਨੂੰ ਤਰੱਕੀ ਦੇ ਰਾਹ ’ਤੇ ਪਾਉਣ ਦੀ ਇੱਛਾ ਰੱਖਦੇ ਹਨ। ਵਿਧਾਇਕ ਮੀਤ ਹੇਅਰ ਨੇ ਕਿ ਚੇਅਰਮੈਨ ਦੀ ਨਿਯੁਕਤੀ ਨਾ ਹੋਣ ਨਾਲ ਪੀ.ਪੀ.ਐਸ.ਸੀ ਦਾ ਕੰਮਕਾਮ ਠੱਪ ਹੋ ਕੇ ਰਹਿ ਗਿਆ ਹੈ, ਜਿਸ ਕਾਰਨ ਪੰਜਾਬ ਸਿਵਿਲ ਸੇਵਾਵਾਂ ਵਿੱਚ ਸਫ਼ਲ ਉਮੀਦਵਾਰਾਂ ਤੋਂ ਇਲਾਵਾ ਵੱਖ ਵੱਖ ਅਹੁਦਿਆਂ ਲਈ ਇੱਕ ਲੱਖ ਤੋਂ ਜ਼ਿਆਦਾ ਬਿਨੈਕਾਰਾਂ ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਚੇਅਰਮੈਨ ਨਾ ਹੋਣ ਕਾਰਨ, ਸਾਰੀਆਂ ਪ੍ਰੀਖਿਆਵਾਂ ਅਤੇ ਇੰਟਰਵਿਊ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਅਹੁਦਾ 16 ਜੁਲਾਈ ਤੋਂ ਖਾਲੀ ਪਿਆ ਹੈ, ਜਦੋਂ ਤੋਂ ਪੀ.ਪੀ.ਐਸ.ਸੀ ਦੇ ਪਿਛਲੇ ਚੇਅਰਮੈਨ ਨੇ ਆਪਣਾ ਕਾਰਜਕਾਲ ਪੂਰਾ ਕਰਕੇ ਅਹੁਦਾ ਛੱਡ ਦਿਤਾ ਸੀ। 

ਮੀਤ ਹੇਅਰ ਨੇ ਕਿਹਾ ਸੱਤਾਧਾਰੀ ਕਾਂਗਰਸ ਨੇ ਲੰਮੇਂ ਸਮੇਂ ਤੋਂ ਯੋਗਤਾ ਦੇ ਆਧਾਰ ’ਤੇ ਨਿਯੁਕਤੀਆਂ ਨਹੀਂ ਕੀਤੀਆਂ, ਜਿਸ ਕਾਰਨ ਸੂਬੇ ਦੇ ਹਜ਼ਾਰਾਂ ਯੋਗ ਨੌਜਵਾਨ ਹਰ ਦਿਨ ਨੌਕਰੀਆਂ ਲਈ ਨਿਰਧਾਰਤ ਉਮਰ ਸੀਮਾ ਪਾਰ ਕਰ ਰਹੇ ਹਨ। ਤਿੰਨ ਮਹੀਨੇ ਤੋਂ ਜ਼ਿਆਦਾ ਸਮਾਂ ਹੋਣ ਦੇ ਬਾਵਜੂਦ ਸਫ਼ਲ ਪੀ.ਪੀ.ਐਸ. ਸੀ ਉਮੀਦਵਾਰ ਨੌਕਰੀਆਂ ਮਿਲਣ ਦਾ ਇੰਤਜਾਰ ਕਰ ਰਹੇ ਹਨ, ਜਿਸ ਕਾਰਨ ਉਹ ਨਿਰਾਸ਼ ਹੋ ਰਹੇ ਹਨ। ਉਥੇ ਹੀ ਦੂਜੇ ਪਾਸੇ ਲੱਖਾਂ ਬਿਨੈਕਾਰ ਜੂਨੀਅਰ ਇੰਜੀਨੀਅਰ, ਪਸ਼ੂ ਪਾਲਣ ਅਧਿਕਾਰੀ, ਸਕੂਲ ਪ੍ਰਿੰਸੀਪਲ, ਸਹਾਇਕ ਪ੍ਰੋਫ਼ੈਸਰ ਅਤੇ ਹੋਰ ਅਹੁਦਿਆਂ ਲਈ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਇੰਤਜ਼ਾਰ ਕਰ ਰਹੇ ਹਨ, ਜਿਨਾਂ ਲਈ ਪੀ.ਪੀ.ਐਸ.ਸੀ ਨੇ ਭਰਤੀ ਇਸ਼ਤਿਹਾਰ ਜਾਰੀ ਕੀਤਾ ਸੀ।

ਐਨਾ ਹੀ ਨਹੀਂ ਉਪ ਮੰਡਲ ਅਧਿਕਾਰੀ (ਐਸ.ਡੀ.ਓ) ਦੇ ਅਹੁਦਿਆਂ ਲਈ ਲਿਖਤ ਪ੍ਰੀਖਿਆ ਪਹਿਲਾਂ ਹੋ ਚੁੱਕੀ, ਪਰ ਇੰਟਰਵਿਊ ਅੱਜ ਤੱਕ ਨਹੀਂ ਹੋਈ। ਇਸ ਦੇ ਨਾਲ ਹੀ ਨਾਇਬ ਤਹਿਸੀਲਦਾਰ ਦੇ ਅਹੁਦਿਆਂ ਲਈ ਕਰੀਬ 80 ਹਜ਼ਾਰ ਬਿਨੈਕਾਰਾਂ ਨੇ ਦਰਖ਼ਾਸਤਾਂ ਦਿੱਤੀਆਂ ਹਨ। ਮੀਤ ਹੇਅਰ ਨੇ ਕਿਹਾ, ‘‘ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਪ੍ਰਤਭਾਸ਼ਾਲੀ ਨੌਜਵਾਨਾਂ ਨੂੰ ਪਿੱਛੇ ਧੱਕਣ ਦੇ ਕੀ ਕਾਰਨ ਹਨ। ਕੀ ਇਹ ਕਾਂਗਰਸ ਦਾ ਘਰ ਘਰ ਰੋਜ਼ਗਾਰ ਦੇਣ ਦੇ ਵਾਅਦੇ ਤੋਂ ਮੁਕਰਨ ਦਾ ਇੱਕ ਹੋਰ ਯਤਨ ਨਹੀਂ ਹੈ।’

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਨਵਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਪਿਛਲੀ ਕੈਪਟਨ ਸਰਕਾਰ ਦੇ ਸੁਸਤ ਰਵਈਏ ਨੂੰ ਨਾ ਅਪਣਾਵੇ ਅਤੇ ਪੰਜਾਬ ਦੇ ਸਾਰੇ ਮਹੱਤਵਪੂਰਨ ਮਾਮਲਿਆਂ ’ਤੇ ਤੁਰੰਤ ਕਾਰਵਾਈ ਕਰੇ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਪੀ.ਪੀ.ਐਸ.ਸੀ ਦੇ ਚੇਅਰਮੈਨ ਦੇ ਅਹੁਦੇ ਦੀ ਜ਼ਿੰਮੇਵਾਰੀ ਕਿਸੇ ਇਮਾਨਦਾਰ ਅਤੇ ਯੋਗ ਵਿਅਕਤੀ ਨੂੰ ਦਿੱਤੀ ਜਾਵੇ। ‘ਆਪ’ ਵਿਧਾਇਕ ਨੇ ਇਹ ਵੀ ਮੰਗ ਕੀਤੀ ਕਿ ਚੇਅਰਮੈਨ ਦਾ ਅਹੁਦਾ ਲੰਮੇ ਸਮੇਂ ਤੋਂ ਖਾਲੀ ਹੋਣ ਕਾਰਨ ਜਿਨ੍ਹਾਂ ਨੌਜਵਾਨਾਂ ਦੀ ਉਮਰ ਨੌਕਰੀ ਲਈ ਨਿਰਧਾਰਤ ਉਮਰ ਸੀਮਾ ਤੋਂ ਜ਼ਿਆਦਾ ਹੋ ਚੁੱਕੀ ਹੈ

 ਉਨ੍ਹਾਂ ਨੂੰ ਵਿਸ਼ੇਸ਼ ਛੋਟ ਦਿੱਤੀ ਜਾਵੇ, ਤਾਂ ਜੋ ਪੰਜਾਬ ਦਾ ਯੋਗ ਨੌਜਵਾਨ ਆਪਣੀ ਯੋਗਤਾ ਨਾਲ ਸੂਬੇ ਨੂੰ ਵਿਕਾਸ ਦੀਆਂ ਨਵੀਆਂ ਰਾਹਾਂ ’ਤੇ ਲੈ ਕੇ ਜਾ ਸਕੇ। 
ਮੀਤ ਹੇਅਰ ਨੇ ਕਿਹਾ ਕਿ ਨਵਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੀ.ਪੀ.ਐਸ.ਸੀ ਚੇਅਰਮੈਨ ਦੀ ਨਿਯੁਕਤੀ ਦੀ ਪ੍ਰੀਕਿਰਿਆ ਵਿੱਚ ਤੇਜੀ ਲਿਆਉਣ ਅਤੇ ਸਾਰੇ ਨਿਯਮ ਕਾਨੂੰਨਾਂ ਦਾ ਪਾਲਣ ਕਰਦੇ ਹੋਏ ਯੋਗਤਾ ਦੇ ਆਧਾਰ ’ਤੇ ਇਸ ਅਹੁਦੇ ਦੀ ਜ਼ਿੰਮੇਵਾਰੀ ਯੋਗ ਵਿਅਕਤੀ ਨੂੰ ਦੇਣ।