ਸੰਦੀਪ ਸਿੰਘ ਦਾ ਕੇਸ ਲੜ ਰਹੇ ਵਕੀਲ ਘੁੰਮਣ ਭਰਾਵਾਂ ਉੱਤੇ ਦਬਾਅ ਪਾਉਣ ਦੀ ਕਾਰਗੁਜ਼ਾਰੀ ਨਿੰਦਣਯੋਗ: ਜਥੇਦਾਰ ਗੜਗੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

“ਦਬਾਅ ਬਣਾਉਣ ਵਾਲੀ ਕਾਰਵਾਈ ਨਿਆਂਪੂਰਣ ਨਹੀਂ ਪੱਖਪਾਤੀ ਹੈ”

The pressure exerted on the lawyers Ghuman brothers fighting Sandeep Singh's case is condemnable: Jathedar Gargajj

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਰੂਰ ਜੇਲ੍ਹ ਵਿੱਚ ਨਜ਼ਰਬੰਦ ਸੰਦੀਪ ਸਿੰਘ ਵਾਸੀ ਅੰਮ੍ਰਿਤਸਰ ਦਾ ਕੇਸ ਲੜ ਰਹੇ ਵਕੀਲ ਘੁੰਮਣ ਭਰਾਵਾਂ ਉੱਤੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਦਬਾਅ ਬਣਾਉਣ ਦੀ ਨੀਤੀ ਨੂੰ ਅਤਿ ਨਿੰਦਣਯੋਗ ਤੇ ਪੱਖਪਾਤ ਵਾਲੀ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਦੀਪ ਸਿੰਘ ਵਿਰੁੱਧ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਸ ਬਾਰੇ ਆਪਣਾ ਪੱਖ ਰੱਖਣ ਲਈ ਉਸ ਨੂੰ ਕਿਸੇ ਵੀ ਵਕੀਲ ਦਾ ਸਾਥ ਲੈਣ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਘੁੰਮਣ ਭਰਾਵਾਂ ਉੱਤੇ ਦਬਾਅ ਬਣਾਉਣ ਵਾਲੀ ਕਾਰਵਾਈ ਸਰਕਾਰੀ ਨੀਤੀ ਦਾ ਹਿੱਸਾ ਜਾਪਦੀ ਹੈ, ਜੋ ਕਿ ਨਿਆਂਪੂਰਣ ਨਹੀਂ ਪੱਖਪਾਤੀ ਹੈ। ਉਨ੍ਹਾਂ ਕਿਹਾ ਕਿ ਸੰਦੀਪ ਸਿੰਘ ਉੱਤੇ ਜੇਲ੍ਹ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਤਸ਼ੱਦਦ ਕੀਤੇ ਜਾਣ ਤੋਂ ਬਾਅਦ, ਅਦਾਲਤ ਦੇ ਆਦੇਸ਼ਾਂ ਦੇ ਬਾਵਜੂਦ ਵੀ ਸ਼ੁਰੂਆਤ ਵਿੱਚ ਉਸਦੀ ਮੈਡੀਕਲ ਜਾਂਚ ਨਹੀਂ ਕਰਵਾਈ ਜਾ ਰਹੀ ਸੀ, ਜਿਸ ਵਿਰੁੱਧ ਸਿੱਖਾਂ ਨੇ ਸਖ਼ਤ ਰੋਸ ਪ੍ਰਗਟਾਇਆ ਅਤੇ ਇਸ ਢਿੱਲੀ ਕਾਰਗੁਜ਼ਾਰੀ ਦੀ ਚਾਰੇ ਪਾਸਿਓਂ ਨਿੰਦਾ ਹੋਈ।

ਉਨ੍ਹਾਂ ਕਿਹਾ ਕਿ ਕੁਝ ਸਿੱਖ ਜਥੇਬੰਦੀਆਂ ਨੂੰ ਜੇਲ੍ਹ ਤੇ ਪੁਲਿਸ ਪ੍ਰਸ਼ਾਸਨ ਦੇ ਵਿਰੁੱਧ ਧਰਨਾ ਵੀ ਦੇਣਾ ਪਿਆ ਅਤੇ ਅਜਿਹੇ ਹਾਲਾਤ ਵਿੱਚ ਜੇਕਰ ਸ. ਸੰਦੀਪ ਸਿੰਘ ਦੇ ਵਕੀਲ ਘੁੰਮਣ ਭਰਾਵਾਂ ਨੇ ਮੀਡੀਆ ਰਾਹੀਂ ਉਸ ਉੱਤੇ ਕੀਤੇ ਗਏ ਤਸ਼ੱਦਦ ਬਾਰੇ ਜਾਣਕਾਰੀ ਪੰਜਾਬ ਦੇ ਲੋਕਾਂ ਨਾਲ ਸਾਂਝੀ ਕੀਤੀ ਹੈ ਤਾਂ ਇਸ ਵਿੱਚ ਕੁਝ ਵੀ ਗਲਤ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਸੰਦੀਪ ਸਿੰਘ ਉੱਤੇ ਕੀਤੇ ਗਏ ਤਸ਼ੱਦਦ ਦੀ ਜਾਣਕਾਰੀ ਜਨਤਕ ਨਾ ਹੁੰਦੀ ਤਾਂ ਉਸ ਦੇ ਅਧਿਕਾਰਾਂ ਦੀ ਉਲੰਘਣਾ ਜਾਰੀ ਰਹਿਣੀ ਸੀ ਤੇ ਇਹ ਉਸ ਨਾਲ ਅਨਿਆਂ ਹੁੰਦਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਨਜ਼ਰਬੰਦ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰੇ ਨਾ ਕਿ ਉਨ੍ਹਾਂ ਉੱਤੇ ਤਸ਼ੱਦਦ ਨੂੰ ਖੁੱਲ੍ਹ ਦੇਵੇ ਜਾਂ ਅਜਿਹੀ ਕਾਰਵਾਈ ਉੱਤੇ ਪਰਦਾ ਪਾਵੇ। ਜਥੇਦਾਰ ਗੜਗੱਜ ਨੇ ਕਿਹਾ ਕਿ ਘੁੰਮਣ ਭਰਾ ਡਟ ਕੇ ਸੰਦੀਪ ਸਿੰਘ ਦਾ ਕੇਸ ਲੜਣ ਅਤੇ ਸਮੁੱਚੀ ਸਿੱਖ ਕੌਮ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਨ੍ਹਾਂ ਦਾ ਨਾਲ ਖੜ੍ਹਾ ਹੈ।

ਉਨ੍ਹਾਂ ਬੀਤੇ ਦਿਨੀਂ ਪੰਜਾਬ ਹਰਿਆਣਾ ਉੱਚ ਅਦਾਲਤ ਵਿਖੇ ਇੱਕ ਗੁਰਸਿੱਖ ਵਕੀਲ ਐਡਵੋਕੇਟ ਸਿਮਰਜੀਤ ਸਿੰਘ ਉੱਤੇ ਕੁਝ ਵਕੀਲਾਂ ਵੱਲੋਂ ਕੀਤੇ ਗਏ ਹਮਲੇ ਦੀ ਵੀ ਕਰੜੀ ਨਿੰਦਾ ਕੀਤੀ ਤੇ ਇਸ ਘਟਨਾ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦਾ ਗੱਲ ਆਖੀ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪੁਲਿਸ ਵੱਲੋਂ ਐਡਵੋਕੇਟ ਸਿਮਰਜੀਤ ਸਿੰਘ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦਕਿ ਸੰਦੀਪ ਸਿੰਘ ਦੇ ਮਾਮਲੇ ਵਿੱਚ ਦਬਾਅ ਬਣਾਉਣ ਦੀ ਨੀਤੀ ਉੱਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਨਾਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉੱਤੇ ਸ਼ੰਕੇ ਖੜ੍ਹੇ ਹੁੰਦੇ ਹਨ।