ਮੋਗਾ ਰੇਲਵੇ ਸਟੇਸ਼ਨ ਤੋਂ ਛੂਕਦੀ ਲੰਘੀ ਅਡਾਨੀ ਐਗਰੋ ਦੀ ਮਾਲ ਗੱਡੀ, ਤੁਰੰਤ ਐਕਸ਼ਨ ਮਗਰੋਂ ਲਾਏ ਡੇਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿੱਚ ਮਾਲ ਗੱਡੀਆਂ ਨੂੰ ਛੋਟ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਅਡਾਨੀ ਦੇ ਮਾਲ ਡੱਬੇ ਪੰਜਾਬ ਵਿੱਚ ਛੂਕਦੇ ਫਿਰਨਗੇ।

moga

ਮੋਗਾ- ਪੰਜਾਬ 'ਚ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਲੋਂ ਰੋਸ ਜਾਰੀ ਹੈ। ਪਰ ਹੁਣ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਤਹਿਤ ਕਿਸਾਨ ਜਥੇਬੰਦੀਆਂ ਨੇ ਕੋਲੇ ਤੇ ਖਾਦਾਂ ਆਦਿ ਦੀ ਢੋਆ ਢੁਆਈ ਲਈ ਮਾਲ ਗੱਡੀਆਂ ਚੱਲਣ ਦੀ ਇਜਾਜ਼ਤ ਦਿੱਤੀ ਸੀ। ਇਸ ਛੋਟ ਦੇ ਚਲਦੇ ਮੋਗਾ 'ਚ ਮਾਲ ਗੱਡੀਆਂ ਨੂੰ ਲੈ ਕੇ ਵੱਡਾ ਹੰਗਾਮਾ ਹੋਇਆ।

ਇਸ ਦੌਰਾਨ  ਮੋਗਾ ਰੇਲਵੇ ਸਟੇਸ਼ਨ ਉੱਤੋਂ ਦੀ ਲੁਧਿਆਣਾ ਵੱਲੋਂ ਆਈ ਅਦਾਨੀ ਐਗਰੋ ਦੀ ਮਾਲ ਗੱਡੀ ਪੂਰੀ ਰਫ਼ਤਾਰ ਨਾਲ ਸੇਲੋ ਪਲਾਂਟ ਡਗਰੂ ਵੱਲ ਦੌੜ ਗਈ। ਇਸ ਤੋਂ ਬਾਅਦ ਪੱਕੇ ਮੋਰਚੇ ਦੇ ਵਰਕਰਾਂ ਨੇ ਤੁਰੰਤ ਐਕਸ਼ਨ ਲੈਂਦਿਆਂ ਟਰੇਨ ਦੇ ਮਗਰ ਹੀ ਮੋਟਰਸਾਈਕਲਾਂ ਅਤੇ ਟਰੈਕਟਰ ਟਰਾਲੀਆਂ ਰਾਹੀਂ ਅਦਾਨੀ ਐਗਰੋ ਦੀਆਂ ਰੇਲਵੇ ਲਾਈਨਾਂ ਉੱਤੇ ਜਾ ਡੇਰੇ ਲਾਏ। 

ਸੂਚਨਾ ਮਿਲਦੇ ਹੀ ਜ਼ਿਲ੍ਹੇ ’ਚ ਹੋਰਨਾਂ ਥਾਵਾਂ ਉੱਤੇ ਧਰਨੇ ਲਾਈ ਬੈਠੇ ਕਿਸਾਨ ਆਗੂ ਵੀ ਮੌਕੇ ਉੱਤੇ ਪਹੁੰਚ ਗਏ। ਕਿਸਾਨਾਂ ਨੇ ਅਡਾਨੀ ਪਲਾਂਟ ਦਾ ਗੇਟ ਬੰਦ ਕਰਕੇ ਮਾਲ ਗੱਡੀ ਅੰਦਰ ਡੱਕ ਲਈ। ਇਸ ਦੌਰਾਨ ਸਥਾਨਕ ਸਿਵਲ ਤੇ ਪੁਲੀਸ ਅਧਿਕਾਰੀ ਮੌਕੇ ਉੱਤੇ ਪੁੱਜੇ ਅਤੇ ਅਡਾਨੀ ਪਲਾਂਟ ਪ੍ਰਬੰਧਕਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਇਥੋਂ ਅਨਾਜ ਲੋਡ ਨਹੀਂ ਕੀਤਾ ਜਾਵੇਗਾ।

ਇਸ ਦੌਰਾਨ ਰੇਲਵੇ ਲਾਈਨਾਂ ਉੱਤੇ ਖੜੇ ਅਦਾਨੀ ਐਗਰੋ ਦੇ ਡੱਬਿਆਂ ਉੱਤੇ ਚੜ੍ਹ ਕੇ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। ਅਨਾਜ਼ ਸਟੋਰ ਕਰਨ ਵਾਲੇ ਸੇਲੋ ਪਲਾਂਟ ਅੰਦਰ ਗਏ ਡੱਬਿਆਂ ਨੂੰ ਅੰਦਰੇ ਹੀ ਡੱਕ ਦਿੱਤਾ ਗਿਆ। ਇਸ ਮੌਕੇ ਹਾਜ਼ਰ ਕਿਸਾਨ ਆਗੂਆਂ ਸੂਰਤ ਸਿੰਘ ਧਰਮਕੋਟ, ਬਲਵੰਤ ਸਿੰਘ ਬ੍ਰਹਮਕੇ, ਸੁਖਜਿੰਦਰ ਸਿੰਘ ਖੋਸਾ, ਬਲੌਰ ਸਿੰਘ ਘੱਲਕਲਾਂ, ਸੁਖਚੈਨ ਸਿੰਘ ਰਾਮਾ, ਨਿਰੰਜਨ ਸਿੰਘ ਉਮਰੀਆਣਾ ਨੇ ਕਿਹਾ ਕਿ ਪੰਜਾਬ ਵਿੱਚ ਮਾਲ ਗੱਡੀਆਂ ਨੂੰ ਛੋਟ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਅਦਾਨੀ ਦੇ ਮਾਲ ਡੱਬੇ ਪੰਜਾਬ ਵਿੱਚ ਛੂਕਦੇ ਫਿਰਨਗੇ।