ਰੁਜ਼ਗਾਰ ਦੇ ਨਾਂ 'ਤੇ ਬੇਰੁਜ਼ਗਾਰਾਂ ਨਾਲ ਹੋ ਰਿਹਾ ਹੈ ਭੱਦਾ ਮਜ਼ਾਕ- ਦਿਨੇਸ਼ ਚੱਢਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੌਕਰੀਆਂ ਬਾਰੇ ਸਰਕਾਰੀ ਫਰਜ਼ੀਵਾੜਾ ਹੈ ਵੈੱਬਸਾਈਟ ਤੇ ਪੋਰਟਲ- 'ਆਪ'

Dinesh Chadha

 

ਚੰਡੀਗੜ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੱਤਾਧਾਰੀ ਕਾਂਗਰਸ ਵੱਲੋਂ 'ਘਰ ਘਰ ਰੁਜ਼ਗਾਰ' ਪ੍ਰੋਗਰਾਮ ਰਾਹੀਂ ਸੂਬੇ ਦੇ ਢਾਈ (2.5) ਲੱਖ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੇ ਜਾਣ ਦੇ ਦਾਅਵੇ ਦੀ ਅੰਕੜੇ ਅਤੇ ਤੱਥ ਪੇਸ਼ ਕਰਦਿਆਂ ਪੂਰੀ ਤਰਾਂ ਹਵਾ ਕੱਢ ਦਿੱਤੀ। ਦੋਸ਼ ਲਾਇਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਨਾ ਕੇਵਲ ਪੰਜਾਬ ਦੇ ਬੇਰੁਜ਼ਗਾਰਾਂ ਦਾ ਮਜ਼ਾਕ ਬਣਾ ਰਹੀ ਹੈ, ਸਗੋਂ ਫ਼ਰਜ਼ੀ ਅੰਕੜਿਆਂ ਨਾਲ ਧੋਖਾਧੜੀ ਵੀ ਕਰ ਰਹੀ ਹੈ। 'ਆਪ' ਨੇ ਲੰਘੇ ਕੱਲ ਕਪੂਰਥਲਾ ਵਿੱਚ 'ਘਰ ਘਰ ਰੁਜ਼ਗਾਰ' ਪ੍ਰੋਗਰਾਮ ਰਾਹੀਂ 'ਨੌਕਰੀਆਂ' ਵੰਡ ਕੇ ਆਏ ਨਵਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ 'ਤੇ ਕੈਪਟਨ ਅਮਰਿੰਦਰ ਸਿੰਘ ਵਾਲੇ ਰਾਹ 'ਤੇ ਤੁਰਨ ਦਾ ਦੋਸ਼ ਲਾਇਆ।

 

 

ਸ਼ੁੱਕਰਵਾਰ ਨੂੰ ਇੱਥੇ ਪਾਰਟੀ ਮੁੱਖ ਦਫ਼ਤਰ 'ਤੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਆਰ.ਟੀ.ਆਈ ਕਾਰਕੁੰਨ ਅਤੇ ਪਾਰਟੀ ਦੇ ਬੁਲਾਰੇ ਐਡਵੋਕੇਟ ਦਿਨੇਸ਼ ਚੱਢਾ, ਨੀਲ ਗਰਗ ਅਤੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਮੁੱਖ ਮੰਤਰੀ ਚੰਨੀ ਨੇ ਕਪੂਰਥਲਾ ਵਿੱਚ ਨੌਕਰੀਆਂ ਦੇ ਪੱਤਰ ਵੰਡੇ ਹਨ, ਪਰ ਇਨਾਂ ਨੌਕਰੀਆਂ ਦੇ ਨਾਂਅ 'ਤੇ ਨੌਜਵਾਨਾਂ ਨਾਲ ਇਹ ਭੱਦਾ ਮਜ਼ਾਕ ਕੀਤਾ ਗਿਆ ਹੈ। ਇਨਾਂ ਨੌਕਰੀਆਂ ਵਿੱਚ 30 ਹਜ਼ਾਰ ਬੀਮਾ ਏਜੰਟ, 50 ਹਜ਼ਾਰ ਵਿਕਰੇਤਾ,  5 ਹਜ਼ਾਰ ਡਿਲਿਵਰੀ ਬੁਆਏ (ਜਾਬ ਫਾਰਮ ਭਰਨਾ), 5 ਹਜ਼ਾਰ ਡਾਟਾ ਐਂਟਰੀ ਓਪਰੇਟਰ, 6 ਹਜ਼ਾਰ ਟੈਲੀਕਾਲਰ, 9 ਹਜ਼ਾਰ ਸੁਰੱਖਿਆ ਗਾਰਡ ਅਤੇ 10 ਹਜ਼ਾਰ ਅਹੁਦਿਆਂ  ਲਈ ਪੇਂਟਰ, ਵੈਲਡਰ, ਗਾਰਡਨਰ, ਚੌਕੀਦਾਰ ਅਤੇ ਇਸੇ ਤਰਾਂ ਦੀਆਂ ਹੋਰ ਨੌਕਰੀਆਂ ਸ਼ਾਮਲ ਹਨ। ਉਨਾਂ ਕਿਹਾ ਇਸ ਤਰਾਂ ਦੀਆਂ ਨੌਕਰੀਆਂ ਲਈ ਪੰਜਾਬ ਦੇ ਨੌਜਵਾਨਾਂ ਕੋਲ ਆਪਣੇ ਪੱਧਰ 'ਤੇ ਹੀ ਕੋਈ ਘਾਟ ਨਹੀਂ ਹੈ, ਤਾਂ ਸਰਕਾਰ ਨੇ ਕੀ ਰਾਹਤ ਪ੍ਰਦਾਨ ਕੀਤੀ ਹੈ?

 

 

ਉਨਾਂ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿਚ ਘਰ-ਘਰ ਰੋਜ਼ਗਾਰ ਦੇ ਤਹਿਤ 50 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਪਰੰਤੂ ਹੁਣ 2.5 ਲੱਖ ਰੋਜ਼ਗਾਰ ਦੇਣ ਦਾ ਦਾਅਵਾ ਵੀ ਠੀਕ ਨਹੀਂ ਹੈ । ਇਸ ਵਿੱਚ ਡੇਢ ਲੱਖ ਨੌਕਰੀਆਂ ਤਾਂ ਮਜ਼ਦੂਰੀ ਦੇ ਕੰਮ ਦੀਆਂ ਹਨ। ਇਹਨਾਂ ਵਿੱਚ ਮਕੈਨਿਕ,  ਸਫ਼ਾਈ ਕਰਮੀਂ, ਹੈਲਪਰ, ਘਰੇਲੂ ਨੌਕਰ, ਚੌਕੀਦਾਰ, ਵਾਸ਼ਮੇਨ  (ਕਾਰ ਧੋਣੇ  ਲਈ) ਸਮੇਤ ਇਸ ਪ੍ਰਕਾਰ ਦੀ ਹੋਰ ਨੌਕਰੀਆਂ ਸ਼ਾਮਲ ਹਨ ।

 

 

ਦਿਨੇਸ਼ ਚੱਢਾ ਨੇ ਦਲੀਲ ਦਿੱਤੀ ਕਿ ਜਦੋਂ ਕਾਂਗਰਸ ਸਰਕਾਰ ਆਪਣੇ ਵਿਧਾਇਕਾਂ, ਮੰਤਰੀਆਂ ਅਤੇ ਹੋਰ ਆਗੂਆਂ ਦੇ ਬੇਟੇ- ਬੇਟੀਆਂ ਅਤੇ ਦਾਮਾਦਾਂ ਨੂੰ ਤਹਿਸੀਲਦਾਰ, ਐਕਸਾਈਜ਼ ਇੰਸਪੈਕਟਰ ਅਤੇ ਹੋਰ ਅਹੁਦਿਆਂ ਉੱਤੇ ਵਿਸ਼ੇਸ਼ ਤਰਸ ਦੇ ਆਧਾਰ ਉੱਤੇ ਬਿਠਾ ਰਹੀ ਹੈ ਤਾਂ ਫਿਰ ਆਮ ਘਰਾਂ ਦੇ ਨੌਜਵਾਨਾਂ ਨਾਲ ਮਜ਼ਾਕ ਕਿਉਂ ਕੀਤਾ ਜਾ ਰਿਹਾ ਹੈ ? ਦਿਨੇਸ਼ ਚੱਢਾ ਨੇ ਪੰਜਾਬ ਸਰਕਾਰ ਦੇ ਸਰਕਾਰੀ ਪੋਰਟਲ ਅਤੇ ਵੈੱਬਸਾਈਟ 'ਤੇ ਰੋਜ਼ਗਾਰ ਨਾਲ ਸੰਬੰਧਿਤ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਗਈਆਂ ਹਨ, ਸਬੂਤਾਂ ਨਾਲ ਸਰਕਾਰ ਦੀ ਪੋਲ ਖੋਲਦੀਆਂ।

 

 

 

ਇਨਾਂ ਨੌਕਰੀਆਂ ਲਈ ਨੌਜਵਾਨਾਂ ਨੂੰ ਦੱਸੀਆਂ ਨੌਕਰੀਆਂ ਫ਼ਿਰੋਜ਼ਪੁਰ ਦੇ ਹੋਟਲ ਰਾਇਲ ਪਲਾਜ਼ਾ ਅਤੇ ਵੱਖ ਵੱਖ ਬਿਊਟੀ ਪਾਰਲਰ ਵਿੱਚ ਲੋਕਾਂ ਦੀ ਜ਼ਰੂਰਤ ਹੋਣ ਦੀ ਜਾਣਕਾਰੀ ਸ਼ਾਮਲ ਹੈ। ਫਗਵਾੜਾ ਦੀ 'ਕੁਲਥਮ' ਹੱਟੀ ਵਿੱਚ ਝਾੜੂ ਲਾਉਣ ਵਾਲੇ ਦੀ ਜ਼ਰੂਰਤ ਹੋਣ ਦੀ ਨੌਕਰੀ ਵੀ ਸ਼ਾਮਲ ਹੈ। ਇੱਥੋਂ ਤੱਕ ਕਿ ਪੰਜਾਬ ਸਰਕਾਰ ਦੀ ਵੈੱਬਸਾਈਟ 'ਤੇ ਵੱਖ ਵੱਖ ਫ਼ਰਮਾਂ ਤੋਂ ਇਲਾਵਾ ਵਿਅਕਤੀਗਤ ਨਾਂਅ ਵੀ ਪੇਸ਼ ਹੈ। ਇਨਾਂ ਵਿੱਚ ਗਰੈਜੂਏਟ ਹੋਣ ਦੀ ਸ਼ਰਤ ਨਾਲ ਰਾਘਵ ਭੱਲਾ ਅਤੇ ਬੌਬੀ ਨੂੰ ਦੋ ਕਲਰਕਾਂ ਦੀ ਲੋੜ ਦੱਸੀ ਗਈ ਹੈ। ਗਰੈਜੂਏਟ ਦੀ ਸ਼ਰਤ ਦੇ ਨਾਲ ਹੀ ਖ਼ਾਨਸਾਮੇ ਦੀ ਨੌਕਰੀ ਵੀ ਸ਼ਾਮਲ ਹੈ।

 

ਦਿਨੇਸ਼ ਚੱਢਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਨੌਕਰੀਆਂ ਦੀ ਸੰਖਿਆ ਪੰਜਾਬ ਸਰਕਾਰ ਨੇ ਆਪਣੀ ਵੈੱਬਸਾਈਟ ਅਤੇ ਪੋਰਟਲ ਉੱਤੇ ਜਾਰੀ ਕੀਤਾ ਹੈ ਤਾਂ ਨੌਕਰੀਆਂ ਹਾਸਿਲ ਕਰਨ ਵਾਲੇ ਨੌਜਵਾਨਾਂ ਦੇ ਨਾਮ-ਪਤਾ ਵੀ ਵੈੱਬਸਾਈਟ ਉੱਤੇ ਅੱਪਲੋਡ ਕੀਤੇ ਜਾਵੇ। ਦਿਨੇਸ਼ ਚੱਢਾ ਨੇ ਜਾਲੀ ਆਂਕੜੇ ਤਿਆਰ ਕਰਨ ਵਾਲਿਆਂ ਉੱਤੇ ਕਾਰਵਾਈ ਕਰਨ ਅਤੇ ਰੋਜ਼ਗਾਰ ਨੀਤੀ ਨੂੰ ਨੌਜਵਾਨਾਂ ਨਾਲ ਸਾਂਝੀ ਕਰਨ ਦੀ ਮੰਗ ਕੀਤੀ। ਉਨਾਂ ਨੇ ਕਿਹਾ ਕਿ ਚੰਨੀ ਵੱਲੋਂ ਕੁੱਝ ਭਲਾਈ ਕਰਨ ਦੀ ਉਮੀਦ ਸੀ, ਪਰੰਤੂ ਉਨਾਂ ਨੇ ਕਪੂਰਥਲਾ ਵਿੱਚ ਰੋਜ਼ਗਾਰ ਦੇਣ ਦਾ ਡਰਾਮਾ ਕਰਕੇ ਆਪਣੇ ਨਾਪਾਕ ਮਨਸੂਬੇ ਸਪਸ਼ਟ ਕਰ ਦਿੱਤੇ ਹਨ ।

 

ਕਾਂਗਰਸ ਨੇ ਪੰਜਾਬ ਵਿਚ 50 ਲੱਖ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਸੀ, ਪਰੰਤੂ ਬੀਤੇ ਦਿਨਾਂ ਦੌਰਾਨ ਮੁੱਖ ਮੰਤਰੀ ਚੰਨੀ ਨੇ ਇਸ ਅੰਕੜੇ ਦੇ ਦਾਅਵੇ ਅਤੇ ਗਰਿਮਾ ਨੂੰ ਸਿਰਫ਼ ਇੱਕ ਲੱਖ ਨੌਕਰੀ ਦੇਣ ਦੀ ਖੋਖਲੀ ਘੋਸ਼ਣਾ ਕਰਕੇ ਨੌਜਵਾਨਾਂ ਦਾ ਭਰੋਸਾ ਗੁਆ ਲਿਆ। ਦਿਨੇਸ਼ ਚੱਢਾ ਨੇ ਕਿਹਾ ਕਿ ਸਾਲ 2022 ਵਿੱਚ 'ਆਪ' ਦੀ ਸਰਕਾਰ ਬਣੇਗੀ ਤਾਂ ਪਾਰਟੀ ਰੋਜ਼ਗਾਰ ਪੈਦਾ ਕਰਨ ਲਈ ਨੌਜਵਾਨਾਂ ਨਾਲ ਚਰਚਾ ਕਰੇਗੀ ਅਤੇ ਇੱਕ ਵਿਆਪਕ ਰੋਡ ਮੈਪ ਤਿਆਰ ਕਰੇਗੀ। ਚੱਢਾ ਨੇ ਪੰਜਾਬ ਵਿੱਚ ਸਾਰੇ ਕਮਾਈ ਦੇ ਸੰਸਾਧਨਾਂ 'ਤੇ ਆਗੂਆਂ ਅਤੇ ਮੰਤਰੀਆਂ ਦਾ ਕਬਜ਼ਾ ਹੋਣ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰੋਜ਼ਗਾਰ ਪੈਦਾ ਕਰਨ ਲਈ ਸਭ ਤੋਂ ਪਹਿਲਾਂ ਮਾਫੀਆ ਰਾਜ ਨੂੰ ਖ਼ਤਮ ਕਰਨਾ ਜ਼ਰੂਰੀ ਹੈ।  'ਆਪ' ਦੀ ਸਰਕਾਰ ਬਣਨ ਉੱਤੇ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।

ਇਸ ਤਰਾਂ ਖੋਲੀ ਪੰਜਾਬ ਸਰਕਾਰ ਦੀ ਪੋਲ
ਦਿਨੇਸ਼ ਚੱਢਾ ਨੇ ਪੰਜਾਬ ਸਰਕਾਰ ਦੇ ਪੋਰਟਲ ਅਤੇ ਵੈੱਬਸਾਈਟ ਤੋਂ ਲਏ ਗਏ ਮੋਬਾਈਲ ਨੰਬਰਾਂ ਉੱਤੇ ਫ਼ੋਨ ਕੀਤਾ। ਇਹਨਾਂ ਵਿੱਚ ਰੋਹਤਕ ਅਤੇ ਪਰਵਾਣੂ ਦੀ ਐਮਟੀ ਆਟੋਕਰਾਫਟ ਫ਼ਰਮ ਦੇ ਮਾਲਕ ਨੂੰ ਫ਼ੋਨ ਕਰ ਪੁੱਛਿਆ ਕਿ ਕੀ ਤੁਹਾਡੇ ਕੋਲ ਨੌਕਰੀਆਂ ਲਈ 120 ਖ਼ਾਲੀ ਪੋਸਟਾਂ ਹਨ ਤਾਂ ਇਸ ਉੱਤੇ ਐਮਟੀ ਆਟੋਕਰਾਫਟ ਦੇ ਮਾਲਕ ਨੇ ਅਜਿਹਾ ਕੋਈ ਇਸ਼ਤਿਹਾਰ ਨਾ ਦੇਣ ਬਾਰੇ ਅਤੇ ਜਾਣਕਾਰੀ ਨੂੰ ਝੂਠਾ ਦੱਸਿਆ ।

ਇਸੇ ਤਰਾਂ ਜੈ ਸ਼੍ਰੀ ਪੋਲੀਮਰ ( ਪੂਨੇ)  ਦਾ ਨਾਮ ਵੀ ਪੋਰਟਲ ਉੱਤੇ ਹੈ,  ਜਿੱਥੇ ਕਰੀਬ 400 ਮਕੈਨਿਕ ਸਿਖਲਾਈ ਦੀ ਜ਼ਰੂਰਤ ਦੱਸੀ ਗਈ, ਪਰੰਤੂ ਫ਼ਰਮ ਦੇ ਮਾਲਕ ਨੇ ਦਿਨੇਸ਼ ਚੱਢਾ ਨੂੰ ਹੈਰਾਨ ਹੋ ਕੇ ਜਵਾਬ ਦਿੱਤਾ ਕਿ ਕੀ ਪੰਜਾਬ ਸਰਕਾਰ ਨੂੰ ਹੁਣ ਸਾਡੇ ਮਾਧਿਅਮ ਰਾਹੀਂ ਚੱਲੇਗੀ ?
ਇਸ ਪ੍ਰਕਾਰ ਦਾ ਜਵਾਬ ਪਠਾਨਕੋਟ ਦੇ ਸ਼ਾਇਨ-ਵੇ-ਸਾਫਟਵੇਅਰ ਸਲਿਊਸ਼ਨ ਵਿੱਚ ਟੈਕਨੀਕਲ ਮਾਹਿਰ  ਦੇ 30 ਪੋਸਟਾਂ ਖ਼ਾਲੀ ਹੋਣ ਦੇ ਸੰਬੰਧ ਵਿੱਚ ਮਿਲਿਆ । ਫ਼ਰਮ ਦੇ ਮਾਲਕ ਨੇ ਕਿਹਾ ਕਿ ਉਨਾਂ  ਕੋਲ 3 ਲੋਕਾਂ ਨੂੰ ਬਿਠਾਉਣ ਦੀ ਥਾਂ ਵੀ ਨਹੀਂ ਹੈ ਤਾਂ ਉਹ 7500 ਰੁਪਏ ਮਾਸਿਕ ਤਨਖ਼ਾਹ  ਦੇ ਨਾਲ 30 ਲੋਕਾਂ ਨੂੰ ਕਿੱਥੇ ਅਤੇ ਕਿਉਂ ਬਿਠਉਣਗੇ ?