ਕੈਪਟਨ ਸਰਕਾਰ ਖੇਤੀ ਬਿਲਾਂ ਦੇ ਮਤੇ 'ਤੇ ਲੱਡੂ ਵੰਡਦੀ ਫਿਰਦੀ ਹੈ, ਪਰ ਕਿਸਾਨ ਅਜੇ ਵੀ ਧਰਨਿਆਂ 'ਤੇ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਸਰਕਾਰ ਖੇਤੀ ਬਿਲਾਂ ਦੇ ਮਤੇ 'ਤੇ ਲੱਡੂ ਵੰਡਦੀ ਫਿਰਦੀ ਹੈ, ਪਰ ਕਿਸਾਨ ਅਜੇ ਵੀ ਧਰਨਿਆਂ 'ਤੇ ਬੈਠੇ ਨੇ : ਭਗਵੰਤ ਮਾਨ

image

ਬਠਿੰਡਾ (ਦਿਹਾਤੀ), 23 ਅਕਤੂਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਅਤੇ ਹਰਿਆਣਾ ਨੂੰ ਛੱਡ ਕੇ ਪੂਰੇ ਦੇਸ਼ ਅੰਦਰ ਤਿੰਨੇ ਖੇਤੀ ਬਿਲਾਂ ਨੂੰ ਲਾਗੂ ਕਰ ਦੇਵੇ, ਜੇਕਰ ਸੱਚਮੁੱਚ ਹੀ ਦੋ ਵਰ੍ਹਿਆਂ ਵਿਚ ਦੇਸ਼ ਅੰਦਰ ਕ੍ਰਾਂਤੀ ਆ ਗਈ ਤਦ ਪੰਜਾਬ ਅਤੇ ਹਰਿਆਣਾ ਵਾਲੇ ਵੀ ਇਸ ਕ੍ਰਾਂਤੀ ਦਾ ਹਿੱਸਾ ਬਣਨ ਲਈ ਖ਼ੁਦ ਤਿਆਰ ਹੋਣਗੇ, ਆੜ੍ਹਤੀਏ ਅਤੇ ਕਿਸਾਨ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਪਰ ਭਾਜਪਾ ਆੜ੍ਹਤੀਏ ਨੂੰ ਵਿਚੋਲਾ ਜਾਂ ਦਲਾਲ ਦਸਣ ਲੱਗ ਪਈ ਹੈ, ਜੋ ਆੜ੍ਹਤੀਆਂ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ ਜਦਕਿ ਅਸਲੀਅਤ ਇਹ ਹੈ ਕਿ ਆੜ੍ਹਤੀਆਂ ਕਿਸਾਨ ਦੀ ਹਰ ਵੇਲੇ ਖੁਲ੍ਹੀ ਰਹਿਣ ਵਾਲੀ ਬੈਂਕ ਹੈ, ਜਿਸ ਤੋਂ ਉਹ ਅਪਣੀਆਂ ਘਰੇਲੂ ਅਤੇ ਸਮਾਜਕ ਲੋੜਾਂ ਲਈ ਕਿਸੇ ਵੇਲੇ ਵੀ ਉਧਾਰ ਲੈ ਸਕਦਾ ਹੈ, ਪਰ ਕੇਂਦਰ ਸਰਕਾਰ ਵਲੋਂ ਆੜ੍ਹਤੀਏ ਨੂੰ ਵਿਚੋਲੀਏ ਵਰਗਾ ਨਾਂਅ ਦੇਣਾ ਸ਼ਰਮਸਾਰ ਕਰਨ ਵਾਲੀ ਕਾਰਵਾਈ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਆਪ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਮੋੜ ਵਿਖੇ ਅਨਾਜ ਮੰਡੀ ਵਿਚ ਨਰਮੇਂ ਦੀ ਫ਼ਸਲ ਦਾ ਜਾਇਜ਼ਾ ਕਰਨ ਉਪਰੰਤ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਖੇਤੀ ਬਿਲਾਂ ਦੇ ਵਿਰੋਧ ਵਿਚ ਪਾਇਆ ਮਤਾ ਸਿਰਫ ਇਕ ਡਰਾਮੇ ਤੋ ਵੱਧ ਕੁਝ ਨਹੀਂ, ਕਿਉਂਕਿ ਅਸਲੀਅਤ ਇਹ ਹੈ ਕਿ ਬਿਲਾਂ ਉਪਰ ਰਾਸ਼ਟਰਪਤੀ ਦੇ ਦਸਤਖ਼ਤਾਂ ਤੋਂ ਬਗੈਰ ਉਨ੍ਹਾਂ ਦੀ ਕੋਈ ਅਹਿਮੀਅਤ ਨਹੀਂ ਅਤੇ ਰਾਸ਼ਟਰਪਤੀ ਦੇ ਦਸਤਖ਼ਤ ਹੋਣਾ ਮਤੇ ਉਪਰ ਅਸੰਭਵ ਹਨ। ਉਨ੍ਹਾਂ ਕੈਪਟਨ ਸਰਕਾਰ ਬਾਰੇ ਇਹ ਵੀ ਕਿਹਾ ਕਿ ਕੈਪਟਨ ਮੁੜ ਸੈਸ਼ਨ ਬੁਲਾ ਕੇ ਘੱਟੋ ਘੱਟ ਸਮੱਰਥਣ ਮੁੱਲ ਨੂੰ ਯਕੀਨੀ ਬਣਾਉਣ ਫੇਰ ਹੀ ਪੰਜਾਬ ਦੇ ਕਿਸਾਨ ਦਾ ਸੀਨਾ ਠਰੇਗਾ, ਪਰ ਜੇਕਰ ਕੇਪਟਨ ਸਰਕਾਰ ਤੋਂ ਐਮ.ਐਸ.ਪੀ ਯਕੀਨੀ ਨਹੀਂ ਬਣਾਈ ਜਾਂਦੀ ਤਦ ਕੁਰਸੀਉਂ ਲਾਂਭੇਂ ਹੋ ਜਾਣ, ਸਾਨੂੰ ਸਰਕਾਰ ਚਲਾਉਣੀ ਆਉਂਦੀ ਹੈ।
ਉਨ੍ਹਾਂ ਕੈਪਟਨ ਸਰਕਾਰ ਵਲੋਂ ਪੰਜਾਬ ਅੰਦਰ ਮਤੇ ਉਪਰੰਤ ਲੱਡੂ ਵੰਡ ਕੇ ਖ਼ੁਸ਼ੀਆਂ ਮਨਾਉਣ 'ਤੇ ਵਿਅੰਗ ਕਸਦਿਆਂ ਕਿਹਾ ਕਿ ਪੰਜਾਬ ਦਾ ਅਸਲ ਕਿਸਾਨ ਤਾਂ ਅਜੇ ਵੀ ਧਰਨਿਆਂ-ਮੁਜ਼ਾਹਰਿਆਂ ਉਪਰ ਬੈਠਾ ਹੈ, ਫੇਰ ਭਲਾ ਇਹ ਕਿਸ ਗੱਲ ਦੀ ਖ਼ੁਸ਼ੀ ਮਨਾ ਰਹੇ ਹਨ। ਇਸ ਮੌਕੇ ਪ੍ਰੋ ਬਲਜਿੰਦਰ ਕੌਰ ਵਿਧਾਇਕਾ ਤਲਵੰਡੀ, ਨਵਦੀਪ ਸਿੰਘ ਜੀਦਾ ਐਡਵੋਕੈਟ ਜਿਲਾ ਪ੍ਰਧਾਨ ਸ਼ਹਿਰੀ, ਨੀਲ ਗਰਗ ਆਪ ਆਗੂ ਆਦਿ ਹਾਜ਼ਰ ਸਨ।

ਡੱਬੀ
ਭਗਵੰਤ ਮਾਨ ਦੀ ਫੇਰੀ ਵੇਲੇ ਕੋਈ ਸੀ.ਸੀ.ਆਈ ਅਧਿਕਾਰੀ ਨਾ ਪੁਜਿਆ
'ਆਪ' ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਵਲੋਂ ਬੇਸ਼ੱਕ ਇਕ ਦਿਨ ਪਹਿਲਾ ਹੀ ਮੋੜ ਵਿਖੇ 1.30 ਵਜੇ ਨਰਮੇਂ ਦੀ ਖ਼ਰੀਦ ਦਾ ਜਾਇਜ਼ਾ ਲੈਣ ਲਈ ਜਾਣ ਦਾ ਐਲਾਣ ਕਰ ਦਿਤਾ ਸੀ ਪਰ ਭਗਵੰਤ ਮਾਨ ਦੇ ਹਾਜ਼ਰ ਹੋਣ ਵੇਲੇ ਕੋਈ ਵੀ ਭਾਰਤੀ ਕਪਾਹ ਨਿਗਮ (ਸੀ.ਸੀ.ਆਈ) ਦਾ ਅਧਿਕਾਰੀ ਉਥੇ ਮੌਜੂਦ ਨਹੀਂ ਸੀ ਅਤੇ ਭਗਵੰਤ ਮਾਨ ਢੇਰੀਆਂ ਵਿਚ ਹੱਥ ਮਾਰ ਕੇ ਬਗੈਰ ਬੋਲੀ ਕਰਵਾਏ ਹੀ ਚਲੇ ਗਏ। ਉਧਰ ਸੀ.ਸੀ.ਆਈ ਦੇ ਇੰਚਾਰਜ ਵਿਜੈ ਹਾਕਲਾ ਨੇ ਦਸਿਆਂ ਕਿ ਮੋੜ ਅੰਦਰ ਅੱਜ ਵੀ 1700 ਕੁਇੰਟਲ ਦੇ ਕਰੀਬ ਨਰਮੇ ਦੀ ਖ਼ਰੀਦ ਕੀਤੀ ਗਈ ਹੈ, ਜਦਕਿ ਖ਼ਰੀਦ ਨਿਰੰਤਰ ਜਾਰੀ ਹੈ, ਪਰ ਕੋਣ ਆਇਆ ਕੋਣ ਗਿਆ ਇਸ ਬਾਰੇ ਸਾਨੂੰ ਕੋਈ ਮਤਲਬ ਨਹੀਂ ਅਸੀਂ ਸਿਰਫ ਕਿਸਾਨਾਂ ਦਾ ਨਰਮਾ ਸਰਕਾਰੀ ਹਦਾਇਤਾਂ ਤਹਿਤ ਖ਼ਰੀਦਣਾ ਹੈ ਅਤੇ 10 ਵਜੇ ਸਵੇਰ ਤੋਂ 11 ਵਜੇ ਤਕ ਨਰਮੇਂ ਦੀ ਨਿਰੰਤਰ ਬੋਲੀ ਹੋਈ ਹੈ।    
23-1ਏ


ਭਾਜਪਾ ਆਗੂਆਂ ਵਲੋਂ ਆੜ੍ਹਤੀਏ ਨੂੰ ਵਿਚੋਲੀਆਂ ਜਾਂ ਦਲਾਲ ਦਸਣਾ ਮੰਦਭਾਗਾ