ਲੋਕ ਸਭਾ ਚੋਣਾਂ 2024 ਵਿਚ ਭਾਜਪਾ ਦੋ-ਤਿਹਾਈ ਬਹੁਮਤ ਨਾਲ ਸਰਕਾਰ ਬਣਾਵੇਗੀ - ਬੀਬੀ ਰਾਮੂੰਵਾਲੀਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਇਹ ਸੋਚ ਹੈ ਕਿ ਭਾਰਤ ਨੂੰ ਗਰੀਬੀ ਮੁਕਤ ਕਰ ਗਰੀਬਾਂ ਨੂੰ ਸਨਮਾਨ ਦੀ ਜ਼ਿੰਦਗੀ ਤੇ ਹਰੇਕ ਸੁੱਖ ਸਹੂਲਤ ਦਿੱਤੀ ਜਾਵੇ
ਮੁਹਾਲੀ - ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਕਮੇਟੀ ਮੈਂਬਰ ਅਤੇ ਪੰਜਾਬ ਭਾਜਪਾ ਦੀ ਕੋਰ ਕਮੇਟੀ ਮੈਂਬਰ ਅਮਨਜੋਤ ਕੌਰ ਰਾਮੂੰਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਲੀਡਰ ਸਿਰਫ਼ ਗੱਲਾਂ ਕਰਦੇ ਪਰ ਕੁਝ ਕੰਮ ਕਰ ਇਤਿਹਾਸ ਸਿਰਜਦੇ ਹਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 27 ਸਾਲਾਂ ਤੋਂ ਮਿੱਟੀ ਕੀਤੇ ਔਰਤਾਂ ਦੇ ਰਾਖਵੇਂਕਰਨ ਬਿੱਲ ਨੂੰ ਸੰਸਦ 'ਚ ਪਾਸ ਕਰਵਾ ਕੇ ਸਮੂਹ ਨਾਰੀ ਜਾਤੀ ਨੂੰ ਸਨਮਾਨ ਦੇ ਇਤਿਹਾਸ ਵਿਚ ਸ਼ਾਮਲ ਕੀਤਾ ਹੈ। ਇਸ ਗੱਲ 'ਤੇ ਜਿਨਾਂ ਮਾਣ ਕੀਤਾ ਜਾਵੇ ਉਹ ਘੱਟ ਹੈ।
ਬੀਬੀ ਰਾਮੂੰਵਾਲੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਇਹ ਸੋਚ ਹੈ ਕਿ ਭਾਰਤ ਨੂੰ ਗਰੀਬੀ ਮੁਕਤ ਕਰ ਗਰੀਬਾਂ ਨੂੰ ਸਨਮਾਨ ਦੀ ਜ਼ਿੰਦਗੀ ਤੇ ਹਰੇਕ ਸੁੱਖ ਸਹੂਲਤ ਦਿੱਤੀ ਜਾਵੇ। ਇਸ ਤਹਿਤ ਪ੍ਰਧਾਨ ਮੰਤਰੀ ਜੀ ਨੇ ਵੱਖ ਵੱਖ ਯੋਜਨਾਵਾਂ ਤਹਿਤ ਪੱਕੇ ਮਕਾਨ ,ਹਰੇਕ ਘਰ 'ਚ ਗੈਸ ਚੁੱਲਾ, ਹਰ ਘਰ ਬਿਜਲੀ ਅਤੇ ਪਾਣੀ ਮੁੱਹਈਆ ਕਰਾ ਕੇ ਇਹ ਸਾਬਤ ਕਰ ਦਿੱਤਾ ਕਿ ਜਿੱਥੇ ਰਾਜਾ ਇਮਾਨਦਾਰ ਹੋਵੇ ਉੱਥੇ ਪਰਜਾ ਖੁਸ਼ਹਾਲ ਹੁੰਦੀ ਹੈ।
ਬੀਬੀ ਰਾਮੂੰਵਾਲੀਆ ਨੇ ਕਿਹਾ ਕਿ ਕਾਂਗਰਸ ਨਾਲ ਜਿੰਨੀਆਂ ਮਰਜੀ ਵਿਰੋਧੀ ਪਾਰਟੀਆਂ ਜੁੜ ਕੇ ਗਠਜੋੜ ਬਣਾ ਲੈਣ, ਲੋਕਾਂ ਨੇ ਮੁੜ ਤੀਜੀ ਵਾਰ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਹੀ ਚੁਣਨਾ ਹੈ ਕਿਉਂਕਿ ਇਮਾਨਦਾਰੀ ਦੇ ਵਾਵਰੋਲੇ ਅੱਗੇ, ਭ੍ਰਿਸ਼ਟਾਚਾਰ 'ਚ ਲਿਪਤ ਕੁੱਪ ਨਹੀਂ ਠਹਿਰ ਸਕਦੇ। ਇਸ ਲਈ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੋ-ਤਿਹਾਈ ਬਹੁਮਤ ਨਾਲ ਸਰਕਾਰ ਬਣਾਵੇਗੀ।